2019 ਤੋਂ 2021 ਦਰਮਿਆਨ ਦੇਸ਼ ’ਚ 13.13 ਲੱਖ ਕੁੜੀਆਂ ਅਤੇ ਔਰਤਾਂ ਲਾਪਤਾ ਹੋਈਆਂ: ਸਰਕਾਰੀ ਅੰਕੜੇ

ਏਜੰਸੀ

ਖ਼ਬਰਾਂ, ਰਾਸ਼ਟਰੀ

ਨੈਸ਼ਨਲ ਕ੍ਰਾਈਮ ਰੀਕਾਰਡ ਬਿਊਰੋ ਨੇ ਇਕੱਠੇ ਕੀਤੇ ਅੰਕੜੇ

representational Image

ਨਵੀਂ ਦਿੱਲੀ: ਦੇਸ਼ ’ਚ 2019 ਤੋਂ 2021 ਦੇ ਤਿੰਨ ਸਾਲਾਂ ’ਚ 13.13 ਲੱਖ ਕੁੜੀਆਂ ਅਤੇ ਔਰਤਾਂ ਲਾਪਤਾ ਹੋਈਆਂ ਹਨ, ਜਿਨ੍ਹਾਂ ’ਚੋਂ ਸਭ ਤੋਂ ਵੱਧ ਮੱਧ ਪ੍ਰਦੇਸ਼ ਦੀਆਂ ਹਨ। ਲਾਪਤਾ ਔਰਤਾਂ ਦੀ ਗਿਣਤੀ ਦੇ ਮਾਮਲੇ ’ਚ ਪਛਮੀ ਬੰਗਾਲ ਦੂਜੇ ਨੰਬਰ ’ਤੇ ਹੈ।

ਕੇਂਦਰੀ ਗ੍ਰਹਿ ਮੰਤਰਾਲੇ ਨੇ ਪਿਛਲੇ ਹਫਤੇ ਸੰਸਦ ’ਚ ਪੇਸ਼ ਅੰਕੜਿਆਂ ਮੁਤਾਬਕ ਦੇਸ਼ ’ਚ 2019 ਤੋਂ 2021 ਦਰਮਿਆਨ 18 ਸਾਲ ਤੋਂ ਵੱਧ ਉਮਰ ਦੀਆਂ 10,61,648 ਔਰਤਾਂ ਲਾਪਤਾ ਹੋਈਆਂ, ਜਦਕਿ ਇਸੇ ਅਰਸੇ ਦੌਰਾਨ 18 ਸਾਲ ਉਮਰ ਦੀਆਂ 2,51,430 ਕੁੜੀਆਂ ਦੇਸ਼ ’ਚੋਂ ਲਾਪਤਾ ਹੋਈਆਂ। ਇਹ ਅੰਕੜੇ ਨੈਸ਼ਨਲ ਕ੍ਰਾਈਮ ਰੀਕਾਰਡ ਬਿਊਰੋ (ਐੱਨ.ਸੀ.ਆਰ.ਬੀ.) ਨੇ ਇਕੱਠੇ ਕੀਤੇ ਹਨ।

ਇਹ ਵੀ ਪੜ੍ਹੋ: ‘ਹਿਮਾਚਲ ਪ੍ਰਦੇਸ਼  ਦੇ ਕਿਸਾਨ ਸੇਬਾਂ ਨੂੰ ਨਦੀਆਂ-ਨਾਲੀਆਂ ’ਚ ਵਹਾਉਣ ਲਈ ਮਜਬੂਰ’

ਸੰਸਦ ਵਲੋਂ ਮੁਹੱਈਆ ਕਰਵਾਏ ਗਏ ਅੰਕੜਿਆਂ ਅਨੁਸਾਰ 2019 ਤੋਂ 2021 ਦਰਮਿਆਨ ਮੱਧ ਪ੍ਰਦੇਸ਼ ਤੋਂ 1,60,180 ਔਰਤਾਂ ਅਤੇ 38,234 ਕੁੜੀਆਂ ਲਾਪਤਾ ਹੋਈਆਂ ਹਨ। ਇਸੇ ਸਮੇਂ ਦੌਰਾਨ ਪਛਮੀ ਬੰਗਾਲ ਤੋਂ 1,56,905 ਔਰਤਾਂ ਅਤੇ 36,606 ਕੁੜੀਆਂ ਲਾਪਤਾ ਹੋਈਆਂ।

ਅੰਕੜਿਆਂ ਮੁਤਾਬਕ 2019 ਤੋਂ 2021 ਦਰਮਿਆਨ ਮਹਾਰਾਸ਼ਟਰ ਤੋਂ 1,78,400 ਔਰਤਾਂ ਅਤੇ 13,033 ਕੁੜੀਆਂ ਲਾਪਤਾ ਹੋਈਆਂ। ਉੜੀਸਾ ’ਚ ਉਕਤ ਤਿੰਨ ਸਾਲਾਂ ਦੇ ਅਰਸੇ ਦੌਰਾਨ 70,222 ਔਰਤਾਂ ਅਤੇ 16,649 ਕੁੜੀਆਂ ਲਾਪਤਾ ਹੋਈਆਂ, ਜਦਕਿ ਛੱਤੀਸਗੜ੍ਹ ’ਚ ਇਸੇ ਸਮੇਂ ਦੌਰਾਨ 49,116 ਔਰਤਾਂ ਅਤੇ 10,187 ਕੁੜੀਆਂ ਲਾਪਤਾ ਹੋਈਆਂ।

ਇਹ ਵੀ ਪੜ੍ਹੋ: ਆਮਦਨ ਕਰ ਰਿਟਰਨ ਭਰਨ ਦਾ ਅੱਜ ਆਖਰੀ ਦਿਨ, ਰਾਤ 12 ਵਜੇ ਤਕ ਭਰੀ ਜਾ ਸਕਦੀ ਹੈ ਰਿਟਰਨ 

ਸੰਸਦ ’ਚ ਪੇਸ਼ ਕੀਤੇ ਗਏ ਅੰਕੜਿਆਂ ਅਨੁਸਾਰ, ਦਿੱਲੀ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਸਭ ਤੋਂ ਉੱਪਰ ਹੈ ਜਿੱਥੋਂ ਸਭ ਤੋਂ ਵੱਧ ਔਰਤਾਂ ਅਤੇ ਕੁੜੀਆਂ ਲਾਪਤਾ ਹੋਈਆਂ ਹਨ। 2019 ਤੋਂ 2021 ਦਰਮਿਆਨ ਰਾਸ਼ਟਰੀ ਰਾਜਧਾਨੀ ਤੋਂ 61,054 ਔਰਤਾਂ ਅਤੇ 22,919 ਕੁੜੀਆਂ ਲਾਪਤਾ ਹੋਈਆਂ। ਜੰਮੂ-ਕਸ਼ਮੀਰ ’ਚ ਇਸ ਸਮੇਂ ਦੌਰਾਨ 8,617 ਔਰਤਾਂ ਅਤੇ 1,148 ਕੁੜੀਆਂ ਲਾਪਤਾ ਹੋਈਆਂ।

ਸਰਕਾਰ ਨੇ ਸੰਸਦ ਨੂੰ ਸੂਚਿਤ ਕੀਤਾ ਕਿ ਉਸ ਨੇ ਦੇਸ਼ ਭਰ ’ਚ ਔਰਤਾਂ ਦੀ ਸੁਰੱਖਿਆ ਲਈ ਕਦਮ ਚੁੱਕੇ ਹਨ, ਜਿਸ ’ਚ ਜਿਨਸੀ ਅਪਰਾਧਾਂ ਨੂੰ ਰੋਕਣ ਲਈ ਅਪਰਾਧਿਕ ਕਾਨੂੰਨ (ਸੋਧ) ਐਕਟ-2013 ਨੂੰ ਲਾਗੂ ਕਰਨਾ ਸ਼ਾਮਲ ਹੈ। ਸਰਕਾਰ ਨੇ ਕਿਹਾ ਕਿ ਅਪਰਾਧਿਕ ਕਾਨੂੰਨ (ਸੋਧ) ਐਕਟ-2013 ਲਾਗੂ ਕੀਤਾ ਗਿਆ ਸੀ, ਜਿਸ ਵਿਚ 12 ਸਾਲ ਤੋਂ ਘੱਟ ਉਮਰ ਦੀ ਕੁੜੀ ਨਾਲ ਬਲਾਤਕਾਰ ਕਰਨ ਲਈ ਮੌਤ ਦੀ ਸਜ਼ਾ ਸਮੇਤ ਹੋਰ ਸਖ਼ਤ ਵਿਵਸਥਾਵਾਂ ਹਨ।