ਮੋਦੀ ਨੇ ਬੁਲਾਈ ਪਹਿਲੀ ਕੈਬਨਿਟ ਦੀ ਬੈਠਕ, ਲਿਆ ਇਹ ਅਹਿਮ ਫ਼ੈਸਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬੈਠਕ ਸ਼ੁਰੂ ਕਰਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਮਹਾਤਮਾ ਗਾਂਧੀ ਤੇ ਸਰਦਾਰ ਪਟੇਲ ਨੂੰ ਦਿਤੀ ਸ਼ਰਧਾਂਜਲੀ

Narendra Modi

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਜੀ ਵਾਰ ਬਣੀ ਸਰਕਾਰ ਦੀ ਅੱਜ ਪਹਿਲੀ ਕੈਬਨਿਟ ਦੀ ਬੈਠਕ ਸੀ। ਇਸ ਬੈਠਕ ਵਿਚ ਸ਼ਹੀਦਾਂ ਦੇ ਪਰਵਾਰਾਂ ਲਈ ਕਈ ਅਹਿਮ ਫ਼ੈਸਲੇ ਲਏ ਗਏ ਹਨ। ਬੈਠਕ ਵਿਚ ਨੈਸ਼ਨਲ ਡਿਫ਼ੈਂਸ ਫੰਡ ਤਹਿਤ ਸ਼ਹੀਦਾਂ ਦੇ ਪਰਵਾਰਾਂ ਦੇ ਬੱਚਿਆਂ ਨੂੰ ਦਿਤੀ ਜਾਣ ਵਾਲੀ ਸਕਾਲਰਸ਼ਿਪ ਦੀ ਰਕਮ ਵਿਚ ਵਾਧਾ ਕੀਤਾ ਗਿਆ ਹੈ। ਲੜਕਿਆਂ ਨੂੰ ਦਿਤੀ ਜਾਣ ਵਾਲੀ ਸਕਾਲਰਸ਼ਿਪ ਵਿਚ 500 ਤੇ ਲੜਕੀਆਂ ਨੂੰ ਦਿਤੀ ਜਾਣ ਵਾਲੀ ਸਕਾਲਰਸ਼ਿਪ ਵਿਚ 750 ਰੁਪਏ ਦਾ ਵਾਧਾ ਕੀਤਾ ਗਿਆ ਹੈ।

 


 

ਯਾਨੀ ਕਿ ਲੜਕਿਆਂ ਨੂੰ 2000 ਤੋਂ ਵਧਾ ਕੇ 2500 ਰੁਪਏ ਪ੍ਰਤੀ ਮਹੀਨਾ ਅਤੇ ਉੱਥੇ ਹੀ ਲੜਕੀਆਂ ਨੂੰ 2250 ਤੋਂ ਵਧਾ ਕੇ 3000 ਰੁਪਏ ਪ੍ਰਤੀ ਮਹੀਨਾ ਸਕਾਲਰਸ਼ਿਪ ਦਿਤੀ ਜਾਵੇਗੀ। ਜ਼ਿਕਰਯੋਗ ਹੈ ਕਿ ਨਰਿੰਦਰ ਮੋਦੀ ਨੇ ਲਗਾਤਾਰ ਦੂਜੀ ਵਾਰ ਪ੍ਰਧਾਨ ਮੰਤਰੀ ਬਣਨ ਮਗਰੋਂ ਅੱਜ ਸ਼ੁੱਕਰਵਾਰ ਨੂੰ ਪਹਿਲੀ ਕੈਬਨਿਟ ਦੀ ਮੀਟਿੰਗ ਬੁਲਾਈ। ਬੈਠਕ ਸ਼ੁਰੂ ਕਰਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਮਹਾਤਮਾ ਗਾਂਧੀ ਤੇ ਸਰਦਾਰ ਪਟੇਲ ਨੂੰ ਸ਼ਰਧਾਂਜਲੀ ਦਿਤੀ ਤੇ ਬਾਅਦ ਵਿਚ ਬੈਠਕ ਸ਼ੁਰੂ ਕੀਤੀ।

 


 

ਇਸ ਕੈਬਨਿਟ ਦੀ ਪਹਿਲੀ ਬੈਠਕ ਵਿਚ ਨਰਿੰਦਰ ਮੋਦੀ ਤੋਂ ਇਲਾਵਾ ਰਾਜਨਾਥ ਸਿੰਘ, ਸਮ੍ਰਿਤੀ ਈਰਾਨੀ, ਆਬਾਸ ਨਕਵੀ, ਨਿਰਮਲਾ ਸੀਤਾਰਮਣ, ਧਰਮੇਂਦਰ ਪ੍ਰਧਾਨ, ਜਤਿੰਦਰ ਸਿੰਘ, ਗਿਰੀਰਾਜ ਤੇ ਅਰਵਿੰਦ ਸਾਵੰਤ ਵਿਸ਼ੇਸ਼ ਰੂਪ ’ਚ ਮੌਜੂਦ ਰਹੇ।