ਬਦਲ ਗਿਆ ਇਤਿਹਾਸ, ਅੱਧੀ ਰਾਤ ਤੋਂ ਜੰਮੂ-ਕਸ਼ਮੀਰ ਅਤੇ ਲਦਾਖ ਬਣੇ ਕੇਂਦਰ ਸ਼ਾਸਤ ਪ੍ਰਦੇਸ਼

ਏਜੰਸੀ

ਖ਼ਬਰਾਂ, ਰਾਸ਼ਟਰੀ

ਜੰਮੂ-ਕਸ਼ਮੀਰ ਦਾ ਵਿਸ਼ੇਸ਼ ਸੂਬੇ ਦਾ ਦਰਜਾ ਬੁੱਧਵਾਰ ਅੱਧੀ ਰਾਤ ਨੂੰ ਖਤਮ ਹੋ ਗਿਆ। ਇਸ ਦੇ ਨਾਲ ਹੀ ਦੋ ਨਵੇਂ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ-ਕਸ਼ਮੀਰ ਅਤੇ ਲਦਾਖ ਹੋਂਦ ਵਿਚ ਆ ਗਏ।

State Officially Split Into Two Union Territories

ਸ੍ਰੀਨਗਰ: ਜੰਮੂ-ਕਸ਼ਮੀਰ ਦਾ ਵਿਸ਼ੇਸ਼ ਸੂਬੇ ਦਾ ਦਰਜਾ ਬੁੱਧਵਾਰ ਅੱਧੀ ਰਾਤ ਨੂੰ ਖਤਮ ਹੋ ਗਿਆ। ਇਸ ਦੇ ਨਾਲ ਹੀ ਦੋ ਨਵੇਂ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ-ਕਸ਼ਮੀਰ ਅਤੇ ਲਦਾਖ ਹੋਂਦ ਵਿਚ ਆ ਗਏ। ਧਾਰਾ 370 ਦੇ ਤਹਿਤ ਮਿਲੇ ਵਿਸ਼ੇਸ਼ ਦਰਜੇ ਨੂੰ ਸੰਸਦ ਵੱਲੋਂ ਖਤਮ ਕੀਤੇ ਜਾਣ ਤੋਂ 86 ਦਿਨ ਬਾਅਦ ਇਹ ਫੈਸਲਾ ਪ੍ਰਭਾਵਸ਼ਾਲੀ ਹੋਇਆ ਹੈ। ਵੀਰਵਾਰ ਸਵੇਰੇ ਰਾਧਾ ਕ੍ਰਿਸ਼ਨ ਮਾਥੁਰ ਨੇ ਲਦਾਖ ਦੇ ਪਹਿਲੇ ਰਾਜਪਾਲ ਦੇ ਤੌਰ ‘ਤੇ ਸਹੁੰ ਚੁੱਕੀ।

ਦੱਸ ਦਈਏ ਕਿ ਰਾਧਾ ਕ੍ਰਿਸ਼ਨ ਮਾਥੁਰ ਤ੍ਰਿਪੁਰਾ ਕੈਡਰ ਦੇ ਆਈਏਐਸ ਅਫਸਰ ਹਨ ਅਤੇ ਰੱਖਿਆ ਸੈਕਟਰੀ ਰਹਿ ਚੁੱਕੇ ਹਨ। ਆਈਏਐਸ ਅਧਿਕਾਰੀ ਉਮੰਗ ਨਰੂਲਾ ਨੂੰ ਲਦਾਖ ਦੇ ਉਪ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਉੱਥੇ ਹੀ ਜੰਮੂ-ਕਸ਼ਮੀਰ ਦੇ ਪਹਿਲੇ ਉਪ ਰਾਜਪਾਲ ਗਿਰੀਸ਼ ਚੰਦਰ ਮੁਰਮੂ ਨੇ ਵੀ ਅੱਜ ਅਹੁਦਾ ਸੰਭਾਲ ਲਿਆ ਹੈ।

ਗ੍ਰਹਿ ਮੰਤਰਾਲੇ ਨੇ ਬੁੱਧਵਾਰ ਨੂੰ ਜੰਮੂ-ਕਸ਼ਮੀਰ ਅਤੇ ਲਦਾਖ ਦੇ ਕੇਂਦਰ ਸ਼ਾਸਤ ਪ੍ਰਦੇਸ਼ ਹੋਣ ਦੀ ਸੂਚਨਾ ਜਾਰੀ ਕਰ ਦਿੱਤੀ। ਦੇਰ ਰਾਤ ਜਾਰੀ ਸੂਚਨਾ ਵਿਚ ਮੰਤਰਾਲੇ ਦੇ ਜੰਮੂ-ਕਸ਼ਮੀਰ ਵਿਭਾਗ ਨੇ ਰਾਜ ਵਿਚ ਕੇਂਦਰੀ ਕਾਨੂੰਨਾਂ ਨੂੰ ਲਾਗੂ ਕਰਨ ਸਮੇਤ ਕਈ ਕਦਮਾਂ ਦਾ ਐਲਾਨ ਕੀਤਾ ਹੈ। ਜੰਮੂ-ਕਸ਼ਮੀਰ ਅਤੇ ਲਦਾਖ ਦੇ ਕੇਂਦਰ ਸ਼ਾਸਤ ਪ੍ਰਦੇਸ਼ ਬਣਦੇ ਹੀ ਦੇਸ਼ ਵਿਚ ਸੂਬਿਆਂ ਦੀ ਗਿਣਤੀ 28 ਰਹਿ ਗਈ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਗਿਣਤੀ ਵਧ ਕੇ 9 ਹੋ ਗਈ। ਇਸ ਦੇ ਨਾਲ ਹੀ ਜੰਮੂ-ਕਸ਼ਮੀਰ ਦੇ ਸੰਵਿਧਾਨ ਅਤੇ ਰਣਬੀਰ ਪੈਨਲ ਕੋਡ ਦੀ ਹੋਂਦ ਅੱਜ ਖਤਮ ਹੋ ਜਾਵੇਗੀ।

ਕਾਨੂੰਨ ਮੁਤਾਬਕ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ-ਕਸ਼ਮੀਰ ਵਿਚ ਪੁਡੂਚੇਰੀ ਦੀ ਤਰ੍ਹਾਂ ਹੀ ਵਿਧਾਨ ਸਭਾ ਹੋਵੇਗੀ ਜਦਕਿ ਲਦਾਖ ਚੰਡੀਗੜ੍ਹ ਦੀ ਤਰਜ ‘ਤੇ ਬਿਨਾਂ ਵਿਧਾਨ ਸਭਾ ਵਾਲਾ ਕੇਂਦਰ ਸ਼ਾਸਤ ਪ੍ਰਦੇਸ਼ ਹੋਵੇਗਾ। ਵੀਰਵਾਰ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਬਣਨ ਦੇ ਨਾਲ ਹੀ ਜੰਮੂ-ਕਸ਼ਮੀਰ ਦੀ ਕਾਨੂੰਨ ਵਿਵਸਥਾ ਅਤੇ ਪੁਲਿਸ ‘ਤੇ ਕੇਂਦਰ ਦਾ ਸਿੱਧਾ ਕੰਟਰੋਲ ਹੋਵੇਗਾ ਜਦਕਿ ਜ਼ਮੀਨ ਉਥੇ ਚੁਣੀ ਸਰਕਾਰ ਦੇ ਅਧੀਨ ਹੋਵੇਗੀ। ਲਦਾਖ ਕੇਂਦਰ ਸ਼ਾਸਤ ਪ੍ਰਦੇਸ਼ ਕੇਂਦਰ ਸਰਕਾਰ ਦੇ ਸਿੱਧੇ ਕੰਟਰੋਲ ਵਿਚ ਹੋਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।