Vodafone-Idea ਵਿਚ ਕੰਮ ਕਰਨ ਵਾਲਿਆਂ ਲਈ ਬੁਰੀ ਖ਼ਬਰ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਕੰਪਨੀ ਜਲਦ ਕਰ ਸਕਦੀ ਹੈ 1500 ਲੋਕਾਂ ਦੀ ਛਾਂਟੀ

Idea-Vodafone

ਨਵੀਂ ਦਿੱਲੀ: ਟੈਲੀਕਾਮ ਸੈਕਟਰ ਦੀ ਕੰਪਨੀ ਵੋਡਾਫੋਨ-ਆਈਡੀਆ ਲਈ ਕਾਫੀ ਮੁਸ਼ਕਿਲ ਸਮਾਂ ਚੱਲ ਰਿਹਾ ਹੈ। ਟੈਲੀਕਾਮ ਉਪਕਰਣ ਬਣਾਉਣ ਵਾਲੀਆਂ ਨੋਕੀਆ, ਐਰਿਕਸ਼ਨ, ਹੁਵੇਈ ਅਤੇ ਜ਼ੈਡਟੀਈ ਆਦਿ ਕੰਪਨੀਆਂ ਨੇ ਵੋਡਾਫੋਨ-ਆਈਡੀਆ ਕੋਲੋਂ 4ਜੀ ਉਪਕਰਣ ਦੇ ਆਰਡਰ ਲੈਣੇ ਬੰਦ ਕਰ ਦਿੱਤੇ ਹਨ।

ਟੈਲੀਕਾਮ ਉਪਕਰਣ ਬਣਾਉਣ ਵਾਲੀਆਂ ਕੰਪਨੀਆਂ ਨੂੰ ਲੱਗਦਾ ਹੈ ਕਿ ਨਕਦੀ ਦੇ ਸੰਕਟ ਨਾਲ ਜੂਝ ਰਹੀ ਵੋਡਾਫੋਨ-ਆਈਡੀਆ ਕੋਲੋਂ ਪੈਸੇ ਮਿਲਣ ਵਿਚ ਮੁਸ਼ਕਿਲ ਆ ਸਕਦੀ ਹੈ। ਇਸ ਕਾਰਨ ਵੋਡਾਫੋਨ-ਆਈਡੀਆ ਦੀ ਵਿਸਥਾਰ ਯੋਜਨਾ ਪ੍ਰਭਾਵਿਤ ਹੋ ਰਹੀ ਹੈ।

ਸਰਵਿਸ ਦੀ ਕਮੀ ਦੇ ਚਲਦਿਆਂ ਵੋਡਾਫੋਨ-ਆਈਡੀਆ ਨੂੰ ਛੱਡਣ ਵਾਲੇ ਗਾਹਕਾਂ ਦੀ ਗਿਣਤੀ ਵੀ ਲਗਾਤਾਰ ਵਧਦੀ ਜਾ ਰਹੀ ਹੈ। ਆਰਥਕ ਸੰਕਟ ਨਾਲ ਜੂਝ ਰਹੀ ਕੰਪਨੀ ਨੇ 22 ਸਰਕਲ ਦੇ ਕੰਮਕਾਜ ਨੂੰ 10 ਸਰਕਲਾਂ ਵਿਚ ਹੀ ਸਮੇਟ ਦਿੱਤਾ ਹੈ ਅਤੇ ਇਸੇ ਕਾਰਨ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਕੰਪਨੀ 1500 ਲੋਕਾਂ ਦੀ ਛਾਂਟੀ ਕਰ ਸਕਦੀ ਹੈ।

ਇਸ ਮਾਮਲੇ ਨਾਲ ਜੁੜੇ ਇਕ ਅਧਿਕਾਰੀ ਨੇ ਦੱਸਿਆ ਕਿ ਪਿਛਲੇ 6 ਮਹੀਨਿਆਂ ਤੋਂ ਵੋਡਾਫੋਨ-ਆਈਡੀਆ ਅਪਣੇ ਕਾਰੋਬਾਰ ਦਾ ਪੁਨਰਗਠਨ ਕਰਨ ਵਿਚ ਜੁਟੀ ਹੈ। ਟੈਲੀਕਾਮ ਉਪਕਰਣ ਬਣਾਉਣ ਵਾਲੇ ਯੂਰੋਪ ਦੇ ਵਿਕਰੇਤਾ ਨੇ ਨਵੇਂ ਆਡਰ ਲੈਣ ਤੋਂ ਪਹਿਲਾਂ ਸਕਿਓਰਿਟੀ ਵਜੋਂ ਕੁਝ ਰਕਮ ਲੈਣ ਦਾ ਫੈਸਲਾ ਕੀਤਾ ਹੈ। ਹੋਰ ਕੰਪਨੀਆਂ ਵੀ ਆਡਰ ਲਈ ਸਕਿਓਰਿਟੀ ਦੀ ਮੰਗ ਕਰ ਰਹੀਆਂ ਹਨ।

ਵੋਡਾਫੋਨ ਆਈਡੀਆ ਲਈ ਇਹ ਬਹੁਤ ਮੁਸ਼ਕਿਲ ਕੰਮ ਹੈ। ਹਾਲ ਹੀ ਵਿਚ ਵੋਡਾਫੋਨ ਆਈਡੀਆ ਨੇ ਸੁਪਰੀਮ ਕੋਰਟ ਨੂੰ ਦੱਸਿਆ ਸੀ ਕਿ ਕੋਈ ਵੀ ਬੈਂਕ ਗਰੰਟੀ ਦੇਣ ਲਈ ਤਿਆਰ ਨਹੀਂ ਹੈ ਕਿਉਂਕਿ ਮਾਰਚ ਦੇ ਅਖੀਰ ਤੱਕ ਉਹਨਾਂ ਦਾ ਕਰਜ਼ਾ 1,12,520 ਕਰੋੜ ਰੁਪਏ ‘ਤੇ ਪਹੁੰਚ ਗਿਆ ਸੀ।