ਕਮਜ਼ੋਰ ਦਿਲ ਵਾਲਿਆਂ ਲਈ ਖ਼ਤਰਨਾਕ ਹੋ ਸਕਦੈ ਕਰੋਨਾ ਦਾ ਹਮਲਾ, ਰਿਸਰਚ 'ਚ ਹੋਇਆ ਖੁਲਾਸਾ!

ਏਜੰਸੀ

ਖ਼ਬਰਾਂ, ਰਾਸ਼ਟਰੀ

ਦਿੱਲੀ ਸਥਿਤ ਹਸਪਤਾਲ ਵਲੋਂ ਕੀਤੇ ਗਏ ਅਧਿਐਨ 'ਚ ਹੋਇਆ ਖੁਲਾਸਾ

patients study

ਨਵੀਂ ਦਿੱਲੀ : ਕਰੋਨਾ ਨੂੰ ਆਮ ਤੌਰ 'ਤੇ ਸਾਹ ਦੀ ਸਮੱਸਿਆ ਨਾਲ ਜੂਝ ਰਹੇ ਮਰੀਜ਼ਾਂ ਲਈ ਜ਼ਿਆਦਾ ਨੁਕਸਾਨਦੇਹ ਮੰਨਿਆ ਜਾਂਦਾ ਹੈ। ਪਰ ਨਵੀਂ ਰਿਸਰਚ 'ਚ ਦੇ ਦਾਅਵੇ ਮੁਤਾਬਕ ਕਮਜ਼ੋਰ ਵਾਲੇ ਲੋਕਾਂ ਲਈ ਵੀ ਕਰੋਨਾ ਦਾ ਹਮਲਾ ਖ਼ਤਰਨਾਕ ਸਾਬਤ ਹੋ ਸਕਦਾ ਹੈ। ਇਸ ਸਬੰਧੀ ਤੱਥ ਰਾਜਧਾਨੀ ਦਿੱਲੀ ਸਥਿਤ ਇਕ ਵੱਡੇ ਸੁਪਰਸਪੈਸਲਿਟੀ ਹਸਪਤਾਲ ਵਲੋਂ ਕੀਤੇ ਗਏ ਅਧਿਐਨ 'ਚ ਸਾਹਮਣੇ ਆਏ ਹਨ।

ਸਥਾਨਕ ਜੀਬੀ ਪੰਤ ਹਸਪਤਾਲ 'ਚ ਦਿਲ 'ਤੇ ਕੀਤੇ ਗਏ ਅਧਿਐਨ 'ਚ ਦਾਅਵਾ ਕੀਤਾ ਗਿਆ ਹੈ ਕਿ ਕਰੋਨਾ ਵਾਇਰਸ ਦਿਲ ਦੇ ਮਰੀਜ਼ਾਂ ਲਈ ਵੀ ਘਾਤਕ ਸਾਬਤ ਹੋ ਸਕਦਾ ਹੈ। ਇਸ ਲਾਗ ਤੋਂ ਪ੍ਰਭਾਵਿਤ ਕਈ ਲੋਕਾਂ ਅੰਦਰ ਦਿਲ ਸਬੰਧੀ ਸਮੱਸਿਆ ਸਾਹਮਣੇ ਆਉਣ ਬਾਅਦ ਹਸਪਤਾਲ ਨੇ ਇਸ ਦਾ ਅਧਿਐਨ ਕੀਤਾ। ਰਿਸਰਚ 'ਚ ਸਾਹਮਣੇ ਆਇਆ ਕਿ ਜਿਹੜੇ ਮਰੀਜ਼ ਪਹਿਲਾਂ ਹੀ ਦਿਲ ਦੇ ਕਮਜ਼ੋਰ ਸਨ, ਉਨ੍ਹਾਂ 'ਚ ਕਰੋਨਾ ਦੀ ਲਾਗ ਤੋਂ ਬਾਅਦ ਦਿਲ ਦੇ ਦੌਰੇ ਦੇ ਮਾਮਲੇ ਵੱਧ ਪਾਏ ਗਏ ਹਨ।

ਇਹ ਅਧਿਐਨ 45 ਤੋਂ 80 ਸਾਲ ਦੇ ਉਨ੍ਹਾਂ 7 ਮਰੀਜ਼ਾਂ 'ਤੇ ਕੀਤਾ ਗਿਆ ਜੋ ਕਰੋਨਾ ਦੀ ਲਾਗ ਤੋਂ ਪੀੜਤ ਸਨ। ਇਨ੍ਹਾਂ ਮਰੀਜ਼ਾਂ ਅੰਦਰ ਕਰੋਨਾ ਲਾਗ ਤੋਂ ਬਾਅਦ ਦਿਲ ਨਾਲ ਸਬੰਧਤ ਸਮੱਸਿਆਵਾਂ ਸਾਹਮਣੇ ਆਈਆਂ ਹਨ। ਹਸਪਤਾਲ ਦੇ ਕਾਰਡੀਓਲੌਜੀ ਵਿਭਾਗ ਦੇ ਐਸੋਸੀਏਟ ਪ੍ਰੋਫ਼ੈਸਰ ਡਾ. ਅੰਕਿਤ ਬੰਸਲ ਦਾ ਕਹਿਣਾ ਹੈ ਕਿ ਇਕ ਸਿਹਤਮੰਦ ਵਿਅਕਤੀ ਦੀ ਸਾਧਾਰਨ ਹਾਲਤ 'ਚ ਦਿਲ ਦੀ ਗਤੀ 60 ਅਤੇ ਬੀਟ 100 ਬੀਟ ਪ੍ਰਤੀ ਮਿੰਟ (ਬੀ.ਪੀ.ਐਮ.) ਦੇ ਵਿਚ ਹੁੰਦੀ ਹੈ।

ਪਰ ਉਪਰੋਕਤ ਮਰੀਜ਼ਾਂ 'ਤੇ ਕੀਤੇ ਅਧਿਐਨ 'ਚ ਇਹ ਗੱਲ ਸਾਹਮਣੇ ਆਈ ਕਿ ਉਨ੍ਹਾਂ ਦੇ ਦਿਲ ਦੀ ਗਤੀ ਵੱਧ ਤੋਂ ਵੱਧ 42 ਬੀ.ਪੀ.ਐਮ ਅਤੇ ਘੱਟ ਤੋਂ ਘੱਟ 30 ਬੀ.ਪੀ.ਐਮ. ਸੀ ਜੋ ਸਾਧਾਰਨ ਨਾਲੋਂ ਬਹੁਤ ਘੱਟ ਸੀ। ਫ਼ਿਲਹਾਲ ਇਨ੍ਹਾਂ ਮਰੀਜ਼ਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।

ਇਨ੍ਹਾਂ ਵਿਚੋਂ ਪੰਜ ਮਰੀਜ਼ਾਂ ਨੂੰ ਸਥਾਈ ਫੇਸਮੇਕਰ ਲਗਾਇਆ ਗਿਆ ਹੈ। ਦੋ ਹੋਰ ਮਰੀਜ਼ਾਂ 'ਚ ਅਸਥਾਈ ਪੇਸਿੰਗ ਬਾਅਦ ਇਲਾਜ 'ਚ ਸੁਧਾਰ ਦਰਜ ਕੀਤਾ ਗਿਆ ਹੈ। ਇਸ ਅਧਿਐਨ ਦੇ ਨਤੀਜੇ ਇਸ ਗੱਲ ਵੱਲ ਇਸ਼ਾਰਾ ਕਰਦੇ ਹਨ ਕਿ ਕਰੋਨਾ ਪੀੜਤਾਂ 'ਚ ਦਿਲ ਦੀਆਂ ਸਮੱਸਿਆਵਾਂ ਦਾ ਖ਼ਤਰਾ ਵੀ ਵਧੇਰੇ ਹੁੰਦਾ ਹੈ।