ਪੰਜਾਬ ਦੀਆਂ 59 ਸੀਟਾਂ 'ਤੇ ਵਿਧਾਨਸਭਾ ਚੋਣ ਲੜੇਗੀ ਭਾਜਪਾ, ਅਕਾਲੀ ਦਲ ਨੂੰ ਦਰਕਿਨਾਰ ਕਰਨ ਦੀ ਤਿਆਰੀ!

ਏਜੰਸੀ

ਖ਼ਬਰਾਂ, ਰਾਜਨੀਤੀ

ਪੰਜਾਬ ਭਾਜਪਾ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਭਾਜਪਾ 59 ਸੀਟਾਂ 'ਤੇ ਚੋਣ ਲੜੇਗੀ।

SAD-BJP

ਚੰਡੀਗੜ੍ਹ: ਪੰਜਾਬ ਭਾਜਪਾ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਭਾਜਪਾ 59 ਸੀਟਾਂ 'ਤੇ ਚੋਣ ਲੜੇਗੀ। ਅੱਗੇ ਮਿੱਤਲ ਨੇ ਕਿਹਾ ਕਿ ਭਾਜਪਾ ਨੇ ਇਹਨਾਂ 59 ਸੀਟਾਂ ਦੀ ਚੋਣ ਵੀ ਕਰ ਲਈ ਹੈ ਅਤੇ ਤਿਆਰੀ ਚੱਲ ਰਹੀ ਹੈ।

ਉਹਨਾਂ ਕਿਹਾ ਕਿ ਉਹ ਇਹ ਐਲਾਨ ਨਿੱਜੀ ਤੌਰ 'ਤੇ ਨਹੀਂ ਬਲਕਿ ਪਾਰਟੀ ਬੁਲਾਰੇ ਦੀ ਹੈਸੀਅਤ ਨਾਲ ਕਰ ਰਹੇ ਹਨ। ਇਸ ਦੌਰਾਨ ਉਹਨਾਂ ਕਿਹਾ ਕਿ ਰੋਪੜ ਦੀਆਂ ਦੋ ਸੀਟਾਂ 'ਤੇ ਵੀ ਭਾਜਪਾ ਚੋਣ ਲੜੇਗੀ। ਸ੍ਰੀ ਅਨੰਦਪੁਰ ਸਾਹਿਬ ਖੇਤਰ ਪਹਿਲਾਂ ਤੋਂ ਹੀ ਭਾਜਪਾ ਕੋਲ ਹੈ, ਜਦਕਿ ਹੁਣ ਭਾਜਪਾ ਨੇ ਰੋਪੜ ਸੀਟ 'ਤੇ ਦਾਅਵਾ ਕੀਤਾ ਹੈ।

ਮਿੱਤਲ ਨੇ ਕਿਹਾ ਕਿ ਜ਼ਿਲ੍ਹੇ ਦੀਆਂ ਤਿੰਨ ਸੀਟਾਂ ਵਿਚੋਂ ਸ੍ਰੀ ਚਮਕੌਰ ਸਾਹਿਬ ਤੋਂ ਅਕਾਲੀ ਦਲ ਚੋਣ ਲੜੇਗੀ। ਭਾਜਪਾ ਨੇ ਤਿਆਰੀ ਕਰ ਲਈ ਹੈ, ਸ਼੍ਰੋਮਣੀ ਅਕਾਲੀ ਦਲ ਨਹੀਂ ਮੰਨਿਆ ਤਾਂ ਭਾਜਪਾ ਉਹਨਾਂ ਨੂੰ ਦਰਕਿਨਾਰ ਕਰਨ ਲਈ ਤਿਆਰ ਹੈ। ਇਸ ਦੇ ਨਾਲ ਹੀ ਮਿੱਤਲ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਦੌਰ ਵਿਚ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਭੇਜੀ ਗਈ ਰਾਹਤ ਲੋਕਾਂ ਤੱਕ ਨਹੀਂ ਪਹੁੰਚੀ ਹੈ।

ਉਹਨਾਂ ਨੇ ਸਥਾਨਕ ਪੱਧਰ 'ਤੇ ਰੋਪੜ ਦੀ ਡੀਸੀ ਅਤੇ ਅਨੰਦਪੁਰ ਸਾਹਿਬ ਦੇ ਐੈਸਡੀਐਮ ਨੂੰ ਵੀ ਸ਼ਿਕਾਇਤ ਕੀਤੀ ਸੀ, ਜਿਸ ਤੋਂ ਬਾਅਦ ਮਾਮਲੇ ਦਾ ਹੱਲ ਹੋਇਆ। ਉਹਨਾਂ ਕਿਹਾ ਕਿ ਕੇਂਦਰ ਤੋਂ ਆਈ ਰਾਹਤ ਸਬੰਧੀ ਸੀਬੀਆਈ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਹੈ।

ਜੇਕਰ ਇਹ ਜਾਂਚ ਹੁਣ ਨਾ ਹੋਈ ਤਾਂ ਪੰਜਾਬ ਵਿਚ ਉਹਨਾਂ ਦੀ ਸਰਕਾਰ ਆਉਣ 'ਤੇ ਇਹ ਜਾਂਚ ਕਰਵਾਈ ਜਾਵੇਗੀ। ਉਹਨਾਂ ਨੇ ਪੰਜਾਬ ਵਿਚ ਸ਼ਰਾਬ ਅਤੇ ਮਾਇਨਿੰਗ ਕਾਰੋਬਾਰੀਆਂ ਨੂੰ ਦਿੱਤੀ ਗਈ ਰਾਹਤ ਨੂੰ ਲੈ ਕੇ ਸਰਕਾਰ 'ਤੇ ਸਵਾਲ ਚੁੱਕੇ ਹਨ ਅਤੇ ਕਿਹਾ ਕਿ ਛੋਟੇ ਦੁਕਾਨਦਾਰਾਂ ਅਤੇ ਹੋਰ ਛੋਟੇ ਕਾਰੋਬਾਰੀਆਂ ਨੂੰ ਕੋਈ ਰਾਹਤ ਨਹੀਂ ਦਿੱਤੀ ਗਈ ਹੈ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।