ਕਰੀਡਾ ਭਾਰਤੀ ਦੇ ਪ੍ਰੋਗਰਾਮ ਦੌਰਾਨ ਆਰਐਸਐਸ ਵਰਕਰਾਂ ਦੀ ਝੜਪ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਆਰਐਸਐਸ ਵੱਲੋਂ ਇਸ ਝੜਪ 'ਤੇ ਕੋਈ ਪ੍ਰਤੀਕਿਰਿਆ ਅਜੇ ਸਾਹਮਣੇ ਨਹੀਂ ਆਈ ਹੈ

RSS +Workers Fought With Each Other

ਧੰਨਬਾਦ : ਰਾਸ਼ਟਰੀ ਸਵੈ-ਸੇਵਕ ਸੰਘ ਮੁਖੀ ਮੋਹਨ ਭਾਗਵਤ ਦੇ ਝਾਰਖੰਡ ਦੇ ਧਨਬਾਦ ਵਿਖੇ ਆਉਣ 'ਤੇ ਆਰਐਸਐਸ ਵਰਕਰਾਂ ਦੀ ਆਪਸ ਵਿਚ ਝੜਪ ਹੋ ਗਈ। ਵਰਕਰਾਂ ਨੇ ਇਕ ਦੂਜੇ ਨੂੰ ਗਾਲਾਂ ਕੱਢੀਆਂ ਅਤੇ ਕੁੱਟ ਮਾਰ ਵੀ ਕੀਤੀ। ਆਰਐਸਐਸ ਵੱਲੋਂ ਇਸ 'ਤੇ ਕੋਈ ਪ੍ਰਤੀਕਿਰਿਆ ਅਜੇ ਸਾਹਮਣੇ ਨਹੀਂ ਆਈ ਹੈ। ਧਨਬਾਦ ਦੇ ਨੇੜੇ ਬਰਵੜਾ ਵਿਖੇ ਕਰੀਡਾ ਭਾਰਤੀ ਦੇ ਤਿੰਨ ਰੋਜ਼ਾ ਕੌਮੀ ਕੈਂਪ ਦੇ ਸਮਾਪਤੀ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਭਾਗਵਤ ਨੇ ਕਿਹਾ ਕਿ ਭਾਰਤ ਨੂੰ ਤਾਕਤਵਰ ਬਣਨ ਲਈ ਖੇਡਾਂ ਵਿਚ ਵਧੀਆ ਪ੍ਰਦਰਸ਼ਨ ਕਰਨਾ ਪਵੇਗਾ।

ਉਹਨਾਂ ਨੇ ਖਿਡਾਰੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਅਪਣੀ ਮਿਹਨਤ ਨਾਲ ਦੇਸ਼ ਨੂੰ ਅੰਤਰਰਾਸ਼ਟਰੀ ਖੇਡਾਂ ਦੀ ਦੁਨੀਆਂ ਵਿਚ ਸਿਖਰ 'ਤੇ ਪਹੁੰਚਾਉਣ। ਉਹਨਾਂ ਕਿਹਾ ਕਿ ਜੇਕਰ ਭਾਰਤ ਖੇਡਾਂ ਵਿਚ ਅਪਣੀ ਵਿਸ਼ੇਸ਼ ਥਾਂ ਬਣਾਉਣ ਵਿਚ ਕਾਮਯਾਬ ਰਹਿੰਦਾ ਹੈ ਤਾਂ ਦੁਨੀਆਂ ਇਸ ਨੂੰ ਤਾਕਤਵਰ ਦੇਸ਼ ਮੰਨੇਗੀ। ਭਾਗਵਤ ਨੇ ਕਿਹਾ ਕਿ ਫ਼ੌਜ ਕਰਮਚਾਰੀਆਂ ਦੀ ਤਰ੍ਹਾਂ ਹੀ ਸਾਰੀ ਦੁਨੀਆਂ ਵਿਚ ਖਿਡਾਰੀਆਂ ਨੂੰ ਸਨਮਾਨ ਮਿਲਦਾ ਹੈ।

ਜੋ ਦੇਸ਼ ਖੇਡਾਂ ਵਿਚ ਵਧੀਆ ਪ੍ਰਦਰਸ਼ਨ ਕਰਦੇ ਹਨ ਉਹਨਾਂ ਨੂੰ ਮਹਾਨ ਸਮਝਿਆ ਜਾਂਦਾ ਹੈ। ਦੱਸ ਦਈਏ ਕਿ ਭਾਗਵਤ ਝਾਰਖੰਡ ਦੇ ਮੁੱਖ ਮੰਤਰੀ ਰਘੂਵਰ ਦਾਸ ਦੇ ਨਾਲ ਸਟੇਡੀਅਮ ਪੁੱਜੇ ਸਨ। ਉਹਨਾਂ ਕਿਹਾ ਕਿ ਖੇਡਾਂ ਦਾ ਲੋਕਾਂ ਦੇ ਨਿਜੀ ਜੀਵਨ 'ਤੇ ਹੀ ਨਹੀਂ ਸਗੋਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖੇਤਰਾਂ 'ਤੇ ਵੀ ਅਸਰ ਹੁੰਦਾ ਹੈ। ਉਹਨਾਂ ਕਿਹਾ ਕਿ ਖੇਡਾਂ ਦੀ ਦੁਨੀਆਂ ਵਿਚ ਮੁਕਾਬਲਾ ਬਹੁਤ ਸਖ਼ਤ ਹੈ।

ਇਸੇ ਕਾਰਨ ਖਿਡਾਰੀਆਂ ਨੂੰ ਦੁਨੀਆਂ ਵਿਚ ਫ਼ੌਜ ਦੇ ਕਰਮਚਾਰੀਆਂ ਦੀ ਤਰ੍ਹਾਂ ਸਮਝਿਆ ਜਾਂਦਾ ਹੈ। ਅਮਰੀਕਾ ਅਤੇ ਯੂਰਪੀ ਦੇਸ਼ ਇਸ ਤੱਥ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਅਤੇ ਇਸੇ ਕਾਰਨ ਉਹ ਖੇਡਾਂ ਵਿਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਦਾ ਉਤਸ਼ਾਹ ਵਧਾਉਂਦੇ ਹਨ। ਭਾਗਵਤ ਨੇ ਕਿਹਾ ਕਿ ਇਥੇ ਤੱਕ ਕਿ ਚੀਨ ਨੇ ਵੀ ਖੇਡਾਂ ਵੱਲ ਧਿਆਨ ਦਿਤਾ ਹੈ ਅਤੇ ਉਹ ਲਗਾਤਾਰ ਇਸ ਵਿਚ ਵਧੀਆ ਪ੍ਰਦਰਸ਼ਨ ਕਰ ਰਿਹਾ ਹੈ।