ਨੋਟਬੰਦੀ ਗ਼ਲਤੀ ਨਹੀਂ, ਵੱਡਾ ਘਪਲਾ : ਰਾਹੁਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਨੋਟਬੰਦੀ ਨੇ ਦੇਸ਼ ਵਿਚ ਬੇਰੁਜ਼ਗਾਰੀ ਵਧਾ ਦਿਤੀ ਹੈ.............

Rahul Gandhi

ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਨੋਟਬੰਦੀ ਨੇ ਦੇਸ਼ ਵਿਚ ਬੇਰੁਜ਼ਗਾਰੀ ਵਧਾ ਦਿਤੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਨੋਟਬੰਦੀ ਕਰ ਕੇ ਅਪਣੇ ਮਿੱਤਰਾਂ ਨੂੰ ਫ਼ਾਇਦਾ ਪਹੁੰਚਾਇਆ ਹੈ। ਰਾਹੁਲ ਨੇ ਸਵਾਲ ਕੀਤਾ ਕਿ ਪ੍ਰਧਾਨ ਮੰਤਰੀ ਨੇ ਨੋਟਬੰਦੀ ਕਿਉਂ ਕੀਤੀ? ਨੋਟਬੰਦੀ ਨੂੰ ਵੱਡਾ ਘਪਲਾ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਮੋਦੀ ਜੀ ਨੇ ਅਪਣੇ ਦੋਸਤਾਂ ਦੇ ਕਾਲੇ ਧਨ ਨੂੰ ਸਫ਼ੈਦ ਕਰਨ ਲਈ ਨੋਟਬੰਦੀ ਕੀਤੀ ਸੀ। ਉਧਰ, ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਨੋਟਬੰਦੀ ਨਾਲ ਕਰਾਂ ਦੀ ਉਗਰਾਹੀ ਕਾਫ਼ੀ ਹੋਈ ਅਤੇ ਆਰਥਕ ਵਾਧੇ ਦੀ ਰਫ਼ਤਾਰ ਵੀ ਤੇਜ਼ ਹੋਈ। 

ਰਾਹੁਲ ਨੇ ਕਿਹਾ ਕਿ ਨੋਟਬੰਦੀ ਵਿਚ ਪ੍ਰਧਾਨ ਮੰਤਰੀ ਨੇ ਕਿਸਾਨਾਂ ਤੋਂ ਪੈਸੇ ਖੋਹ ਕੇ ਅਪਣੇ ਉਦਯੋਗਪਤੀ ਦੋਸਤਾਂ ਨੂੰ ਦੇ ਦਿਤੇ। ਰਾਹੁਲ ਨੇ ਕਿਹਾ ਕਿ 15-20 ਉਦਯੋਗਪਤੀਆਂ ਨੇ ਬੈਂਕਾਂ ਦਾ ਪੈਸਾ ਲਿਆ ਤੇ ਪ੍ਰਧਾਨ ਮੰਤਰੀ ਨੇ ਲੋਕਾਂ ਦੀ ਜੇਬ ਵਿਚੋਂ ਪੈਸਾ ਕੱਢ ਕੇ ਉਦਯੋਗਪਤੀਆ ਦੀ ਜੇਬ ਵਿਚ ਪਾਇਆ। ਉਨ੍ਹਾਂ ਕਿਹਾ ਕਿ ਰਾਫ਼ੇਲ ਜਹਾਜ਼ ਸੌਦੇ ਵਿਚ ਮੋਦੀ ਤੇ ਅੰਬਾਨੀ ਦੀ ਮਿਲੀਭੁਗਤ ਦਾ ਪਤਾ ਲਾਉਣ ਲਈ ਸਾਂਝੀ ਸੰਸਦੀ ਕਮੇਟੀ ਕੋਲੋਂ ਜਾਂਚ ਕਰਾਉਣੀ ਚਾਹੀਦੀ ਹੈ। ਉਨ੍ਹਾਂ ਅਰੁਣ ਜੇਤਲੀ ਅਤੇ ਨਰਿੰਦਰ ਮੋਦੀ ਵਿਰੁਧ ਦੇਸ਼ ਦੀ ਅਰਥਵਿਵਸਥਾ ਨੂੰ ਬਰਬਾਦ ਕਰਨ ਦਾ ਦੋਸ਼ ਲਾਇਆ।

ਰਾਹੁਲ ਨੇ ਕਿਹਾ ਕਿ ਨੋਟਬੰਦੀ ਲੋਕਾਂ ਦੇ ਪੈਰਾਂ 'ਤੇ ਕੁਹਾੜੀ ਮਾਰਨ ਲਈ ਕੀਤੀ ਗਈ ਸੀ। ਰਾਹੁਲ ਨੇ ਕਿਹਾ ਕਿ ਨੋਟਬੰਦੀ ਨਾਲ ਛੋਟੇ ਦੁਕਾਨਦਾਰ ਖ਼ਤਮ ਹੋ ਗਏ। ਉਨ੍ਹਾਂ ਮੋਦੀ ਨੂੰ ਇਸ ਮਾਮਲੇ ਵਿਚ ਲੋਕਾਂ ਨੂੰ ਜਵਾਬ ਦੇਣ ਲਈ ਕਿਹਾ। ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਜਦ ਬੇਰੁਜ਼ਗਾਰੀ ਜਿਹੇ ਮੁੱਦੇ ਕਾਇਮ ਹਨ ਤਾਂ ਉਨ੍ਹਾਂ ਨੋਟਬੰਦੀ ਜਿਹਾ ਡੂੰਘਾ ਜ਼ਖ਼ਮ ਕਿਉਂ ਦਿਤਾ।     (ਏਜੰਸੀ)