ਰਾਸ਼ਟਰੀ ਏਕਤਾ ਦਿਵਸ 'ਤੇ ਬੋਲੇ ਮੋਦੀ- ਗੁਆਂਢੀ ਮੁਲਕ ਦੀ ਸੰਸਦ ਵਿਚ ਸਵੀਕਾਰਿਆ ਗਿਆ ਪੁਲਵਾਮਾ ਦਾ ਸੱਚ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੀਐਮ ਮੋਦੀ ਨੇ 'ਸਟੈਚੂ ਆਫ ਯੂਨਿਟੀ' ਜਾ ਕੇ ਸਰਦਾਰ ਵੱਲਭ ਭਾਈ ਪਟੇਲ ਨੂੰ ਦਿੱਤੀ ਸ਼ਰਧਾਂਜਲੀ

PM Modi

ਨਵੀਂ ਦਿੱਲੀ: ਅਜ਼ਾਦ ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਦਾ ਜਨਮ ਦਿਨ ਅੱਜ ਰਾਸ਼ਟਰੀ ਏਕਤਾ ਦਿਵਸ ਦੇ ਰੂਪ ਵਿਚ ਮਨਾਇਆ ਜਾ ਰਿਹਾ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਨੂੰ ਕੇਵੜੀਆ ਵਿਚ ਸ਼ਰਧਾਂਜਲੀ ਦਿੱਤੀ। 

ਉਹਨਾਂ ਨੇ ਦੇਸ਼ ਵਾਸੀਆਂ ਨੂੰ ਸਰਦਾਰ ਪਟੇਲ ਜਯੰਤੀ ਦੀਆਂ ਵਧਾਈਆਂ ਦਿੱਤੀਆਂ। ਦੇਸ਼ ਨੂੰ ਸੰਬੋਧਨ ਕਰਦਿਆਂ ਪੀਐਮ ਮੋਦੀ ਨੇ ਕਿਹਾ, 'ਸਰਦਾਰ ਪਟੇਲ ਨੇ ਸੈਂਕੜੇ ਰਿਆਸਤਾਂ, ਰਾਜੇ-ਰਜਵਾੜਿਆਂ ਨੂੰ ਇਕ ਕਰਕੇ ਦੇਸ਼ ਦੀ ਵਿਭਿੰਨਤਾ ਨੂੰ ਭਾਰਤ ਦਾ ਅਧਾਰ ਬਣਾ ਕੇ ਹਿੰਦੁਸਤਾਨ ਨੂੰ ਮੌਜੂਦਾ ਰੂਪ ਦਿੱਤਾ।

ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਪੁਲਵਾਮਾ ਹਮਲੇ ਦਾ ਜ਼ਿਕਰ ਕੀਤਾ। ਵਿਰੋਧੀਆਂ 'ਤੇ ਹਮਲਾ ਬੋਲਦਿਆਂ ਉਹਨਾਂ ਕਿਹਾ, 'ਦੇਸ਼ ਕਦੀ ਭੁੱਲ ਨਹੀਂ ਸਕਦਾ ਕਿ ਜਦੋਂ ਸਾਡੇ ਬਹਾਦਰ ਪੁੱਤਰਾਂ ਦੇ ਜਾਣ ਨਾਲ ਪੂਰਾ ਦੇਸ਼ ਦੁਖੀ ਸੀ, ਉਦੋਂ ਕੁਝ ਲੋਕ ਉਸ ਦੁੱਖ ਵਿਚ ਸ਼ਾਮਲ ਨਹੀਂ ਸੀ, ਉਹ ਪੁਲਵਾਮਾ ਵਿਚ ਅਪਣਾ ਸਿਆਸੀ ਸਵਾਰਥ ਦੇਖ ਰਹੇ ਸੀ'।

ਇਸ ਤੋਂ ਪਹਿਲਾਂ ਪੀਐਮ ਮੋਦੀ ਨੇ 'ਸਟੈਚੂ ਆਫ ਯੂਨਿਟੀ' ਜਾ ਕੇ ਸਰਦਾਰ ਪਟੇਲ ਨੂੰ ਸ਼ਰਧਾਂਜਲੀ ਦਿੱਤੀ। ਪੀਐਮ ਮੋਦੀ ਨੇ ਸ਼ਰਧਾਂਜਲੀ ਦੇਣ ਤੋਂ ਬਾਅਦ ਕੇਵੜੀਆ ਵਿਚ 'ਰਾਸ਼ਟਰੀ ਏਕਤਾ ਦਿਵਸ' ਪਰੇਡ ਵਿਚ ਵੀ ਹਿੱਸਾ ਲਿਆ। ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨ ਦੇ ਗੁਜਰਾਤ ਦੌਰੇ 'ਤੇ ਹਨ।

ਅੱਜ ਉਹਨਾਂ ਦੇ ਗੁਜਰਾਤ ਦੌਰੇ ਦਾ ਆਖਰੀ ਦਿਨ ਹੈ। ਅੱਜ ਉਹ ਕੇਵੜੀਆ ਵਿਚ ਵਾਟਰ ਆਡੀਟੋਰੀਅਮ ਦਾ ਉਦਘਾਟਨ ਕਰਨਗੇ। ਇਸ ਤੋਂ ਇਲਾਵਾ ਵੀ ਉਹ ਕਈ ਪ੍ਰਾਜੈਕਟਾਂ ਦਾ ਉਦਘਾਟਨ ਕਰਨਗੇ। ਉੱਥੇ ਹੀ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ, ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਕਈ ਆਗੂਆਂ ਨੇ ਸਰਕਾਰ ਵੱਲਭ ਭਾਈ ਪਟੇਲ ਨੂੰ ਸ਼ਰਧਾਂਜਲੀ ਭੇਂਟ ਕੀਤੀ।