ਮੋਦੀ ਸਰਕਾਰ ਵਿਚ ਇਸ ਵਾਰ ਅਹਿਮ ਜ਼ਿੰਮੇਦਾਰੀ ਨਿਭਾਉਣਗੀਆਂ ਇਹ ਛੇ ਔਰਤਾਂ
ਪ੍ਰਧਾਨ ਮੰਤਰੀ ਦੇ ਨਵੇਂ ਮੰਤਰੀਮੰਡਲ ਵਿਚ ਜਿਨ੍ਹਾਂ ਮੰਤਰੀਆਂ ਨੇ ਵੀਰਵਾਰ ਨੂੰ ਸਹੁੰ ਚੁੱਕੀ, ਉਹਨਾਂ ਵਿਚ ਛੇ ਔਰਤਾਂ ਵੀ ਸ਼ਾਮਿਲ ਹਨ।
ਨਵੀਂ ਦਿੱਲੀ: ਲੋਕ ਸਭਾ ਚੋਣਾਂ ਵਿਚ ਸ਼ਾਨਦਾਰ ਜਿੱਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੂਜੇ ਕਾਰਜਕਾਲ ਲਈ ਵੀਰਵਾਰ ਨੂੰ ਸਹੁੰ ਚੁੱਕੀ। ਇਸਦੇ ਨਾਲ ਹੀ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਵੀ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਰਾਸ਼ਟਰਪਤੀ ਭਵਨ ਵਿਚ ਅਯੋਜਿਤ ਇਕ ਸਮਾਰੋਹ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਸਦੇ ਮੰਤਰੀਮੰਡਲ ਦੇ 57 ਮੈਂਬਰਾਂ ਨੂੰ ਅਹੁਦੇ ਦੀ ਸਹੁੰ ਚੁਕਾਈ।
ਪ੍ਰਧਾਨ ਮੰਤਰੀ ਦੇ ਨਵੇਂ ਮੰਤਰੀਮੰਡਲ ਵਿਚ ਜਿਨ੍ਹਾਂ ਮੰਤਰੀਆਂ ਨੇ ਵੀਰਵਾਰ ਨੂੰ ਸਹੁੰ ਚੁੱਕੀ, ਉਹਨਾਂ ਵਿਚ ਛੇ ਔਰਤਾਂ ਵੀ ਸ਼ਾਮਿਲ ਹਨ। ਮੋਦੀ ਸਰਕਾਰ ਵਿਚ ਇਹ ਔਰਤਾਂ ਇਸ ਵਾਰ ਅਹਿਮ ਭੂਮਿਕਾ ਵਿਚ ਨਜ਼ਰ ਆਉਣਗੀਆਂ। ਮੋਦੀ ਸਰਕਾਰ ਦੀ ਕੈਬਨਿਟ ਵਿਚ ਜਿੱਥੇ ਨਿਰਮਲਾ ਸੀਤਾਰਮਨ, ਸਮ੍ਰਿਤੀ ਇਰਾਨੀ ਅਤੇ ਹਰਸਿਮਰਤ ਕੌਰ ਬਾਦਲ ਨੇ ਮੰਤਰੀ ਵਜੋਂ ਸਹੁੰ ਚੁੱਕੀ ਤਾਂ ਉਥੇ ਹੀ ਸਾਧਵੀ ਨਿਰੰਜਨ ਜਯੋਤੀ, ਰੇਣੂਕਾ ਸਿੰਘ ਅਤੇ ਦੇਬਾਸ਼੍ਰੀ ਚੌਧਰੀ ਨੇ ਰਾਜ ਮੰਤਰੀ ਦੇ ਰੂਪ ਵਿਚ ਸਹੁੰ ਚੁੱਕੀ।
ਨਿਰਮਲਾ ਸੀਤਾਰਮਨ ਨੇ ਪਿਛਲੀ ਸਰਕਾਰ ਵਿਚ ਰੱਖਿਆ ਮੰਤਰਾਲੇ ਦੀ ਜ਼ਿੰਮੇਦਾਰੀ ਸੰਭਾਲੀ ਸੀ। ਇਸ ਵਾਰ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਉਹਨਾਂ ਨੂੰ ਫਿਰ ਤੋਂ ਰੱਖਿਆ ਮੰਤਰਾਲੇ ਦੀ ਜ਼ਿੰਮੇਦਾਰੀ ਹੀ ਦਿੱਤੀ ਜਾਵੇਗੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਸਮ੍ਰਿਤੀ ਇਰਾਨੀ ਨੂੰ ਇਸ ਵਾਰ ਕੋਈ ਵੱਡੀ ਜ਼ਿੰਮੇਦਾਰੀ ਦਿੱਤੀ ਜਾ ਸਕਦੀ ਹੈ।