ਸਾਬਕਾ ਕ੍ਰਿਕਟਰ ਤੇ ਭਾਜਪਾ ਉਮੀਦਵਾਰ ਅਸ਼ੋਕ ਡਿੰਡਾ ਨੂੰ ਮਿਲੀ Y+ ਸੁਰੱਖਿਆ
ਸਾਬਕਾ ਕ੍ਰਿਕਟਰ ਅਤੇ ਬੰਗਾਲ ਵਿਧਾਨ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ...
ਨਵੀਂ ਦਿੱਲੀ: ਸਾਬਕਾ ਕ੍ਰਿਕਟਰ ਅਤੇ ਬੰਗਾਲ ਵਿਧਾਨ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਸ਼ੋਕ ਡਿੰਡਾ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਉਨ੍ਹਾਂ ਨੂੰ ਵਾਈ ਪਲੱਸ ਸੁਰੱਖਿਆ ਦਿੱਤੀ ਗਈ ਹੈ। ਅਸ਼ੋਕ ਡਿੰਡਾ ਉਤੇ ਹੋਏ ਹਮਲੇ ਤੋਂ ਬਾਅਦ ਉਨ੍ਹਾਂ ਨੂੰ ਇਹ ਸਰੱਖਿਆ ਦਿੱਤੀ ਗਈ ਹੈ। ਡਿੰਡਾ ਉਤੇ ਮੰਗਲਵਾਰ ਨੂੰ ਚੋਣ ਪ੍ਰਚਾਰ ਦੌਰਾਨ ਹਮਲਾ ਹੋਇਆ ਸੀ।
ਇਸ ਹਮਲੇ ਵਿਚ ਡਿੰਡਾ ਨੂੰ ਸੱਟਾਂ ਵੀ ਵੱਜੀਆਂ ਸਨ। ਸਾਬਕਾ ਕ੍ਰਿਕਟਰ ਮੋਇਨਾ ਸੀਟ ਤੋਂ ਬੀਜੇਪੀ ਉਮੀਦਵਾਰ ਹਨ। ਅਸ਼ੋਕ ਡਿੰਡਾ ਨੂੰ ਸੀਆਰਪੀਐਫ ਦੁਆਰਾ ਵਾਈ ਪਲੱਸ ਸੁਰੱਖਿਆ ਦਿੱਤੀ ਜਾਵੇਗੀ। ਦੱਸ ਦਈਏ ਕਿ ਦੂਜੇ ਪੜਾਅ ਦੀਆਂ ਚੋਣਾਂ ਦੇ ਪ੍ਰਚਾਰ ਦੇ ਆਖਰੀ ਦਿਨ ਭਾਜਪਾ ਉਮੀਦਵਾਰ ਅਤੇ ਸਾਬਕਾ ਕ੍ਰਿਕਟਰ ਅਸ਼ੋਕ ਡਿੰਡਾ ਦੀ ਕਾਰ ਉਤੇ ਹਮਲਾ ਕੀਤਾ ਗਿਆ। ਘਟਨਾ ਨੂੰ ਲੈ ਕੇ ਟੀਐਮਸੀ ਉਤੇ ਆਰੋਪ ਲਗਾਇਆ ਗਿਆ ਹੈ। ਪਰ ਟੀਐਮਸੀ ਨੇ ਇਨ੍ਹਾਂ ਆਰੋਪਾਂ ਨੂੰ ਗਲਤ ਦੱਸਿਆ ਹੈ।
ਉਥੇ ਹੀ ਘਟਨਾ ਨੂੰ ਲੈ ਕੇ ਚੋਣ ਕਮਿਸ਼ਨ ਨੇ ਰਿਪੋਰਟ ਮੰਗੀ ਹੈ। ਦੂਜੇ ਪੜਾਅ ਦੇ ਚੋਣ ਪ੍ਰਚਾਰ ਦੇ ਆਖਰੀ ਦਿਨ ਸਾਰੀਆਂ ਪਾਰਟੀਆਂ ਨੇ ਕੈਂਪੇਨ ਕੀਤਾ। ਮੋਇਨਾ ਤੋਂ ਭਾਜਪਾ ਉਮੀਦਵਾਰ ਅਸ਼ੋਕ ਡਿੰਡਾ ਨੇ ਵੀ ਚੋਣ ਪ੍ਰਚਾਰ ਵਿਚ ਪੂਰੀ ਤਾਕਤ ਲੱਗਾ ਦਿੱਤੀ ਹੈ। ਚੋਣ ਪ੍ਰਚਾਰ ਕਰਕੇ ਵਾਪਸ ਪਰਤਣ ਮੌਕੇ ਮੋਇਨਾ ਬੀਡੀਓ ਆਫਿਸ ਦੇ ਸਾਹਮਣੇ ਅਸ਼ੋਕ ਡਿੰਡਾ ਦੀ ਕਾਰ ਉਤੇ ਪਥਰਾਅ ਕੀਤਾ ਗਿਆ। ਘਟਨਾ ਵਿਚ ਅਸ਼ੋਕ ਡਿੰਡਾ ਜਖਮੀ ਹੋ ਗਏ। ਅਸ਼ੋਕ ਡਿੰਡਾ ਨੇ ਪਥਰਾਅ ਦੇ ਪਿੱਛੇ ਟੀਐਮਸੀ ਵਰਕਰਾਂ ਉਤੇ ਆਰੋਪ ਲਗਾਇਆ ਹੈ।