ਕੋਰੋਨਾ ਦਾ ਤਾਂ ਪਤਾ ਨਹੀਂ ਪਰ ਖਾਣਾ ਨਾ ਮਿਲਿਆ ਤਾਂ ਭੁੱਖ ਨਾਲ ਮਰ ਜਾਣਗੇ ਇਹ ਗਰੀਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੁਨੀਆ ਭਰ ਵਿਚ ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਵਧ ਰਿਹਾ ਹੈ।

Photo

ਮੋਹਾਲੀ: ਦੁਨੀਆ ਭਰ ਵਿਚ ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਵਧ ਰਿਹਾ ਹੈ। ਦੁਨੀਆ ਭਰ ਦੀਆਂ ਸਰਕਾਰਾਂ ਲੋਕਾਂ ਨੂੰ ਕੋਰੋਨਾ ਤੋਂ ਬਚਣ ਲਈ ਤਰ੍ਹਾਂ-ਤਰ੍ਹਾਂ ਦੇ ਉਪਾਅ ਦੱਸ ਰਹੀਆਂ ਹਨ। ਇਸ ਦੌਰਾਨ ਸਰਕਾਰ ਵੱਲੋਂ ਲੋਕਾਂ ਨੂੰ ਇਕ ਦੂਜੇ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਜਾ ਰਹੀ ਹੈ ਤਾਂ ਜੋ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਇਹ ਬਿਮਾਰੀ ਨਾ ਫੈਲ ਸਕੇ।

ਪਰ ਕਈ ਥਾਵਾਂ ਦੇ ਹਲਾਤ ਅਜਿਹੇ ਹਨ ਕਿ ਉੱਥੇ ਲੋਕ ਭਾਰੀ ਗਿਣਤੀ ਵਿਚ ਇਕੱਠੇ ਰਹਿਣ ਲਈ ਮਜਬੂਰ ਹਨ, ਅਜਿਹਾ ਹੀ ਇਕ ਇਲਾਕਾ ਹੈ ਮੋਹਾਲੀ ਦੀ ਜਗਤਪੁਰਾ ਕਲੋਨੀ (ਰੇਲਵੇ ਕਲੋਨੀ) ਦਾ ਹੈ, ਜਿੱਥੇ ਭਾਰੀ ਗਿਣਤੀ ਵਿਚ ਗਰੀਬ ਲੋਕ ਰਹਿੰਦੇ ਹਨ, ਇਹਨਾਂ ਲੋਕਾਂ ਦੀ ਮਜਬੂਰੀ ਹੈ ਕਿ ਇਹ ਇਕੱਠੇ ਰਹਿ ਰਹੇ ਹਨ ਕਿਉਂਕਿ ਇਹਨਾਂ ਲਈ ਥਾਂ ਬਹੁਤ ਹੀ ਘੱਟ ਹੈ।

ਇੱਥੋਂ ਦੇ ਵਸਨੀਕ ਇਕ ਆਟੋਚਾਲਕ ਨੇ ਦੱਸਿਆ ਕਿ ਕੋਰੋਨਾ ਵਾਇਰਸ ਕਾਰਨ ਉਹਨਾਂ ਦਾ ਕੰਮ ਬੰਦ ਹੋ ਗਿਆ ਹੈ ਤੇ ਉਹ ਰੋਜ਼ ਕਮਾ ਕੇ ਹੀ ਖਾਂਦੇ ਸਨ ਜੋ ਕਿ ਹੁਣ ਮੁਸ਼ਕਲ ਹੋ ਗਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਉਹਨਾਂ ਦੀ ਕੋਈ ਮਦਦ ਨਹੀਂ ਕਰ ਰਹੀ ਤੇ ਨਾ ਹੀ ਉਹਨਾਂ ਲਈ ਕੋਈ ਖਾਣੇ ਦੀ ਸਹੂਲਤ ਕੀਤੀ ਗਈ ਹੈ। ਇੱਥੇ ਰਹਿਣ ਵਾਲੇ ਲੋਕ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ।

ਉਹਨਾਂ ਦਾ ਕਹਿਣਾ ਹੈ ਕਿ ਇੱਥੇ ਰਹਿਣ ਵਾਲੇ ਲੋਕਾਂ ਵਿਚੋਂ ਜ਼ਿਆਦਾਤਰ ਲੋਕ ਭੁੱਖੇ ਤੇ ਪਿਆਸੇ ਹਨ। ਉਹਨਾਂ ਦੱਸਿਆ ਕਿ ਜਦੋਂ ਵੀ ਉਹ ਕਲੋਨੀ ਤੋਂ ਬਾਹਰ ਕੋਈ ਚੀਜ਼ ਲੈਣ ਜਾਂਦੇ ਤਾਂ ਰਾਸਤੇ ਵਿਚ ਪੁਲਿਸ ਵਾਲੇ ਉਹਨਾਂ ਦੇ ਡੰਡੇ ਮਾਰਦੇ ਹਨ। ਇੱਥੋਂ ਦੇ  ਇਕ ਹੋਰ ਵਸਨੀਕ ਨੇ ਦੱਸਿਆ ਕਿ ਉਹ ਢਾਬੇ ‘ਤੇ ਕੰਮ ਕਰਦਾ ਹੈ ਤੇ ਹੁਣ ਉਸ ਦਾ ਕੰਮ ਬੰਦ ਹੈ, ਇਸ ਲਈ ਉਹਨਾਂ ਦਾ ਗੁਜ਼ਾਰਾ ਬਹੁਤ ਹੀ ਮੁਸ਼ਕਿਲ ਨਾਲ ਹੋ ਰਿਹਾ ਹੈ। ਇੱਥੋਂ ਦੇ ਕਈ ਪਰਿਵਾਰ ਰੋਜ਼ ਭੁੱਖੇ ਢਿੱਡ ਸੋ ਰਹੇ ਹਨ।

ਇਸ ਕਲੋਨੀ ਦੇ ਸਾਰੇ ਲੋਕ ਦਿਹਾੜੀਦਾਰ ਹਨ ਤੇ ਲੌਕਡਾਊਨ ਦੇ ਸਮੇਂ ਵਿਚ ਇਹਨਾਂ ਦਾ ਗੁਜ਼ਾਰਾ ਬਹੁਤ ਹੀ ਮੁਸ਼ਕਿਲ ਨਾਲ ਹੋ ਰਿਹਾ ਹੈ। ਕਲੋਨੀ ਦੇ ਬੱਚਿਆਂ ਦਾ ਵੀ ਕਹਿਣਾ ਹੈ ਕਿ ਉਹਨਾਂ ਦੇ ਮਾਤਾ-ਪਿਤਾ ਉਹਨਾਂ ਨੂੰ ਭੁੱਖੇ ਰੱਖਣ ਲਈ ਮਜਬੂਰ ਹਨ। ਉਹਨਾਂ ਕੋਲ ਖਾਣੇ ਤੱਕ ਲਈ ਪੈਸੇ ਨਹੀਂ ਹਨ। ਇਸ ਇਲਾਕੇ ਦੀਆਂ ਔਰਤਾਂ ਨੇ ਵੀ ਪ੍ਰਸ਼ਾਸਨ ਵਿਰੁੱਧ ਅਪਣਾ ਗੁੱਸਾ ਕੱਢਿਆ, ਉਹਨਾਂ ਕਿਹਾ ਕਿ ਉਹ ਕਿਰਾਏ ‘ਤੇ ਰਹਿੰਦੇ ਹਨ ਅਤੇ ਉਹਨਾਂ ਕੋਲ ਕਿਰਾਏ ਲਈ ਪੈਸੇ ਨਹੀਂ ਹਨ।

ਇਹ ਔਰਤਾਂ ਵੀ ਦਿਹਾੜੀ ਦਾ ਕੰਮ ਕਰਦੀਆਂ ਹਨ। ਇਹਨਾਂ ਦੇ ਘਰਾਂ ਵਿਚ ਰਸੋਈ ਗੈਸ ਤੇ ਲੱਕੜਾਂ ਵੀ ਖਤਮ ਹੋ ਗਈਆਂ  ਹਨ ਤੇ ਹੁਣ ਇਹਨਾਂ ਲਈ ਖਾਣਾ ਬਣਾਉਣਾ ਇਕ ਚੁਣੌਤੀ ਬਣ ਗਿਆ ਹੈ। ਇਹ ਭਾਰਤ ਦੀ ਹਕੀਕਤ ਹੈ, ਇਸ ਇਲਾਕੇ ਨੂੰ ਦੇਖ ਕੇ ਨਹੀਂ ਲੱਗਦਾ ਕਿ ਪ੍ਰਸ਼ਾਸਨ ਗਰੀਬ ਲੋਕਾਂ ਦੇ ਖਾਣੇ ਲਈ ਕੋਈ ਪ੍ਰਬੰਧ ਕਰ ਰਿਹਾ ਹੈ। ਜੇਕਰ ਇਸ ਇਲਾਕੇ ਵਿਚ ਕੋਰੋਨਾ ਨੇ ਦਸਤਕ ਦੇ ਦਿੱਤੀ ਤਾਂ ਲੋਕਾਂ ਦਾ ਇਲਾਜ ਕਰਨਾ ਬਹੁਤ ਹੀ ਮੁਸ਼ਕਿਲ ਹੋ ਜਾਵੇਗਾ।ਇਸ਼ ਦੌਰਾਨ ਇੱਥੇ ਇਕ ਸੰਸਥਾ ਲੰਗਰ ਵੰਡਣ ਆਈ ਸੀ ਪਰ ਕਲੋਨੀ ਦੀ ਭੀੜ ਦੇਖ ਕੇ ਉਹ ਵਾਪਸ ਚਲੇ ਗਏ।

ਇਸ ਕਲੋਨੀ ਦੇ ਲੋਕ ਮੱਖੀਆਂ, ਮੱਛਰਾਂ ਅਤੇ ਬਿਮਾਰੀਆਂ ਦੇ ਨੇੜੇ ਰਹਿਣ ਲਈ ਮਜਬੂਰ ਹਨ ਪਰ ਕੋਈ ਸਰਕਾਰ, ਸੰਸਥਾ ਜਾਂ ਲੀਡਰ ਇਹਨਾਂ ਦੀ ਬਾਂਹ ਫੜਨ ਲਈ ਤਿਆਰ ਨਹੀਂ ਹੈ। ਇੱਥੋਂ ਦੇ ਹਾਲਾਤ ਦੇਖ ਕੇ ਲੱਗਦਾ ਹੈ ਕਿ ਸਰਕਾਰ ਸਿਰਫ ਸ਼ਹਿਰਾਂ ਜਾਂ ਵਧੀਆ ਪਿੰਡਾਂ ਵਿਚ ਹੀ ਖਾਣਾ ਪਹੁੰਚਾ ਰਹੀ ਹੈ, ਸਰਕਾਰ ਨੂੰ ਇਹਨਾਂ ਗਰੀਬਾਂ ਦਾ ਕੋਈ ਖਿਆਲ ਨਹੀਂ ਪਰ ਇਹ ਗਰੀਬ ਵੀ ਸਾਡੇ ਸਮਾਜ ਦਾ ਹਿੱਸਾ ਹਨ, ਸੋ ਸਾਨੂੰ ਇਹਨਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ।