ਰੋਜ਼ਾਨਾ ਗੋਲੀਬਾਰੀ ਦੀਆਂ ਘਟਨਾਵਾਂ ਪੁਲਿਸ ਦੀ ਨਾਕਾਮੀ ਦਾ ਨਤੀਜਾ : ਨਰੇਸ਼ ਗੁਜਰਾਲ

ਏਜੰਸੀ

ਖ਼ਬਰਾਂ, ਰਾਜਨੀਤੀ

ਕਿਹਾ - ਸਾਡਾ ਦੇਸ਼ ਮਹਾਤਮਾ ਗਾਂਧੀ ਅਤੇ ਗੌਤਮ ਬੁੱਧ ਦਾ ਦੇਸ਼ ਹੈ, ਜਿੱਥੇ ਹਿੰਸਾ ਲਈ ਕੋਈ ਥਾਂ ਨਹੀਂ ਹੈ

Naresh Gujral

ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਦੇ ਇਸ ਮੈਂਬਰ ਨੇ ਸੋਮਵਾਰ ਨੂੰ ਰਾਜ ਸਭਾ 'ਚ ਕਿਹਾ ਕਿ ਆਏ ਦਿਨ ਹੋਣ ਵਾਲੀਆਂ ਗੋਲੀਬਾਰੀ ਦੀਆਂ ਘਟਨਾਵਾਂ ਪੁਲਿਸ ਦੀ ਨਾਕਾਮੀ ਦਾ ਨਤੀਜਾ ਹਨ ਅਤੇ ਇਸ 'ਤੇ ਰੋਕ ਲਗਾਉਣ ਲਈ ਪੁਲਿਸ ਸੁਧਾਰਾਂ 'ਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ। ਉੱਚ ਸਦਨ 'ਚ ਸਿਫ਼ਰ ਕਾਲ ਵਿਚ ਇਹ ਮੁੱਦਾ ਚੁੱਕਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨਰੇਸ਼ ਗੁਜਰਾਲ ਨੇ ਕਿਹਾ, "ਦੇਸ਼ 'ਚ ਮੌਜੂਦਾ ਸਮੇਂ ਹਥਿਆਰ ਕਲਚਰ ਵੱਧ ਗਿਆ ਹੈ। ਆਏ ਦਿਨ ਗੋਲੀਬਾਰੀ ਦੀਆਂ ਘਟਨਾਵਾਂ ਹੋਣ ਦੀਆਂ ਖ਼ਬਰਾਂ ਆਉਂਦੀਆਂ ਹਨ। ਸਾਡਾ ਦੇਸ਼ ਮਹਾਤਮਾ ਗਾਂਧੀ ਅਤੇ ਗੌਤਮ ਬੁੱਧ ਦਾ ਦੇਸ਼ ਹੈ, ਜਿੱਥੇ ਹਿੰਸਾ ਲਈ ਕੋਈ ਥਾਂ ਨਹੀਂ ਹੈ। ਇਥੇ ਬੰਦੂਕਾਂ ਦੀ ਅੰਨ੍ਹੇਵਾਹ ਹੋ ਰਹੀ ਵਰਤੋਂ ਚਿੰਤਾ ਦਾ ਵਿਸ਼ਾ ਹੈ।"

ਗੁਜਰਾਲ ਨੇ ਕਿਹਾ, "ਹਾਲਾਂਕਿ ਕਾਨੂੰਨ ਵਿਵਸਥਾ ਸੂਬੇ ਦਾ ਵਿਸ਼ਾ ਹੈ ਪਰ ਹਾਲਾਤ ਵੇਖਦਿਆਂ ਕੇਂਦਰ ਸਰਕਾਰ ਨੂੰ ਇਸ ਸਬੰਧੀ ਕਦਮ ਚੁੱਕਣੇ ਚਾਹੀਦੇ ਹਨ। ਇਹ ਮਾਮਲਾ ਕੇਂਦਰ-ਸੂਬੇ ਦੀਆਂ ਬੈਠਕਾਂ 'ਚ ਵੀ ਚੁੱਕਿਆ ਜਾਣਾ ਚਾਹੀਦਾ ਹੈ। ਰੋਜ਼ਾਨਾ ਹੋਣ ਵਾਲੀ ਗੋਲੀਬਾਰੀ ਦੀਆਂ ਘਟਨਾਵਾਂ ਪੁਲਿਸ ਦੀ ਨਾਕਾਮੀ ਦਾ ਨਤੀਜਾ ਹੈ ਅਤੇ ਇਨ੍ਹਾਂ 'ਤੇ ਰੋਕ ਲਗਾਉਣ ਲਈ ਪੁਲਿਸ ਸੁਧਾਰਾਂ 'ਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ।"

ਸਿਫ਼ਰ ਕਾਲ 'ਚ ਕਾਂਗਰਸ ਦੇ ਵਿਪਲਵ ਠਾਕੁਰ ਨੇ ਦਿੱਲੀ ਅਤੇ ਧਰਮਸ਼ਾਲਾ ਵਿਚਕਾਰ ਉਡਾਨਾਂ ਦੇ ਹਵਾਈ ਕਿਰਾਏ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਦਿੱਲੀ ਅਤੇ ਧਰਮਸ਼ਾਲਾ ਵਿਚਕਾਰ ਸਪਾਈਸ ਜੈਟ ਅਤੇ ਏਅਰ ਇੰਡੀਆ ਦੀਆਂ ਉਡਾਨਾਂ ਹਨ ਅਤੇ ਕਿਰਾਇਆ 10,000 ਤੋਂ ਲੈ ਕੇ 25,000 ਰੁਪਏ ਤਕ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਕਿਰਾਏ ਦਾ ਸੂਬੇ ਦੇ ਸੈਰ-ਸਪਾਟਾ ਅਤੇ ਰੁਜ਼ਗਾਰ 'ਤੇ ਮਾੜਾ ਪ੍ਰਭਾਵ ਪਵੇਗਾ।

ਕਾਂਗਰਸ ਦੇ ਮੋਤੀਲਾਲਾ ਵੋਰਾ ਨੇ ਵਿਦਿਆਰਥੀਆਂ 'ਚ ਨਸ਼ੇ ਦੀ ਵੱਧ ਰਹੀ ਸਮੱਸਿਆ ਦਾ ਮੁੱਦਾ ਵੀ ਚੁੱਕਿਆ। ਉਨ੍ਹਾਂ ਕਿਹਾ ਕਿ ਹਾਲ ਹੀ 'ਚ ਪੂਰਬੀ ਦਿੱਲੀ ਨਗਰ ਨਿਗਮ ਦੇ ਸਕੂਲਾਂ 'ਚ 8 ਤੋਂ 14 ਸਾਲ ਤਕ ਦੇ ਬੱਚਿਆਂ ਵਿਚਕਾਰ ਇਕ ਸਰਵੇਖਣ ਕਰਵਾਇਆ ਗਿਆ। ਸਰਵੇਖਣ 'ਚ ਪਤਾ ਲੱਗਿਆ ਕਿ 12 ਹਜ਼ਾਰ ਤੋਂ ਵੱਧ ਬੱਚੇ ਨਸ਼ੀਲੀ ਦਵਾਈਆਂ ਲੈਂਦੇ ਹਨ। 8000 ਤੋਂ ਵੱਧ ਬੱਚੇ ਸੁਪਾਰੀ ਤੇ ਅਫ਼ੀਮ ਦੀ ਵਰਤੋਂ ਕਰਦੇ ਹਨ। 1000 ਤੋਂ ਵੱਧ ਬੱਚੇ ਬੀੜੀ ਜਾਂ ਸਿਗਰਟ ਪੀਂਦੇ ਹਨ ਅਤੇ 200 ਤੋਂ ਵੱਧ ਬੱਚੇ ਸ਼ਰਾਬ ਪੀਂਦੇ ਹਨ। ਉਨ੍ਹਾਂ ਨੇ ਸਰਕਾਰ ਨੂੰ ਸਰਕਾਰੀ ਸਕੂਲਾਂ ਦਾ ਸਰਵੇ ਕਰਵਾਉਣ ਅਤੇ ਸੂਬਿਆਂ ਨਾਲ ਮੀਟਿੰਗ ਕਰ ਕੇ ਸਖ਼ਤ ਕਦਮ ਚੁੱਕਣ ਦੀ ਮੰਗ ਕੀਤੀ।