ਬਰਗਾੜੀ ਬੇਅਦਬੀ ਮਾਮਲਿਆਂ ਦੀ ਜਾਂਚ ਸੀਬੀਆਈ ਨੂੰ ਕਰਨ ਦਾ ਕੋਈ ਅਧਿਕਾਰ ਨਹੀਂ : ਭਾਈ ਮੰਡ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਬਰਗਾੜੀ ਦੇ ਗੁਰਦਵਾਰਾ ਸਾਹਿਬ 'ਚ 11 ਵਜੇ ਤੋਂ ਪਹਿਲਾਂ ਹੀ ਪੰਥਕ ਜਥੇਬੰਦੀਆਂ ਦੇ ਕਰੀਬ 30 ਵਿਅਕਤੀ ਜੁੜ ਗਏ ਅਤੇ ਉਨ੍ਹਾਂ ਸੀਬੀਆਈ ਟੀਮ ਦਾ ਵਿਰੋਧ ਕਰਨ ਦਾ ਫ਼ੈਸਲਾ ਕਰ ਲਿਆ।

Bhai Dhian Singh Mand

ਕੋਟਕਪੂਰਾ (ਗੁਰਿੰਦਰ ਸਿੰਘ) : ਬਰਗਾੜੀ ਬੇਅਦਬੀ ਮਾਮਲਿਆਂ ਦੀ ਜਾਂਚ ਨਵੇਂ ਸਿਰੇ ਤੋਂ ਕਰਨ ਦਾ ਦਾਅਵਾ ਕਰ ਕੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਅਤੇ ਬਰਗਾੜੀ ਵਿਖੇ ਪੁਛਗਿੱਛ ਕਰਨ ਲਈ ਆ ਰਹੀ ਸੀਬੀਆਈ ਦੀ ਟੀਮ ਪਿੰਡ ਬੁਰਜ ਤੋਂ ਬਾਅਦ ਬਰਗਾੜੀ ਵਿਖੇ ਜਾਣ ਦੀ ਬਜਾਇ ਫ਼ਰੀਦਕੋਟ ਲਈ ਰਵਾਨਾ ਹੋ ਗਈ ਕਿਉਂਕਿ ਬਰਗਾੜੀ ਵਿਖੇ ਉਕਤ ਟੀਮ ਦਾ ਵਿਰੋਧ ਕਰਨ ਲਈ ਪੰਥਕ ਜਥੇਬੰਦੀਆਂ ਦੇ ਆਗੂ ਪਹਿਲਾਂ ਤੋਂ ਹੀ ਮੌਜੂਦ ਸਨ।

ਬਰਗਾੜੀ ਦੇ ਗੁਰਦਵਾਰਾ ਸਾਹਿਬ 'ਚ 11 ਵਜੇ ਤੋਂ ਪਹਿਲਾਂ ਹੀ ਪੰਥਕ ਜਥੇਬੰਦੀਆਂ ਦੇ ਕਰੀਬ 30 ਵਿਅਕਤੀ ਜੁੜ ਗਏ ਅਤੇ ਉਨ੍ਹਾਂ ਸੀਬੀਆਈ ਟੀਮ ਦਾ ਵਿਰੋਧ ਕਰਨ ਦਾ ਫ਼ੈਸਲਾ ਕਰ ਲਿਆ। ਸੀਬੀਆਈ ਦੀ ਟੀਮ ਤਾਂ ਭਾਵੇਂ ਉਥੇ ਨਹੀਂ ਪੁੱਜੀ ਪਰ ਭਾਈ ਧਿਆਨ ਸਿੰਘ ਮੰਡ, ਭਾਈ ਗੁਰਦੀਪ ਸਿੰਘ ਬਠਿੰਡਾ, ਡਾ. ਬਲਵੀਰ ਸਿੰਘ ਸਰਾਵਾਂ, ਰਣਜੀਤ ਸਿੰਘ ਵਾਂਦਰ, ਸੁਖਪਾਲ ਸਿੰਘ ਬਰਗਾੜੀ ਅਤੇ ਗੁਰਮੁਖ ਸਿੰਘ ਆਦਿ ਨੇ ਸੀਬੀਆਈ ਦਾ ਵਿਰੋਧ ਕਰਨ ਦਾ ਦਾਅਵਾ ਕਰਦਿਆਂ ਆਖਿਆ ਕਿ ਸੀਬੀਆਈ ਵਲੋਂ ਬੇਅਦਬੀ ਕਾਂਡ ਦੇ ਸੁਲਝੇ ਸੁਲਝਾਏ ਮਾਮਲੇ 'ਚ ਭੰਬਲਭੂਸਾ ਖੜਾ ਕਰਨ ਦੀ ਸੰਭਾਵਨਾ ਹੈ।

ਉਹਨਾਂ ਕਿਹਾ ਜਦੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ, ਡੀਆਈਜੀ ਰਣਬੀਰ ਸਿੰਘ ਖੱਟੜਾ ਦੀ ਅਗਵਾਈ ਵਾਲੀ ਐਸਆਈਟੀ ਅਤੇ ਕੁੰਵਰਵਿਜੈ ਪ੍ਰਤਾਪ ਸਿੰਘ ਆਈ.ਜੀ. ਦੀ ਐਸਆਈਟੀ ਨੇ ਬੇਅਦਬੀ ਕਾਂਡ ਅਤੇ ਉਸ ਤੋਂ ਬਾਅਦ ਵਾਪਰੀਆਂ ਘਟਨਾਵਾਂ ਦੀ ਨਿਰਪੱਖ ਅਤੇ ਮੁਕੰਮਲ ਜਾਂਚ ਕਰ ਦਿਤੀ ਹੈ, ਦੋਸ਼ੀ ਵੀ ਜਨਤਕ ਹੋ ਗਏ ਹਨ ਤਾਂ ਸੀਬੀਆਈ ਵਲੋਂ ਪੇਸ਼ ਕੀਤੀ ਕਲੋਜ਼ਰ ਰੀਪੋਰਟ ਨੇ ਸੱਭ ਕੁੱਝ ਸਪੱਸ਼ਟ ਕਰ ਦਿਤਾ ਸੀ ਕਿ ਕੇਂਦਰ ਜਾਂ ਰਾਜ ਸਰਕਾਰਾਂ ਦੋਸ਼ੀਆਂ ਨੂੰ ਬਚਾਉਣ ਲਈ ਯਤਨਸ਼ੀਲ ਹਨ।

ਭਾਈ ਮੰਡ ਅਤੇ ਗੁਰਦੀਪ ਸਿੰਘ ਬਠਿੰਡਾ ਨੇ ਆਖਿਆ ਕਿ ਜਦੋਂ ਕੈਪਟਨ ਸਰਕਾਰ ਵਲੋਂ ਬਕਾਇਦਾ ਵਿਧਾਨ ਸਭਾ 'ਚ ਐਸਆਈਟੀ ਤੋਂ ਜਾਂਚ ਕਰਵਾਉਣ ਅਤੇ ਸੀਬੀਆਈ ਤੋਂ ਵਾਪਸ ਲੈਣ ਸਬੰਧੀ ਮਤਾ ਪਾਸ ਕੀਤਾ ਜਾ ਚੁੱਕਾ ਹੈ ਤਾਂ ਉਕਤ ਮਤੇ ਨੂੰ ਲਾਗੂ ਕਿਉਂ ਨਹੀਂ ਕਰਵਾਇਆ ਜਾ ਰਿਹਾ? ਉਨ੍ਹਾਂ ਦੋਸ਼ ਲਾਇਆ ਕਿ ਕੈਪਟਨ ਅਮਰਿੰਦਰ ਸਿੰਘ ਵੀ ਬਾਦਲਾਂ ਦੇ ਦਬਾਅ ਕਰ ਕੇ ਦੋਸ਼ੀਆਂ ਵਿਰੁਧ ਕਾਰਵਾਈ ਕਰਨ 'ਚ ਦਿਲਚਸਪੀ ਨਹੀਂ ਦਿਖਾ ਰਹੇ। ਉਨ੍ਹਾਂ ਕਿਹਾ ਕਿ ਉਹ ਉਕਤ ਮਾਮਲਿਆਂ ਦੀ ਜਾਂਚ ਸੀਬੀਆਈ ਨੂੰ ਕਰਨ ਦੀ ਕਤੱਈ ਇਜਾਜ਼ਤ ਨਹੀਂ ਦੇਣਗੇ।

ਇਸ ਬਾਰੇ ਭਾਵੇਂ ਉਨ੍ਹਾਂ ਨੂੰ ਸੰਘਰਸ਼ ਕਿੰਨਾ ਵੀ ਤਿੱਖਾ ਕਿਉਂ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਲਈ ਆਈ.ਜੀ. ਕੁੰਵਰਵਿਜੈ ਪ੍ਰਤਾਪ ਸਿੰਘ ਨੂੰ ਪੂਰੇ ਅਧਿਕਾਰ ਮਿਲਣੇ ਚਾਹੀਦੇ ਹਨ ਕਿਉਂਕਿ ਪੀੜਤ ਪਰਵਾਰਾਂ ਦੇ ਨਾਲ-ਨਾਲ ਸਿੱਖ ਸੰਸਥਾਵਾਂ, ਪੰਥਕ ਜਥੇਬੰਦੀਆਂ ਅਤੇ ਪੰਥਦਰਦੀਆਂ ਨੂੰ ਕੁੰਵਰਵਿਜੈ ਪ੍ਰਤਾਪ ਦੀ ਜਾਂਚ 'ਤੇ ਪੂਰਨ ਭਰੋਸਾ ਹੈ।

ਭਾਈ ਧਿਆਨ ਸਿੰਘ ਮੰਡ ਅਤੇ ਗੁਰਦੀਪ ਸਿੰਘ ਬਠਿੰਡਾ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਮਾਫ਼ੀ ਦੇ ਮਾਮਲੇ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਲੋਕ ਸਭਾ 'ਚ ਦਿਤੇ ਬਿਆਨ ਪ੍ਰਤੀ ਹੈਰਾਨੀ, ਦੁੱਖ ਅਤੇ ਨਰਾਜ਼ਗੀ ਪ੍ਰਗਟ ਕਰਦਿਆਂ ਆਖਿਆ ਕਿ ਰਾਜੋਆਣਾ ਦੇ ਮਾਮਲੇ 'ਚ ਜੇਕਰ ਬਾਦਲਾਂ ਦੀ ਭਾਈਵਾਲ ਪਾਰਟੀ ਮੁਕਰ ਰਹੀ ਹੈ ਤਾਂ ਬਾਦਲਾਂ ਵਲੋਂ ਅਫ਼ਸੋਸ ਕਰ ਕੇ ਖ਼ਾਨਾਪੂਰਤੀ ਕਰਨੀ ਹੀ ਕਾਫ਼ੀ ਨਹੀਂ ਮੰਨੀ ਜਾਵੇਗੀ, ਜੇਕਰ ਉਨ੍ਹਾਂ ਨੂੰ ਐਨਾ ਹੀ ਦਰਦ ਹੈ ਤਾਂ ਹਰਸਿਮਰਤ ਕੌਰ ਬਾਦਲ ਬਿਨਾਂ ਦੇਰੀ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਵੇ। ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਹੇਠ ਦਿੱਲੀ ਅਤੇ ਪੰਜਾਬ ਦੇ ਅਕਾਲੀ ਦਲ ਬਾਦਲ ਨਾਲ ਸਬੰਧਤ ਆਗੂ ਪਾਰਲੀਮੈਂਟ ਮੂਹਰੇ ਧਰਨਾ ਦੇ ਕੇ ਰੋਸ ਪ੍ਰਗਟਾਉਣ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।