ਮਹਾਰਾਸ਼ਟਰ ਸਰਕਾਰ ਦਾ ਫੈਸਲਾ, ਧਰਮ ਦੀ ਪਰਵਾਹ ਕੀਤੇ ਬਿਨਾਂ ਹੋਵੇਗਾ ਲਾਸ਼ਾਂ ਦਾ ਅੰਤਿਮ ਸਸਕਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਰਤ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਆਏ ਦਿਨ ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵੀ ਵਧ ਰਹੀ ਹੈ।

Photo

ਮੁੰਬਈ: ਭਾਰਤ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਆਏ ਦਿਨ ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵੀ ਵਧ ਰਹੀ ਹੈ। ਕੇਰਲ ਤੋਂ ਬਾਅਦ ਮਹਾਰਾਸ਼ਟਰ ਦੂਜਾ ਅਜਿਹਾ ਸੂਬਾ ਹੈ ਜਿੱਥੇ ਇਸ ਵਾਇਰਸ ਕਾਰਨ ਸਭ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹਨ। ਇੱਥੇ ਮਰਨ ਵਾਲਿਆਂ ਦੀ ਗਿਣਤੀ 10 ਤੱਕ ਪਹੁੰਚ ਗਈ ਹੈ। ਕੋਵਿਡ-19 ਨਾਲ ਮਰਨ ਵਾਲੇ ਮਰੀਜਾਂ  ਦੀਆਂ ਲਾਸ਼ਾਂ ਨੂੰ ਲੈ ਕੇ ਮਹਾਰਾਸ਼ਟਰ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ।

ਮੁੰਬਈ ਵਿਚ ਬੀਐਮਸੀ ਨਿਗਮ ਦੇ ਕਮਿਸ਼ਨਰ (Commissioner of Brihanmumbai Municipal Corporation) ਪ੍ਰਵੀਨ ਪਰਦੇਸੀ ਨੇ ਸੋਮਵਾਰ ਨੂੰ ਕਿਹਾ ਕਿ ਮਰਨ ਵਾਲਿਆਂ ਦਾ ਕੋਈ ਵੀ ਧਰਮ ਨਹੀਂ ਹੁੰਦਾ, ਇਸ ਲਈ ਕੋਰੋਨਾ ਮਰੀਜਾਂ ਦੀਆਂ ਲਾਸ਼ਾਂ ਨੂੰ ਸਾੜਿਆ ਜਾਵੇਗਾ। ਉਹਨਾਂ ਨੂੰ ਦਫ਼ਨਾਉਣ ਦੀ ਇਜਾਜ਼ਤ ਨਹੀਂ ਹੋਵੇਗੀ।

ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਅੰਤਿਮ ਸਸਕਾਰ ਵਿਚ ਪੰਜ ਤੋਂ ਜ਼ਿਆਦਾ ਲੋਕ ਸ਼ਾਮਲ ਨਹੀਂ ਹੋਣਗੇ। ਅਜਿਹਾ ਇਸ ਲ਼ਈ ਕੀਤਾ ਜਾ  ਰਿਹਾ ਹੈ ਕਿਉਂਕਿ ਇਸ ਨਾਲ ਕੋਰੋਨਾ ਵਾਇਰਸ ਫੈਲਣ ਦਾ ਖਤਰਾ ਵਧ ਸਕਦਾ ਹੈ। ਇਸ ਲਈ ਸਰਕਾਰ ਨੇ ਲਾਸ਼ਾਂ ਨੂੰ ਸਾੜਨ ਦਾ ਤਰੀਕਾ ਹੀ ਵਧੀਆ ਸਮਝਿਆ ਹੈ।

ਇਸ ਤੋਂ ਇਲਾਵਾ ਬੀਐਮਸੀ ਮੁਖੀ ਨੇ ਕਿਹਾ ਕਿ ਜੇਕਰ ਕੋਈ ਲਾਸ਼ਾਂ ਨੂੰ ਦਫਨਾਉਣਾ ਚਾਹੁੰਦਾ ਹੈ ਤਾਂ ਉਸ ਨੂੰ ਤਾਂ ਹੀ ਇਜਾਜ਼ਤ ਦਿੱਤੀ ਜਾਵੇਗੀ ਜੇਕਰ ਉਹ ਲਾਸ਼ਾਂ ਨੂੰ ਮੁੰਬਈ ਸ਼ਹਿਰ ਦੇ ਅਧਿਕਾਰਕ ਖੇਤਰ ਤੋਂ ਬਾਹਰ ਲੈ ਕੇ ਜਾਵੇਗਾ। ਦੱਸ ਦਈਏ ਕਿ ਮਹਾਰਾਸ਼ਟਰ ਵਿਚ ਕੋਰੋਨਾ ਦੇ 17 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਉੱਥੇ ਹੁਣ ਤੱਕ 220 ਲੋਕ ਇਸ ਵਾਇਰਸ ਦੀ ਚਪੇਟ ਵਿਚ ਆ ਚੁੱਕੇ ਹਨ। ਇਸ ਦੇ ਨਾਲ ਹੀ 10 ਲੋਕ ਇਸ ਵਾਇਰਸ ਦੇ ਚਲਦਿਆਂ ਅਪਣੀ ਜਾਨ ਗੁਆ ਚੁੱਕੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।