ਦੇਸ਼ ਦੀਆਂ ਅਹਿਮ ਸੰਸਥਾਵਾਂ ਨੂੰ ਤੋੜਿਆ ਜਾ ਰਿਹੈ : ਰਾਹੁਲ

ਏਜੰਸੀ

ਖ਼ਬਰਾਂ, ਕੌਮਾਂਤਰੀ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਭਾਜਪਾ ਦੇ ਰਾਜ ਵਿਚ ਨਿਆਂਪਾਲਿਕਾ, ਚੋਣ ਕਮਿਸ਼ਨ ਅਤੇ ਆਰਬੀਆਈ ਨੂੰ ਤੋੜਿਆ ਜਾ ਰਿਹਾ ਹੈ............

Breaking up the important institutions of the country: Rahul

ਲੰਡਨ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਭਾਜਪਾ ਦੇ ਰਾਜ ਵਿਚ ਨਿਆਂਪਾਲਿਕਾ, ਚੋਣ ਕਮਿਸ਼ਨ ਅਤੇ ਆਰਬੀਆਈ ਨੂੰ ਤੋੜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਇਹ ਕਹਿ ਕੇ ਹਰ ਭਾਰਤੀ ਦਾ ਅਪਮਾਨ ਕੀਤਾ ਹੈ ਕਿ 2014 ਤੋਂ ਪਹਿਲਾਂ ਕੋਈ ਵਿਕਾਸ ਨਹੀਂ ਹੋਇਆ। ਇੰਡੀਅਨ ਓਵਰਸੀਜ਼ ਕਾਂਗਰਸ ਦੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਕਿਹਾ, 'ਪ੍ਰਧਾਨ ਮੰਤਰੀ ਕਹਿੰਦੇ ਹਨ ਕਿ ਪਿਛਲੇ 70 ਸਾਲਾਂ ਵਿਚ ਕੋਈ ਵਿਕਾਸ ਨਹੀਂ ਹੋਇਆ। ਇੰਜ ਕਹਿਣਾ ਹਰ ਭਾਰਤੀ ਦਾ ਅਪਮਾਨ ਹੈ।' ਉਨ੍ਹਾਂ ਕਿਹਾ, 'ਭਾਰਤ ਦੁਨੀਆਂ ਨੂੰ ਭਵਿੱਖ ਵਿਖਾਉਂਦਾ ਹੈ।

ਭਾਰਤ ਦੇ ਲੋਕਾਂ ਨੇ ਇਹ ਸੰਭਵ ਬਣਾਇਆ ਅਤੇ ਕਾਂਗਰਸ ਨੇ ਉਨ੍ਹਾਂ ਦੀ ਮਦਦ ਕੀਤੀ। ਜੇ ਪ੍ਰਧਾਨ ਮੰਤਰੀ ਕਹਿੰਦਾ ਹੈ ਕਿ ਪਹਿਲਾਂ ਵਿਕਾਸ ਹੀ ਨਹੀਂ ਹੋਇਆ ਤਾਂ ਉਹ ਕਾਂਗਰਸ ਬਾਰੇ ਟਿਪਣੀ ਨਹੀਂ ਕਰ ਰਹੇ ਸਗੋਂ ਦੇਸ਼ ਦੇ ਹਰ ਵਾਸੀ ਦੀ ਬੇਇਜ਼ਤੀ ਕਰ ਰਹੇ ਹਨ।' ਗਾਂਧੀ ਨੇ ਦਾਅਵਾ ਕੀਤਾ ਕਿ ਦਲਿਤ ਵਿਰੁਧ ਅਤਿਆਚਾਰ ਰੋਕਥਾਮ ਕਾਨੂੰਨ ਨੂੰ ਤਬਾਹ ਕਰ ਦਿਤਾ ਗਿਆ ਹੈ ਅਤੇ ਦਲਿਤਾਂ ਦੇ ਵਜ਼ੀਫ਼ੇ ਰੋਕ ਦਿਤੇ ਗਏ ਹਨ। ਅੱਜ ਭਾਰਤ ਵਿਚ ਜਾਤ-ਪਾਤ, ਧਰਮ, ਰੰਗ-ਰੂਪ ਦੇ ਆਧਾਰ 'ਤੇ ਵਿਤਕਰਾ ਕੀਤਾ ਜਾ ਰਿਹਾ ਹੈ। ਗ਼ਰੀਬਾਂ ਨਾਲ ਧੱਕਾ ਹੋ ਰਿਹਾ ਹੈ।

ਦਲਿਤਾਂ ਨੂੰ ਇਨਸਾਫ਼ ਨਹੀਂ ਮਿਲ ਰਿਹਾ। ਰਾਫ਼ੇਲ ਸੌਦੇ ਬਾਰੇ ਉਨ੍ਹਾਂ ਕਿਹਾ ਕਿ ਇਸ ਵਿਚੋਂ ਕਿਸੇ ਵੀ ਭਾਰਤੀ ਨੂੰ ਕੱਖ ਨਹੀਂ ਮਿਲਣਾ ਸਗੋਂ ਅੰਬਾਨੀ ਪਰਵਾਰ ਨੂੰ ਸੱਭ ਕੁੱਝ ਮਿਲੇਗਾ। ਰਾਹੁਲ ਨੇ ਕਿਹਾ, 'ਜਦ ਕਰਨਾਟਕ ਤੇ ਤੇਲੰਗਾਨਾ ਦੇ ਕਿਸਾਨ ਕਰਜ਼ਾ ਮੁਆਫ਼ੀ ਮੰਗਦੇ ਹਨ ਤਾਂ ਮੋਦੀ ਕਹਿੰਦੇ ਹਨ ਕਿ ਇਹ ਉਨ੍ਹਾਂ ਦੀ ਨੀਤੀ ਨਹੀਂ ਜਦਕਿ ਭਾਰਤ ਦੇ ਕੁੱਝ ਉਦਯੋਗਪਤੀਆ ਸਿਰ 12.5 ਲੱਖ ਕਰੋੜ ਦਾ ਕਰਜ਼ਾ ਖੜਾ ਹੈ ਤੇ ਪ੍ਰਧਾਨ ਮੰਤਰੀ ਕੁੱਝ ਨਹੀਂ ਬੋਲਦੇ।' ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਉਦੋਂ ਵੀ ਨਹੀਂ ਬੋਲਦੇ ਜਦ ਭਾਜਪਾ ਵਿਧਾਇਕ ਨੇ ਕੁੜੀ ਨਾਲ ਬਲਾਤਕਾਰ ਕੀਤਾ, ਜਦ ਨੀਰਵ ਮੋਦੀ ਦੇਸ਼ ਛੱਡ ਕੇ ਭੱਜ ਗਿਆ। (ਪੀਟੀਆਈ)

Related Stories