ਜਿਸ ਪਿੰਡ 'ਚ ਮਾਂ ਨੇ ਸਬਜ਼ੀ ਵੇਚੀ, ਬੇਟਾ ਉਥੇ ਖੋਲੇਗਾ ਹਸਪਤਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜਦ ਮੈਂ ਛੁੱਟੀਆਂ ਤੇ ਘਰ ਜਾਂਦਾ ਤਾਂ ਮਾਂ ਸਬਜ਼ੀ ਵੇਚਣ ਨਹੀਂ ਸੀ ਜਾਂਦੀ ਤਾਂ ਕਿ ਮੈਨੂੰ ਪਤਾ ਨਾ ਚਲੇ।

King George's Medical University

ਲਖਨਊ , ( ਪੀਟੀਆਈ ) :  ਕੇਜੀਐਮ ਦੇ ਕਨਵੋਕੇਸ਼ਨ ਸਮਾਗਮ ਵਿਚ ਗੋਲਡ ਮੈਡਲ ਪਾਉਣ ਵਾਲੇ ਡਾਕਟਰ ਮੇਘਨਾਥਨ ਦਾ ਜੀਵਨ ਹੋਰਨਾਂ ਲਈ ਪ੍ਰੇਰਣਾਦਾਇਕ ਹੈ। ਸਮਾਗਮ ਵਿਚ ਪੀਡੀਆਟ੍ਰਿਕਸ ਵਿਚ ਗੋਲਡ ਮੈਡਲ ਪ੍ਰਾਪਤ ਕਰਨ ਵਾਲੇ ਡਾ. ਮੇਘਨਾਥਨ ਅਪਣੇ ਸੰਘਰਸ਼ ਦੇ ਦਿਨਾਂ ਨੂੰ ਯਾਦ ਕਰਦਿਆਂ ਰੋ ਪਏ। ਉਨ੍ਹਾਂ ਕਿਹਾ ਕਿ ਮੈਨੂੰ ਪਤਾ ਸੀ ਕਿ ਮੇਰੀ ਫੀਸ ਭਰਨ ਲਈ ਅਤੇ ਘਰ ਦਾ ਖਰਚ ਚਲਾਉਣ ਲਈ ਮਾਂ ਨੂੰ ਸਬਜ਼ੀ ਵੇਚਣੀ ਪੈ ਰਹੀ ਹੈ ਪਰ ਉਨ੍ਹਾਂ ਨੇ ਇਹ ਗੱਲ ਮੈਨੂੰ ਕਦੇ ਨਹੀਂ ਦੱਸੀ।

ਜਦ ਮੈਂ ਛੁੱਟੀਆਂ ਤੇ ਘਰ ਜਾਂਦਾ ਤਾਂ ਮਾਂ ਸਬਜ਼ੀ ਵੇਚਣ ਨਹੀਂ ਸੀ ਜਾਂਦੀ ਤਾਂ ਕਿ ਮੈਨੂੰ ਪਤਾ ਨਾ ਚਲੇ। ਉਨ੍ਹਾਂ ਕਿਹਾ ਕਿ ਅੱਜ ਮੇਰੀ ਮਾਂ ਦਾ ਤੱਪ ਸਫਲ ਹੋ ਗਿਆ ਹੈ। ਮੈਂ ਪਿੰਡ ਵਿਚ ਮਾਂ ਦੇ ਨਾਮ ਤੇ ਬੱਚਿਆਂ ਦਾ ਹਸਪਤਾਲ ਖੋਲ ਕੇ ਲੋਕਾਂ ਦੀ ਸੇਵਾ ਕਰਨਾ ਚਾਹੁੰਦਾ ਹਾਂ। ਮੇਘਨਾਥਨ ਨੇ ਦੱਸਿਆ ਕਿ ਐਮਬੀਬੀਐਸ ਦੇ ਦੂਜੇ ਸਾਲ ਵਿਚ ਪੜਦਿਆਂ ਉਨ੍ਹਾਂ ਦੇ ਪਿਤਾ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ। ਪਿਤਾ ਦੀ ਮੌਤ ਤੋਂ ਬਾਅਦ ਘਰ ਵਿਚ ਕਮਾਉਣ ਵਾਲਾ ਕੋਈ ਨਹੀਂ ਸੀ ਅਤੇ ਮੇਰੇ ਕੋਲ ਵੀ ਆਮਦਨ ਦਾ ਕੋਈ ਰਾਹ ਨਹੀਂ ਸੀ।

ਪੜਾਈ ਵਿਚਕਾਰ ਹੀ ਛੱਡ ਦੇਣ ਦਾ ਫੈਸਲਾ ਕਰ ਚੁੱਕੇ ਮੇਘਨਾਥਨ ਨੂੰ ਉਸ ਦੀ ਮਾਂ ਨੇ ਹੌਂਸਲਾ ਦਿਤਾ। ਮਾਂ ਨੇ ਕਿਹਾ ਕਿ ਮੈਂ ਅਪਣੇ ਪਿਤਾ ਦੀ ਇੱਛਾ ਪੂਰੀ ਕਰਾਂ ਅਤੇ ਡਾਕਟਰ ਬਣਾ। ਬਿਨਾਂ ਪੈਸਿਆਂ ਦੇ ਮੇਰੀ ਪੜਾਈ ਕਿਵੇਂ ਹੋਵੇਗੀ ਇਹ ਫੈਸਲਾ ਡਾ.ਮੇਘਨਾਥਨ ਨੇ ਮਾਂ ਦੀ ਮਜ਼ਬੂਤ ਇੱਛਾਸ਼ਕਤੀ ਅਤੇ ਰੱਬ ਤੇ ਛੱਡ ਦਿਤਾ। ਪੜਾਈ ਲਈ ਉਹ ਵਾਪਸ ਮੈਡੀਕਲ ਕਾਲਜ ਆ ਗਏ।

ਡਾ. ਮੇਘਨਾਥਨ ਨੇ ਮੁਸ਼ਕਲ ਸਮੇਂ ਵਿਚ ਹੀ ਦਿਨ ਰਾਤ ਮਿਹਨਤ ਕੀਤੀ ਅਤੇ ਪੀਡੀਆਟ੍ਰਿਕਸ ਵਿਚ ਗੋਲਡ ਮੈਡਲ ਜਿੱਤ ਕੇ ਅਪਣੀ ਮਾਂ ਦੀ ਮਿਹਨਤ ਨੂੰ ਕਾਮਯਾਬ ਕੀਤਾ। ਡਾ.ਮੇਘਨਾਥਨ ਨੇ ਤਮਿਲਨਾਡੂ ਤੋਂ ਐਮਬੀਬੀਐਸ ਦੀ ਪੜਾਈ ਪੂਰੀ ਕੀਤੀ ਸੀ। ਉਸ ਤੋਂ ਬਾਅਦ ਕੇਜੀਐਮਯੂ ਵਿਚ ਦਾਖਲਾ ਮਿਲ ਗਿਆ ਤਾਂ ਐਮਡੀ ਦੀ ਪੜਾਈ ਵੀ ਪੂਰੀ ਕੀਤੀ।