ਕਾਰ ‘ਤੇ Fastag ਦੀ ਵਰਤੋਂ ਕਰਨ ਵਾਲਿਆਂ ਲਈ ਖੁਸ਼ਖ਼ਬਰੀ! RBI ਨੇ ਅਸਾਨ ਕੀਤੇ ਨਿਯਮ, ਪੜ੍ਹੋ ਪੂਰੀ ਖ਼ਬਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੇਂਦਰ ਸਰਕਾਰ ਨੇ ਨੈਸ਼ਨਲ ਹਾਈਵੇਅ ਦੇ ਟੋਲ ਪਲਾਜ਼ਾ ‘ਤੇ 15 ਦਸੰਬਰ ਤੋਂ ਵਾਹਨਾਂ ਲਈ ਫਾਸਟੈਗ ਲਾਜ਼ਮੀ ਕਰ ਦਿੱਤਾ ਹੈ।

File Photo

ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਨੈਸ਼ਨਲ ਹਾਈਵੇਅ ਦੇ ਟੋਲ ਪਲਾਜ਼ਾ ‘ਤੇ 15 ਦਸੰਬਰ ਤੋਂ ਵਾਹਨਾਂ ਲਈ ਫਾਸਟੈਗ ਲਾਜ਼ਮੀ ਕਰ ਦਿੱਤਾ ਹੈ। ਜੇਕਰ ਕੋਈ ਵਾਹਨ ਬਿਨਾਂ ਫਾਸਟੈਗ ਦੇ ਟੋਲ ਪਲਾਜ਼ਾ ਦੀ ਫਾਸਟੈਗ ਲੇਨ ਤੋਂ ਗੁਜ਼ਰੇਗਾ ਤਾਂ ਉਸ ਨੂੰ ਦੁੱਗਣਾ ਟੋਲ ਟੈਕਸ ਦੇਣਾ ਪਵੇਗਾ। ਹਾਲਾਂਕਿ ਪਹਿਲੇ ਇਕ ਮਹੀਨੇ ਤੱਕ ਯਾਨੀ 15 ਜਨਵਰੀ 2020 ਤੱਕ ਹਰ ਹਾਈਵੇਅ ‘ਤੇ ਇਕ-ਚੌਥਾਈ ਟੋਲ ਬੂਥ ‘ਤੇ ਨਗਦ ਅਤੇ ਫਾਸਟੈਗ ਦੋਵਾਂ ਨਾਲ ਹੀ ਭੁਗਤਾਨ ਹੋ ਸਕੇਗਾ।

ਦੱਸ ਦਈਏ ਕਿ ਭਾਰਤੀ ਰਿਜ਼ਰਵ ਬੈਂਕ ਨੇ ਫਾਸਟੈਗ ਨੂੰ ਰਿਚਾਰਜ ਕਰਾਉਣ ਦੇ ਨਿਯਮ ਅਸਾਨ ਕਰ ਦਿੱਤੇ ਹਨ ਯਾਨੀ ਹੁਣ ਤੁਸੀਂ ਯੂਪੀਆਈ, ਏਟੀਐਮ ਅਤੇ ਕ੍ਰੈਡਿਟ ਕਾਰਡਸ, ਪ੍ਰੀਪੇਡ ਇੰਸਟਰੂਮੈਂਟਸ ਨਾਲ ਵੀ ਫਾਸਟੈਗ ਨੂੰ ਰਿਚਾਰਜ ਕਰ ਸਕਦੇ ਹੋ। ਆਰਬੀਆਈ ਵੱਲੋਂ 30 ਦਸੰਬਰ 2019 ਨੂੰ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਗਾਹਕ ਆਪਣੇ ਫਾਸਟੈਗ ਖਾਤਿਆਂ ਨੂੰ ਸਾਰੇ ਅਧਿਕਾਰਤ ਮਾਡਲਾਂ ਅਤੇ ਭੁਗਤਾਨਾਂ ਦੇ ਸਾਧਨਾਂ ਨਾਲ ਲਿੰਕ ਕਰ ਸਕਦੇ ਹਨ।

ਇਹਨਾਂ ਵਿਚ ਯੂਪੀਆਈ ਅਕਾਊਂਟਸ ਅਤੇ ਮੋਬਾਈਲ ਵਾਲੇਟ ਵੀ ਸ਼ਾਮਲ ਹੋਣਗੇ। ਆਰਬੀਆਈ ਨੇ ਕਿਹਾ ਹੈ ਕਿ ਗ੍ਰਾਹਕਾਂ ਲਈ ਭੁਗਤਾਨ ਦੇ ਜ਼ਿਆਦਾ ਵਿਕਲਪ ਦੇ ਕੇ ਇਸ ਸਿਸਟਮ ਦਾ ਘੇਰਾ ਵਧਾਉਣ ਅਤੇ ਸਿਸਟਮ ਭਾਗੀਦਾਰ ਵਿਚ ਮੁਕਾਬਲਾ ਵਧਾਉਣ ਦੇ ਇਰਾਦੇ ਨਾਲ ਸਾਰੇ ਅਧਿਕਾਰਤ ਭੁਗਤਾਨ ਪ੍ਰਣਾਲੀਆਂ ਨੂੰ ਹੁਣ ਫਾਸਟੈਗਜ ਨਾਲ ਲਿੰਕ ਕਰਨ ਦੀ ਇਜਾਜ਼ਤ ਹੋਵੇਗੀ।

ਕੁਝ ਦਿਨ ਪਹਿਲਾਂ ਭਾਰਤੀ ਰਾਸ਼ਟਰੀ ਭੁਗਤਾਨ ਨਿਗਮ ਨੇ ਗ੍ਰਾਹਕਾਂ ਨੂੰ ਐਨਈਟੀਸੀ ਫਾਸਟੈਗ ਨੂੰ ਭੀਮ ਯੂਪੀਆਈ ਨਾਲ ਰਿਚਾਰਜ ਕਰਨ ਲਈ ਵਿਕਲਪ ਦਿੱਤਾ। ਐਨਪੀਸੀਆਈ ਨੇ ਕਿਹਾ ਕਿ ਭੀਮ ਯੂਪੀਆਈ ਅਧਾਰਿਤ ਮੋਬਾਈਲ ਐਪ ਦੇ ਜ਼ਰੀਏ ਵਾਹਨ ਮਾਲਕ ਰਸਤੇ ਵਿਚ ਚਲਦੇ-ਚਲਦੇ ਵੀ ਅਪਣੇ ਫਾਸਟੈਗ ਨੂੰ ਰਿਚਾਰਜ ਕਰ ਸਕਣਗੇ ਅਤੇ ਉਹਨਾਂ ਨੂੰ ਟੋਲ ਪਲਾਜ਼ਾ ‘ਤੇ ਲੰਬੀਆਂ ਲਾਈਨਾਂ ਵਿਚ ਲੱਗਣ ਲੋੜ ਨਹੀਂ।