ਸੀਬੀਆਈ ਨੇ 2 ਆਈਏਐਸ ਅਧਿਕਾਰੀਆਂ ਦੇ ਘਰਾਂ ਦੀ ਲਈ ਤਲਾਸ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੰਮੂ ਕਸ਼ਮੀਰ 'ਚ 14 ਜਗ੍ਹਾ ਮਾਰੇ ਛਾਪੇ

CBI

ਜੰਮੂ (ਸਰਬਜੀਤ ਸਿੰਘ) : ਸੀਬੀਆਈ ਨੇ ਸੋਮਵਾਰ ਨੂੰ  ਨਵੇਂ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ-ਕਸ਼ਮੀਰ ਵਿਚ 14 ਥਾਵਾਂ ਦੇ ਛਾਪਾਮਾਰੀ ਕੀਤੀ।  ਜਿਸ ਵਿਚ ਦੋ ਆਈਏਐਸ ਅਧਿਕਾਰੀ ਯਸ਼ਾ ਮੁਦਗਲ ਅਤੇ ਕੁਮਾਰ ਰਾਜੀਵ ਰੰਜਨ ਵੀ ਸ਼ਾਮਲ ਸਨ, ਸੀਬੀਆਈ ਬੰਦੂਕ-ਲਾਇਸੈਂਸ ਦੇ ਘੁਟਾਲੇ ਦੀ ਜਾਂਚ ਕਰ ਰਹੀ ਹੈ। ਸੀਬੀਆਈ ਵੱਲੋਂ ਇਹ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਨਿਯਮਾਂ ਦੀ ਅਣਦੇਖੀ ਕਰਦਿਆਂ ਬਾਹਰੀ ਲੋਕਾਂ ਨੂੰ ਅਸਲਾ ਲਾਇਸੈਂਸ ਜਾਰੀ ਕੀਤੇ ਗਏ ਸਨ।

ਇਸ ਧਾਂਦਲੀ ਵਿਚ ਕਈ ਅਧਿਕਾਰੀ ਸ਼ਾਮਲ ਸਨ। ਸੀਬੀਆਈ ਇਸ ਕੇਸ ਦੀ ਜਾਂਚ ਕਰ ਰਹੀ ਹੈ। ਸੀਬੀਆਈ ਨੇ ਸੋਮਵਾਰ ਨੂੰ ਸ੍ਰੀਨਗਰ, ਜੰਮੂ, ਕੁਪਵਾੜਾ, ਬਾਰਾਮੂਲਾ, ਉਧਮਪੁਰ, ਕਿਸ਼ਤਵਾੜ, ਸ਼ੋਪੀਆਂ, ਰਾਜੌਰੀ, ਡੋਡਾ, ਪੁਲਵਾਮਾ 14 ਥਾਵਾਂ 'ਤੇ ਛਾਪੇ ਮਾਰੇ।ਸੂਤਰਾਂ ਨੇ ਦੱਸਿਆ ਕਿ ਸੀਬੀਆਈ ਦੀ ਇਹ ਕਾਰਵਾਈ ਜੰਮੂ-ਕਸ਼ਮੀਰ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਲਗਭਗ 2 ਲੱਖ ਅਸਲਾ ਲਾਇਸੈਂਸ ਜਾਰੀ ਕਰਨ ਦੇ ਦੋਸ਼ਾਂ ਨਾਲ ਸਬੰਧਤ ਦੋ ਮਾਮਲਿਆਂ ਵਿੱਚ ਕੀਤੀ ਗਈ ਹੈ।

ਇਹ ਵੀ ਦੋਸ਼ ਲਗਾਇਆ ਗਿਆ ਹੈ ਕਿ ਨਿਯਮਾਂ ਦੀ ਉਲੰਘਣਾ ਕਰਦਿਆਂ ਤਤਕਾਲੀ ਅਧਿਕਾਰੀਆਂ ਨੇ ਜੰਮੂ-ਕਸ਼ਮੀਰ ਦੇ ਗੈਰ-ਵਸਨੀਕਾਂ ਨੂੰ ਅਸਲਾ ਲਾਇਸੈਂਸ ਜਾਰੀ ਕੀਤੇ ਸਨ। ਵੇਰਵਿਆਂ ਦਿੰਦਿਆਂ ਸੀਬੀਆਈ ਅਧਿਕਾਰੀਆਂ ਨੇ ਦੱਸਿਆ ਕਿ ਤਲਾਸ਼ੀ ਦੌਰਾਨ ਕਸ਼ਮੀਰ ਦੇ 3 ਥਾਵਾਂ, ਜੰਮੂ ਵਿਚ 11 ਥਾਵਾਂ ਵਿੱਚ ਕੀਤੀ ਗਈ ਤਲਾਸ਼ੀ ਦੌਰਾਨ ਬੈਂਕ ਸਟੇਟਮੈਂਟਾਂ ਸਮੇਤ ਕੇਸਾਂ ਨਾਲ ਸਬੰਧਤ ਕਈ ਦਸਤਾਵੇਜ਼ ਬਰਾਮਦ ਕੀਤੇ ਗਏ ਹਨ।

ਉਨ੍ਹਾਂ ਨੇ ਕਿਹਾ ਕਿ ਕੇਂਦਰ ਸ਼ਾਸਤ ਪ੍ਰਦੇਸ਼ ਵਜੋਂ ਰਾਜ ਦੇ ਪੁਨਰਗਠਨ ਤੋਂ ਬਾਅਦ ਜੰਮੂ-ਕਸ਼ਮੀਰ ਵਿਚ ਏਜੰਸੀ ਦਾ ਇਹ ਪਹਿਲਾ ਵੱਡਾ ਛਾਪਾ ਹੈ, ਜਿਸ ਤਹਿਤ ਸੀਬੀਆਈ ਨੂੰ ਦਿੱਲੀ ਸਪੈਸ਼ਲ ਪੁਲਿਸ ਸਥਾਪਨਾ ਐਕਟ ਅਧੀਨ ਕੰਮ ਕਰਨ ਦਾ ਅਧਿਕਾਰ ਪ੍ਰਾਪਤ ਹੋਇਆ ਹੈ।