ਵਿਦੇਸ਼ੀ ਉਡਾਨਾਂ 'ਤੇ ਪਾਬੰਦੀ 30 ਤਕ ਵਧੀ, ਯਾਤਰੀਆਂ ਦੇ ਦੇਸ਼ ਤੋਂ ਬਾਹਰ ਆਉਣ-ਜਾਣ 'ਤੇ ਰਹੇਗੀ ਰੋਕ!

ਏਜੰਸੀ

ਖ਼ਬਰਾਂ, ਰਾਸ਼ਟਰੀ

ਦੇਸ਼ ਅੰਦਰ ਮੈਟਰੋ ਸਮੇਤ ਕਈ ਖੇਤਰਾਂ 'ਚ ਮਿਲੀਆਂ ਰਿਹਾਇਤਾਂ

International Flights

ਨਵੀਂ ਦਿੱਲੀ :  ਦੇਸ਼ ਅੰਦਰ ਪਹਿਲੀ ਸਤੰਬਰ ਤੋਂ 20 ਸਤੰਬਰ ਤਕ ਅਨਲੌਕ-4 ਤਹਿਤ ਨਵੇਂ ਦਿਸ਼ਾ ਨਿਰਦੇਸ਼ ਜਾਰੀ ਹੋਏ ਹਨ। ਨਵੇਂ ਦਿਸ਼ਾ ਨਿਰਦੇਸ਼ਾਂ ਤਹਿਤ ਜਿੱਥੇ ਕਈ ਖੇਤਰਾਂ 'ਚ ਰਿਆਇਤਾਂ ਦਿਤੀਆਂ ਗਈਆਂ ਹਨ ਉਥੇ ਹੀ ਦੇਸ਼ ਅੰਦਰ ਕਰੋਨਾ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਅੰਤਰ-ਰਾਸ਼ਟਰੀ ਉਡਾਣਾਂ 'ਤੇ ਪਾਬੰਦੀ ਫ਼ਿਲਹਾਲ ਜਾਰੀ ਰੱਖੀ ਗਈ ਹੈ। ਅਨਲੌਕ-4 ਦੌਰਾਨ ਯਾਤਰੀਆਂ ਦੇ ਦੇਸ਼ ਤੋਂ ਬਾਹਰ ਜਾਣ ਅਤੇ ਆਉਣ 'ਤੇ ਰੋਕ ਜਾਰੀ ਰਹੇਗੀ। ਹਾਲਾਂਕਿ ਸਰਕਾਰ ਵਲੋਂ ਚਲਾਏ ਜਾ ਰਹੇ ਵਿਸ਼ੇਸ਼ ਜਹਾਜ਼ਾਂ ਦੀ ਸੇਵਾ ਜਾਰੀ ਰੱਖੀ ਗਈ ਹੈ।

ਅਨਲੌਕ-4 ਤਹਿਤ 20 ਸਤੰਬਰ ਤਕ ਸਕੂਲ ਤੇ ਕਾਲਜ ਵੀ ਬੰਦ ਰਹਿਣਗੇ। ਕੰਨਟੇਨਮੈਂਟ ਜ਼ੋਨ ਤੋਂ ਬਾਹਰ 9ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀ ਮਾਪਿਆਂ ਦੀ ਸਹਿਮਤੀ ਨਾਲ ਅਧਿਆਪਕਾਂ ਤੋਂ ਸਲਾਹ ਲੈਣ ਲਈ ਸਕੂਲ ਜਾ ਸਕਦੇ ਹਨ।

ਸਿਨੇਮਾ ਹਾਲ, ਸਵੀਮਿੰਗ ਪੂਲ, ਮਨੋਰੰਜਨ ਪਾਰਕ, ਥੀਏਟਰ (ਓਪਨ ਏਅਰ ਥੀਏਟਰ ਨੂੰ ਛੱਡ ਕੇ) 'ਤੇ ਕਿਸੇ ਵੀ ਤਰ੍ਹਾਂ ਦੀ ਗਤੀਵਿਧੀ 'ਤੇ ਪਾਬੰਦੀ ਰਹੇਗੀ। ਇਸੇ ਦੌਰਾਨ ਕੁੱਝ ਖੇਤਰਾਂ 'ਚ ਰਿਆਇਤਾਂ ਦਿਤੀਆਂ ਗਈਆਂ ਹਨ। ਇਨ੍ਹਾਂ 'ਚ ਮੈਟਰੋ ਸੇਵਾ ਵੀ ਸ਼ਾਮਲ ਹੈ। 7 ਸਤੰਬਰ ਤੋਂ ਦੇਸ਼ ਭਰ ਵਿਚ ਮੈਟਰੋ ਸੇਵਾ ਮੁੜ ਚਾਲੂ ਹੋ ਜਾਵੇਗੀ, ਜਿਸ ਸਬੰਧੀ ਹਦਾਇਤਾਂ ਜਾਰੀ ਕਰ ਦਿਤੀਆਂ ਗਈਆਂ ਹਨ।

ਇਸੇ ਤਰ੍ਹਾਂ ਸਮਾਜਿਕ, ਧਾਰਮਕ ਤੇ ਸਿਆਸੀ ਇਕੱਠਾਂ ਲਈ ਵੀ ਨਵੀਆਂ ਹਦਾਇਤਾਂ ਮੁਤਾਬਕ ਵਿਸ਼ੇਸ਼ ਛੋਟਾਂ ਦਿਤਆਂ ਗਈਆਂ ਹਨ। ਹੁਣ ਇਨ੍ਹਾਂ ਇਕੱਠਾਂ 'ਚ 100 ਵਿਅਕਤੀ ਇਕੱਠੇ ਹੋਣ ਦੀ ਇਜਾਜ਼ਤ ਮਿਲ ਗਈ ਹੈ। ਇਹ ਛੋਟ 21 ਸਤੰਬਰ ਤੋਂ ਲਾਗੂ ਹੋਵੇਗੀ। ਇਸੇ ਤਰ੍ਹਾਂ ਮਾਰਚ ਮਹੀਨੇ ਤੋਂ ਬੰਦੀ ਦਾ ਸਾਹਮਣਾ ਕਰ ਰਹੇ ਬਾਰ ਨੂੰ ਵੀ ਪਹਿਲੀ ਸਤੰਬਰ ਤੋਂ ਮੁੜ ਖੋਲ੍ਹਣ ਦੀ ਇਜਾਜ਼ਤ ਮਿਲ ਗਈ ਹੈ।

ਕਾਬਲੇਗੌਰ ਹੈ ਕਿ ਦੇਸ਼ ਅੰਦਰ ਕਰੋਨਾ ਕੇਸਾਂ ਦਾ ਵਧਣਾ ਭਾਵੇਂ ਜਾਰੀ ਹੈ, ਪਰ ਦੇਸ਼ ਅੰਦਰ ਮੰਦੀ ਅਤੇ ਬੇਰੁਜ਼ਗਾਰੀ ਦੇ ਖ਼ਤਰੇ ਨੂੰ ਭਾਂਪਦਿਆਂ ਸਰਕਾਰ ਹੁਣ ਜ਼ਿਆਦਾਤਰ ਪਾਬੰਦੀਆਂ ਨੂੰ ਹਟਾਉਣ ਦੇ ਹੱਕ ਵਿਚ ਹੈ। ਦੇਸ਼ ਅੰਦਰ ਹਰ ਖੇਤਰ ਇਸ ਸਮੇਂ ਮੰਦੀ ਦੀ ਸਮੱਸਿਆ ਨਾਲ ਜੂਝ ਰਿਹਾ ਹੈ। ਵੱਡੀ ਗਿਣਤੀ ਲੋਕਾਂ ਨੂੰ ਹੁਣ ਦੋ ਵਕਤ ਦੀ ਰੋਜ਼ੀ-ਰੋਟੀ ਲਈ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ਮਾਹੌਲ 'ਚ ਪਾਬੰਦੀਆਂ ਨੂੰ ਜ਼ਿਆਦਾ ਦੇਰ ਤਕ ਜਾਰੀ ਰੱਖਣਾ ਨਾਮੁਮਕਿਨ ਬਣਦਾ ਜਾ ਰਿਹਾ ਹੈ।