ਕਰਮਚਾਰੀਆਂ ਦੀ ਹੜਤਾਲ ਨਾਲ ਬੈਂਕਿੰਗ ਸੇਵਾਵਾਂ ਪ੍ਰਭਾਵਿਤ

ਏਜੰਸੀ

ਖ਼ਬਰਾਂ, ਰਾਸ਼ਟਰੀ

10 ਲੱਖ ਕਰਮਚਾਰੀਆਂ ਨੇ ਲਿਆ ਹੜਤਾਲ 'ਚ ਹਿੱਸਾ

file photo

ਨਵੀਂ ਦਿੱਲੀ : ਬੈਂਕ ਕਰਮਚਾਰੀਆਂ ਦੀ ਦੋ ਦਿਨਾਂ ਦੇਸ਼ਵਿਆਪੀ ਹੜਤਾਲ ਕਾਰਨ ਜਨਤਕ ਖੇਤਰ ਦੇ ਬੈਂਕਾਂ ਵਿਚ ਨਕਦੀ ਨਿਕਾਸੀ ਅਤੇ ਜਮ੍ਹਾਂ ਸਮੇਤ ਹੋਰ ਸੇਵਾਵਾਂ ਪ੍ਰਭਾਵਤ ਹੋਈਆਂ। ਬੈਂਕ ਕਰਮਚਾਰੀਆਂ ਦੇ ਸੰਗਠਨ ਤਨਖਾਹ ਵਾਧੇ ਦੀ ਮੰਗ ਨੂੰ ਲੈ ਕੇ 31 ਜਨਵਰੀ ਤੋਂ ਦੋ ਰੋਜ਼ਾ ਹੜਤਾਲ 'ਤੇ ਹਨ।

ਹਾਲਾਂਕਿ, ਆਈ ਸੀ ਆਈ ਸੀ ਆਈ ਬੈਂਕ ਅਤੇ ਐਚ ਡੀ ਐਫ਼ ਸੀ ਬੈਂਕ ਵਰਗੇ ਨਿਜੀ ਖੇਤਰ ਦੇ ਬੈਂਕ ਖੁਲ੍ਹੇ ਹਨ। ਭਾਰਤੀ ਸਟੇਟ ਬੈਂਕ ਸਮੇਤ ਵੱਖ ਵੱਖ ਬੈਂਕਾਂ ਨੇ ਅਪਣੇ ਗਾਹਕਾਂ ਨੂੰ ਪਹਿਲਾਂ ਹੀ ਸੂਚਤ ਕਰ ਦਿਤਾ ਹੈ ਕਿ ਹੜਤਾਲ ਕਾਰਨ ਬੈਂਕਿੰਗ ਸੇਵਾਵਾਂ 'ਤੇ ਕੁਝ ਅਸਰ ਪਵੇਗਾ।

 ਬੈਂਕ ਕਰਮੀਆਂ ਦੀ ਹੜਤਾਲ ਨਾਲ ਨਕਦੀ ਜਮ੍ਹਾਂ ਅਤੇ ਨਿਕਾਸੀ, ਚੈੱਕ ਕਲੀਅਰੰਸ ਅਤੇ ਕਰਜ਼ਾ ਵੰਡ ਵਰਗੀਆਂ ਸੇਵਾਵਾਂ ਪ੍ਰਭਾਵਤ ਰਹੀਆਂ। ਜ਼ਿਕਰਯੋਗ ਹੈ ਕਿ ਬੈਂਕ ਐਤਵਾਰ ਸਮੇਤ ਲਗਾਤਾਰ ਤਿੰਨ ਦਿਨ ਬੰਦ ਰਹਿਣਗੇ। ਸਰਕਾਰੀ ਬੈਕਾਂ ਦੀ ਹੜਤਾਲ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਸ਼ੁਕਰਵਾਰ ਤੋਂ ਬਜਟ ਸੈਸ਼ਨ ਸ਼ੁਰੂ ਹੋ ਰਿਹਾ ਹੈ ਅਤੇ ਸਨਿਚਰਵਾਰ ਭਾਵ ਅੱਜ ਵਿੱਤੀ ਸਾਲ 2020-21 ਦਾ ਬਜਟ ਪੇਸ਼ ਕੀਤਾ ਜਾਣਾ ਹੈ।

 ਯੂਨਾਇਟਿਡ ਫ਼ੋਰਮ ਆਫ਼ ਬੈਂਕ ਯੂਨੀਅਨਜ਼ ਨੇ ਇਸ ਹੜਤਾਲ ਦਾ ਸੱਦਾ ਦਿਤਾ ਹੈ। ਇਹ ਆਲ ਇੰਡੀਆ ਬੈਂਕ ਆਫ਼ੀਸਰਜ਼ ਕਾਨਫ਼ੇਡਰੇਸ਼ਨ, ਆਲ ਇੰਡੀਆ ਬੈਂਕ ਇਮਪਲਾਈਜ਼ ਐਸੋਸੀਏਸ਼ਨ ਅਤੇ ਨੈਸ਼ਨਲ ਆਗੇਨਾਈਜ਼ੇਸ਼ਨ ਆਫ਼ ਬੈਂਕ ਵਰਕਰਜ਼ ਸਮੇਤ ਨੌ ਕਰਮਚਾਰੀ ਸੰਗਠਨਾਂ ਦਾ ਸਮੂਹ ਹੈ।

ਯੂਨੀਅਨ ਦਾ ਦਾਅਵਾ ਹੈ ਕਿ ਜਨਤਕ ਬੈਂਕਾਂ ਅਤੇ ਨਿਜੀ ਖੇਤਰ ਦੇ ਕੁਝ ਬੈਂਕਾਂ ਦੇ ਕਰੀਬ 10 ਲੱਖ ਕਰਮਚਾਰੀ ਅਤੇ ਅਧਿਕਾਰੀ ਹੜਤਾਲ ਵਿਚ ਹਿੱਸਾ ਲੈ ਰਹੇ ਹਨ। ਸ਼ੁਰੂਆਤੀ ਖ਼ਬਰਾਂ ਮੁਤਾਬਕ ਦੇਸ਼ ਦੇ ਕਈ ਹਿਸਿਆਂ ਵਿਚ ਜਨਤਕ ਖੇਤਰ ਦੇ ਬੈਂਕਾਂ ਦੀਆਂ ਬਰਾਂਚਾਂ ਬੰਦ ਹਨ। ਬੈਂਕ ਕਰਮਚਾਰੀਆਂ ਦੀ ਤਨਖਾਹ ਵਾਧੇ ਦਾ ਮਾਮਲਾ ਨਵੰਬਰ 2017 ਤੋਂ ਲਟਕ ਰਿਹਾ ਹੈ।