ਵਿਵਾਦਿਤ ਪੋਸਟਰ ਮਾਮਲਾ : ਕੈਨੇਡਾ ਨੇ ਭਾਰਤੀ ਸਫ਼ੀਰਾਂ ਦੀ ਸੁਰਖਿਆ ਦਾ ਭਰੋਸਾ ਦਿਤਾ
8 ਜੁਲਾਈ ਨੂੰ ਕੀਤੇ ਜਾਣ ਵਾਲੇ ਪ੍ਰਦਰਸ਼ਨ ਬਾਬਤ ਪ੍ਰਚਾਰ ਸਮੱਗਰੀ ’ਚ ਭਾਰਤੀ ਸਫ਼ੀਰਾਂ ਦਾ ਨਾਂ ਸ਼ਾਮਲ
ਟੋਰੰਟੋ: ਕੈਨੇਡਾ ਨੇ ਸੋਸ਼ਲ ਮੀਡੀਆ ’ਤੇ ਵਿਖਾਏ ਜਾ ਰਹੇ ਪੋਸਟਰਾਂ ’ਚ ਭਾਰਤੀ ਅਧਿਕਾਰੀਆਂ ਦਾ ਨਾਂ ਹੋਣ ’ਤੇ ਭਾਰਤ ਨੂੰ ਉਸ ਦੇ ਸਫ਼ੀਰਾਂ ਦੀ ਸੁਰਖਿਆ ਨੂੰ ਲੈ ਕੇ ਭਰੋਸਾ ਦਿਤਾ ਹੈ ਅਤੇ ਖ਼ਾਲਿਸਤਾਨ ਦੀ ਇਕ ਰੈਲੀ ਤੋਂ ਪਹਿਲਾਂ ਫੈਲਾਈ ਜਾ ਰਹੀ ‘ਪ੍ਰਚਾਰਾਤਮਕ ਸਮਗਰੀ’ ਨੂੰ ‘ਨਾਮਨਜ਼ੂਰ’ ਦਸਿਆ ਹੈ।
ਕੈਨੇਡਾ ਦੀ ਵਿਦੇਸ਼ ਮੰਤਰੀ ਮਿਲਾਨੀ ਜੌਲੀ ਦਾ ਇਹ ਬਿਆਨ ਉਦੋਂ ਆਇਆ ਹੈ ਜਦੋਂ ਇਕ ਦਿਨ ਪਹਿਲਾਂ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਕਿਹਾ ਸੀ ਕਿ ਭਾਰਤ ਨੇ ਕੈਨੇਡਾ, ਬਰਤਾਨੀਆਂ ਅਤੇ ਅਮਰੀਕਾ ਵਰਗੇ ਅਪਣੇ ਸਾਂਝੇਦਾਰ ਦੇਸ਼ਾਂ ਨੂੰ ‘ਕੱਟੜਪੰਥੀ ਖ਼ਾਲਿਸਤਾਨੀ ਵਿਚਾਰਧਾਰਾ’ ਨੂੰ ਤਵੱਜੋ ਨਾ ਦੇਣ ਲਈ ਕਿਹਾ ਹੈ ਕਿਉਂਕਿ ਇਹ ਉਨ੍ਹਾਂ ਦੇ ਰਿਸ਼ਤਿਆਂ ਲਈ ‘ਸਹੀ ਨਹੀਂ’ ਹੈ।
ਸਫ਼ੀਰਾਂ ਦੀ ਸੁਰਖਿਆ ਲਈ ਕੈਨੇਡਾ ਦੀ ਵਚਨਬੱਧਤਾ ’ਤੇ ਜ਼ੋਰ ਦਿੰਦਿਆਂ ਜੌਲੀ ਨੇ ਦੇਸ਼ ਵਲੋਂ ਵੀਆਨਾ ਸੰਧੀ ਦੀ ਪਾਲਣਾ ਕਰਨ ਦਾ ਜ਼ਿਕਰ ਕੀਤਾ। ਉਨ੍ਹਾਂ ਮੰਗਲਵਾਰ ਨੂੰ ਟਵੀਟ ਕੀਤਾ, ‘‘ਕੈਨੇਡਾ ਸਫ਼ੀਰਾਂ ਦੀ ਸੁਰਖਿਆ ਬਾਰੇ ਵਿਆਨਾ ਸੰਧੀਆਂ ਤਹਿਤ ਅਪਣੇ ਫ਼ਰਜ਼ਾਂ ਨੂੰ ਬਹੁਤ ਗੰਭੀਰਤਾ ਨਾਲ ਲੈਂਦਾ ਹੈ।’’
ਇਹ ਵੀ ਪੜ੍ਹੋ: ਯੂਨੀਫਾਰਮ ਸਿਵਲ ਕੋਡ 'ਤੇ ਇਕਬਾਲ ਸਿੰਘ ਲਾਲਪੁਰਾ ਦਾ ਬਿਆਨ - 'ਕਿਸੇ ਨੂੰ ਵੀ ਅਪਣਾ ਪੱਖ ਰੱਖਣ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ'
ਉਨ੍ਹਾਂ ਕਿਹਾ, ‘‘ਕੈਨੇਡਾ 8 ਜੁਲਾਈ ਨੂੰ ਕਰਵਾਏ ਜਾਣ ਵਾਲੇ ਇਕ ਪ੍ਰਦਰਸ਼ਨ ਬਾਬਤ ਆਨਲਾਈਨ ਫੈਲਾਈ ਜਾ ਰਹੀ ਕੁਝ ਪ੍ਰਚਾਰ ਸਮਗਰੀ ਨੂੰ ਲੈ ਕੇ ਭਾਰਤੀ ਅਧਿਕਾਰੀਆਂ ਨਾਲ ਕਰੀਬੀ ਸੰਪਰਕ ’ਚ ਹੈ। ਇਸ ਪ੍ਰਚਾਰ ਸਮਗਰੀ ਦੀ ਮਨਜ਼ੂਰੀ ਨਹੀਂ ਦਿਤੀ ਜਾ ਸਕਦੀ।’’
ਜੌਲੀ ਨੇ ਇਸ ਗੱਲ ’ਤੇ ਜ਼ੋਰ ਦਿਤਾ ਕਿ ਕੁਝ ਲੋਕਾਂ ਦੇ ਇਸ ਕੰਮ ਨੂੰ ‘ਪੂਰੇ ਫਿਰਕੇ ਜਾਂ ਕੈਨੇਡੀ ਸਹਿਮਤੀ ਨਹੀਂ ਹੈ।’ ਜੈਸ਼ੰਕਰ ਨੇ ਕੈਨੇਡਾ ’ਚ ਖ਼ਾਲਿਸਤਾਨੀ ਪੋਸਟਰਾਂ ’ਤੇ ਭਾਰਤੀ ਸਫ਼ੀਰਾਂ ਦਾ ਨਾਂ ਹੋਣ ਦੀਆਂ ਖ਼ਬਰਾਂ ਬਾਰੇ ਕਿਹਾ ਕਿ ਇਸ ਮੁੱਦੇ ਨੂੰ ਕੈਨੇਡਾ ਸਰਕਾਰ ਸਾਹਮਣੇ ਚੁਕਿਆ ਜਾਵੇਗਾ।