ਮਹਾਂਰਾਸ਼ਟਰ 'ਚ ਕਰੋਨਾ ਦੇ ਕਹਿਰ, ਪਿਛਲੇ 24 ਘੰਟੇ 'ਚ 2940 ਨਵੇਂ ਕੇਸ ਦਰਜ਼, 99 ਮੌਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਵਿਚ ਕਰੋਨਾ ਵਾਇਰਸ ਦੇ ਕੇਸਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਦੇਸ਼ ਵਿਚ ਸਭ ਤੋਂ ਵੱਧ ਪ੍ਰਭਾਵਿਤ ਰਾਜ ਮਹਾਂਰਾਸ਼ਟਰ ਹੈ

Covid 19

ਮੁੰਬਈ : ਦੇਸ਼ ਵਿਚ ਕਰੋਨਾ ਵਾਇਰਸ ਦੇ ਕੇਸਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਦੇਸ਼ ਵਿਚ ਸਭ ਤੋਂ ਵੱਧ ਪ੍ਰਭਾਵਿਤ ਰਾਜ ਮਹਾਂਰਾਸ਼ਟਰ ਹੈ ਜਿੱਥੇ ਪਿਛਲੇ 24 ਘੰਟੇ ਵਿਚ ਕਰੋਨਾ ਵਾਇਰਸ ਦੇ 2940 ਨਵੇਂ ਕੇਸ ਦਰਜ਼ ਹੋਏ ਅਤੇ 99 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਰਾਜ ਵਿਚ ਕਰੋਨਾ ਵਾਇਰਸ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ ਦਾ ਅੰਕੜਾ 65 ਹਜ਼ਾਰ ਨੂੰ ਪਾਰ ਕਰ ਚੁੱਕੀ ਹੈ। ਉੱਥੇ ਹੀ ਸਿਹਤ ਮੰਤਰਾਲੇ ਵੱਲੋਂ ਜ਼ਾਰੀ ਅੰਕੜਿਆਂ ਅਨੁਸਾਰ ਸੂਬੇ ਵਿਚ 2197 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇਸ ਨਾਲ ਇਹ ਵੀ ਜ਼ਿਕਰਯੋਗ ਹੈ ਕਿ ਹੁਣ ਤੱਕ ਮਹਾਂਰਾਸ਼ਟਰ ਵਿਚੋਂ 28,081 ਮਰੀਜ਼ ਕਰੋਨਾ ਵਾਇਰਸ ਨੂੰ ਮਾਤ ਦੇ ਕੇ ਸਿਹਤਯਾਬ ਹੋ ਚੁੱਕੇ ਹਨ। ਇਸ ਲਈ ਹੁਣ ਰਾਜ ਵਿਚ ਕਰੋਨਾ ਵਾਇਰਸ ਦੇ 34,881 ਐਕਟਿਵ ਕੇਸ ਹਨ। ਮਹਾਂਰਾਸ਼ਟਰ ਵਿਚ ਸਭ ਤੋਂ ਪ੍ਰਭਾਵਿਤ ਸ਼ਹਿਰ ਮੁੰਬਈ ਹੈ ਜਿੱਥੇ ਪਿਛਲੇ 24 ਘੰਟੇ ਵਿਚ ਕਰੋਨਾ ਵਾਇਰਸ ਦੇ 1510 ਨਵੇ ਕੇਸ ਸਾਹਮਣੇ ਆ ਚੁੱਕੇ ਹਨ ਅਤੇ 54 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇਸ ਤੋਂ ਇਲਾਵਾ ਇਸ ਸ਼ਹਿਰ ਵਿਚ ਕੁੱਲ 38 ਹਜ਼ਾਰ 442 ਮਰੀਜ਼ ਸਾਹਮਣੇ ਆ ਚੁੱਕੇ ਹਨ। ਜਿਨ੍ਹਾਂ ਵਿਚੋਂ 20 ਹਜ਼ਾਰ ਤੋਂ ਜ਼ਿਆਦਾ ਐਕਟਿਵ ਕੇਸ ਹਨ। ਮੁੰਬਈ ਵਿਚੋਂ ਹੁਣ ਤੱਕ 16 ਹਜ਼ਾਰ ਤੋਂ ਜ਼ਿਆਦਾ ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਹਸਪਤਾਲ ਵਿਚੋਂ ਛੁੱਟੀ ਮਿਲ ਗਈ ਹੈ ਅਤੇ 1227 ਲੋਕਾਂ ਦੀ ਹੁਣ ਤੱਕ ਇੱਥੇ ਕਰੋਨਾ ਵਾਇਰਸ ਦੇ ਕਾਰਨ ਮੌਤ ਹੋ ਚੁੱਕੀ ਹੈ।

ਇਸ ਨਾਲ ਹੀ ਦੇਸ਼ ਵਿਚ ਵੀ ਬੀਤੇ 24 ਘੰਟੇ ਅੰਦਰ 7964 ਨਵੇਂ ਕੇਸ ਦਰਜ਼ ਹੋ ਚੁੱਕੇ ਹਨ ਅਤੇ 265 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤਰ੍ਹਾਂ ਹੁਣ ਦੇਸ਼ ਵਿਚ ਕਰੋਨਾ ਵਾਇਰਸ ਦੇ ਮਰੀਜ਼ਾਂ ਦੀ ਕੁੱਲ ਗਿਣਤੀ 1,73,763 ਹੋ ਗਈ ਹੈ ਅਤੇ ਇਨ੍ਹਾਂ ਵਿਚੋਂ 4971 ਲੋਕਾਂ ਦੀ ਮੌਤ ਹੋ ਚੁੱਕੀ ਹੈ।