ਕਰਨਾਟਕ ਦੀ ਬੀਜੇਪੀ ਸਰਕਾਰ ਸਕੂਲੀ ਕਿਤਾਬਾਂ ਤੋਂ ਹਟਾਏਗੀ ਟਿਪੂ ਸੁਲਤਾਨ ਦਾ ਚੈਪਟਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਰਨਾਟਕ ਦੀ ਭਾਜਪਾ ਸਰਕਾਰ ਸਕੂਲੀ ਇਤਿਹਾਸ ਦੀਆਂ ਕਿਤਾਬਾਂ ਤੋਂ 18ਵੀਂ ਸਦੀ ਦੇ ਮੈਸੂਰ...

Tipu sultan

ਬੈਂਗਲੁਰੂ: ਕਰਨਾਟਕ ਦੀ ਭਾਜਪਾ ਸਰਕਾਰ ਸਕੂਲੀ ਇਤਿਹਾਸ ਦੀਆਂ ਕਿਤਾਬਾਂ ਤੋਂ 18ਵੀਂ ਸਦੀ ਦੇ ਮੈਸੂਰ ਦੇ ਸ਼ਾਸਕ ਟੀਪੂ ਸੁਲਤਾਨ ਨਾਲ ਸਬੰਧਤ ਚੈਪਟਰ ਹਟਾਏਗੀ ਕਿਉਂਕਿ ਉਹ ਅੱਤਿਆਚਾਰੀ ਸੀ ਤੇ ਉਸ ਨੇ ਹਿੰਦੂਆਂ ਦਾ ਸੋਸ਼ਣ ਕੀਤਾ ਸੀ। ਕਾਂਗਰਸ ਨੇ ਸਰਕਾਰ ਦੇ ਇਸ ਫ਼ੈਸਲੇ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਮੁੱਖ ਮੰਤਰੀ ਬੀਐੱਸ ਯੇਦੀਯੁਰੱਪਾ ਨੇ ਬੁੱਧਵਾਰ ਨੂੰ ਕਿਹਾ ਕਿ ਟੀਪੂ ਸੁਲਤਾਨ 'ਤੇ ਚੈਪਟਰ ਪਾਠ ਪੁਸਤਕਾਂ 'ਚ ਨਹੀਂ ਹੋਣਾ ਚਾਹੀਦਾ, ਅਸੀਂ ਇਸ ਨੂੰ ਜਾਰੀ ਨਹੀਂ ਰਹਿਣ ਦਿਆਂਗੇ। ਅਸੀਂ ਪਹਿਲਾਂ ਹੀ 10 ਨਵੰਬਰ ਨੂੰ ਟੀਪੂ ਸੁਲਤਾਨ ਜੈਅੰਤੀ ਨੂੰ ਸਰਕਾਰੀ ਸਮਾਗਮ ਦੇ ਤੌਰ 'ਤੇ ਨਹੀਂ ਮਨਾਉਣ ਦਾ ਫ਼ੈਸਲਾ ਕਰ ਚੁੱਕੇ ਹਾਂ।

ਕਿਉਂਕਿ ਉਹ ਵਿਵਾਦਤ ਸ਼ਾਸਕ ਸੀ ਤੇ ਉਹ ਜ਼ਬਰੀ ਧਰਮ ਤਬਦੀਲੀ, ਮੰਦਰਾਂ ਨੂੰ ਤੋੜਨ ਤੇ ਹਿੰਦੂਆਂ 'ਤੇ ਅੱਤਿਆਚਾਰ 'ਚ ਸ਼ਾਮਿਲ ਸੀ। ਮੈਂ ਉਨ੍ਹਾਂ ਲੋਕਾਂ ਨਾਲ ਸਹਿਮਤ ਨਹੀਂ ਹਾਂ, ਜਿਹੜੇ ਕਹਿੰਦੇ ਹਨ ਕਿ ਟੀਪੂ ਸੁਲਤਾਨ ਆਜ਼ਾਦੀ ਘੁਲਾਟੀਆ ਸੀ। ਇਸ ਤੋਂ ਪਹਿਲਾਂ 28 ਅਕਤੂਬਰ ਨੂੰ ਸੂਬੇ ਦੇ ਸਿੱਖਿਆ ਮੰਤਰੀ ਸੁਰੇਸ਼ ਕੁਮਾਰ ਨੇ ਕਰਨਾਟਕ ਟੈਕਸਟ ਬੁੱਕ ਸੁਸਾਇਟੀ ਦੇ ਮੈਨੇਜਿੰਗ ਡਾਇਰੈਕਟਰ ਨੂੰ ਭਾਜਪਾ ਵਿਧਾਇਕ ਏ. ਰੰਜਨ ਦੇ ਮਤੇ 'ਤੇ ਤਿੰਨ ਦਿਨਾਂ ਦੇ ਅੰਦਰ ਰਿਪੋਰਟ ਦਾਖ਼ਲ ਕਰਨ ਦਾ ਨਿਰਦੇਸ਼ ਦਿੱਤਾ ਸੀ।

ਰੰਜਨ ਨੇ ਇਤਿਹਾਸ ਦੀਆਂ ਸਾਰੀਆਂ ਪਾਠ ਪੁਸਤਕਾਂ 'ਚੋਂ ਟੀਪੂ ਸੁਲਤਾਨ ਦਾ ਸੰਦਰਭ ਹਟਾਉਣ ਦੀ ਤਜਵੀਜ਼ ਰੱਖੀ ਸੀ। ਸੁਰੇਸ਼ ਕੁਮਾਰ ਨੂੰ ਲਿਖੇ ਪੱਤਰ 'ਚ ਰੰਜਨ ਦਾ ਕਹਿਣਾ ਸੀ ਕਿ ਪਾਠ ਪੁਸਤਕਾਂ 'ਚ ਟੀਪੂ ਆਜ਼ਾਦੀ ਘੁਲਾਟੀਏ ਦੇ ਤੌਰ 'ਤੇ ਦਿਖਾਇਆ ਗਿਆ ਹੈ ਤੇ ਇਤਿਹਾਸ ਗ਼ਲਤ ਤੱਥਾਂ ਦੇ ਆਧਾਰ 'ਤੇ ਨਹੀਂ ਲਿਖਿਆ ਜਾਣਾ ਚਾਹੀਦਾ। ਉਨ੍ਹਾਂ ਦਾ ਕਹਿਣਾ ਸੀ ਕਿ ਟੀਪੂ ਕੋਡਾਗੂ, ਮੈਂਗਲੁਰੂ ਤੇ ਸੂਬੇ ਦੇ ਹੋਰ ਹਿੱਸਿਆਂ 'ਚ ਆਪਣੇ ਸੂਬੇ ਨੂੰ ਵਧਾਉਣ ਆਇਆ ਸੀ। ਉਸ ਦੇ ਮਨ 'ਚ ਕੰਨੜ ਭਾਸ਼ਾ ਲਈ ਕੋਈ ਸਨਮਾਨ ਨਹੀਂ ਸੀ ਕਿਉਂਕਿ ਉਸ ਦੀ ਪ੍ਰਸ਼ਾਸਨਿਕ ਭਾਸ਼ਾ ਫਾਰਸੀ ਸੀ।

ਉਸ ਨੇ ਕਈ ਥਾਵਾਂ ਦੇ ਨਾਂ ਵੀ ਬਦਲੇ ਸਨ, ਜਿਵੇਂ ਮਦੀਕੇਰੀ ਦਾ ਜ਼ਾਫਰਾਬਾਦ ਤੇ ਮੈਂਗਲੁਰੂ ਦਾ ਜ਼ਲਾਲਾਬਾਦ। ਉਸ ਨੇ ਕਈ ਮੰਦਰਾਂ ਤੇ ਇਸਾਈ ਚਰਚਾਂ ਨੂੰ ਵੀ ਲੁੱਟਿਆ ਸੀ। ਕੋਡਗੂ 'ਚ ਉਸ ਨੇ 30 ਹਜਾਰ ਕੋਡਾਵਾ ਲੋਕਾਂ ਦੀ ਧਰਮ ਤਬਦੀਲੀ ਕਰਵਾਈ ਸੀ। ਟੀਪੂ ਸੁਲਤਾਨ ਦੇ ਵੰਸ਼ਜ ਮੁਹੰਮਦ ਸ਼ਾਹਿਦ ਆਲਮ ਨੇ ਸੂਬਾ ਸਰਕਾਰ ਦੇ ਇਸ ਫ਼ੈਸਲੇ ਨੂੰ ਸ਼ਰਮਨਾਕ ਦੱਸਦਿਆਂ ਕਿਹਾ ਕਿ ਵੋਟ ਬੈਂਕ ਦੀ ਸਿਆਸਤ ਲਈ ਸਾਬਕਾ ਸ਼ਾਸ਼ਕ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਕਾਂਗਰਸ ਨੇਤਾ ਤੇ ਸਾਬਕਾ ਮੁੱਖ ਮੰਤਰੀ ਸਿੱਧਰਮਈਆ ਨੇ ਭਾਜਪਾ ਨੂੰ ਕੱਟੜ ਦੱਸਦਿਆਂ ਕਿਹਾ ਕਿ ਸਿਲੇਬਸ 'ਚੋਂ ਟੀਪੂ ਦਾ ਚੈਪਟਰ ਹਟਾਉਣਾ ਇਤਿਹਾਸ ਨੂੰ ਤੋੜਨਾ ਮਰੋੜਨਾ ਨਹੀਂ ਚਾਹੀਦਾ। ਸਾਨੂੰ ਬੱਚਿਆਂ ਨੂੰ ਇਤਿਹਾਸ ਪੜ੍ਹਾਉਣਾ ਪਵੇਗਾ ਤੇ ਉਸ ਤੋਂ ਸਿੱਖਣਾ ਪਵੇਗਾ। ਸੂਬਾਈ ਕਾਂਗਰਸ ਪ੍ਰਧਾਨ ਦਿਨੇਸ਼ ਗੁੰਡੂ ਰਾਓ ਨੇ ਸਵਾਲ ਕੀਤਾ ਕੀ ਯੇਦੀਯੁਰੱਪਾ ਟੀਪੂ 'ਤੇ ਚੈਪਟਰ ਹਟਾਉਣ ਦੇ ਮਾਹਰ ਹਨ।