ਪੰਜਾਬ ਵਿਚ ਪੁਰਾਣੇ ਕਾਂਗਰਸੀ ਲਗਾਉਣਗੇ ਭਾਜਪਾ ਦੀ ਜੜ੍ਹ?
ਸੁਨੀਲ ਜਾਖੜ ਨੂੰ ਸੂਬਾ ਪ੍ਰਧਾਨ ਬਣਾਏ ਜਾਣ ਦੇ ਮਸਲੇ ’ਤੇ ਸਪੋਕਸਮੈਨ ਡਿਬੇਟ ਦੌਰਾਨ ਹੋਈ ਚਰਚਾ
ਚੰਡੀਗੜ੍ਹ (ਨਵਜੋਤ ਸਿੰਘ ਧਾਲੀਵਾਲ/ਕਮਲਜੀਤ ਕੌਰ) : ਭਾਜਪਾ ਨੇ ਸੁਨੀਲ ਜਾਖੜ ਨੂੰ ਪੰਜਾਬ ਭਾਜਪਾ ਦੀ ਕਮਾਨ ਸੌਂਪੀ ਹੈ। ਕਿਹਾ ਜਾ ਰਿਹਾ ਹੈ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਭਾਜਪਾ ਨੇ ਅਪਣੀ ਕਾਰਜਕਾਰਨੀ ਵਿਚ ਕਿਸੇ ਬਾਹਰੀ ਵਿਅਕਤੀ ਨੂੰ ਸ਼ਾਮਲ ਕੀਤਾ ਹੋਵੇ। ਕੁੱਝ ਸਮਾਂ ਪਹਿਲਾਂ ਹੀ ਭਾਜਪਾ ਵਿਚ ਸ਼ਾਮਲ ਹੋਏ ਸੁਨੀਲ ਜਾਖੜ ਨੂੰ ਜਿਥੇ ਅਹਿਮ ਜ਼ਿੰਮੇਵਾਰੀ ਮਿਲੀ ਹੈ, ਇਸ ਨਾਲ ਹੀ ਉਨ੍ਹਾਂ ਸਾਹਮਣੇ ਕਈ ਚੁਨੌਤੀਆਂ ਵੀ ਹਨ। ਸੁਨੀਲ ਜਾਖੜ ਨੂੰ ਜਿਥੇ ਵੱਖ-ਵੱਖ ਆਗੂਆਂ ਵਲੋਂ ਇਸ ਜ਼ਿੰਮੇਵਾਰੀ ਲਈ ਵਧਾਈ ਦਿਤੀ ਗਈ, ਇਸ ਨਾਲ ਹੀ ਵਿਰੋਧੀ ਪਾਰਟੀਆਂ ਦੇ ਆਗੂ ਵਿਅੰਗ ਕਸਦੇ ਨਜ਼ਰ ਆਏ। ਇਸ ਮਸਲੇ ’ਤੇ ‘ਸਪੋਕਸਮੈਨ ਡਿਬੇਟ’ ਦੌਰਾਨ ਖ਼ਾਸ ਚਰਚਾ ਕੀਤੀ ਗਈ।
ਇਹ ਵੀ ਪੜ੍ਹੋ: ਮੁੱਖ ਮੰਤਰੀ ਦੇ ਨਿਰਦੇਸ਼ਾਂ ’ਤੇ ਪੰਜਾਬ ਨੂੰ ਖੇਡਾਂ ਵਿੱਚ ਨੰਬਰ ਇਕ ਸੂਬਾ ਬਣਾਉਣ ਲਈ ਰੋਡਮੈਪ ਤਿਆਰ: ਮੀਤ ਹੇਅਰ
ਪੰਜਾਬ ਭਾਜਪਾ ਨੂੰ ਸੁਨੀਲ ਜਾਖੜ ਵਰਗੇ ਆਗੂ ਦੀ ਹੀ ਲੋੜ ਸੀ: ਅਮਨਜੋਤ ਕੌਰ ਰਾਮੂਵਾਲੀਆ
ਭਾਜਪਾ ਆਗੂ ਅਮਨਜੋਤ ਕੌਰ ਰਾਮੂਵਾਲੀਆ ਦਾ ਕਹਿਣਾ ਹੈ ਕਿ ਸੁਨੀਲ ਜਾਖੜ ਨੂੰ ਬਹੁਤ ਤਜਰਬਾ ਹੈ। ਸੁਨੀਲ ਜਾਖੜ ਨੂੰ ਬੇਦਾਗ਼ ਸ਼ਖ਼ਸੀਅਤ ਦੇ ਮਾਲਕ ਦਸਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਹਰ ਵਰਗ ਦੇ ਲੋਕ ਉਨ੍ਹਾਂ ਦਾ ਸਤਿਕਾਰ ਕਰਦੇ ਹਨ ਅਤੇ ਉਨ੍ਹਾਂ ਨੂੰ ਹਰ ਮਸਲੇ ਦੀ ਚੰਗੀ ਸਮਝ ਹੈ। ਪੰਜਾਬ ਭਾਜਪਾ ਨੂੰ ਅਜਿਹੇ ਹੋਣਹਾਰ ਆਗੂ ਦੀ ਲੋੜ ਸੀ। ਸੁਨੀਲ ਜਾਖੜ ਨੂੰ ਵਧਾਈ ਦਿੰਦਿਆਂ ਅਮਨਜੋਤ ਕੌਰ ਨੇ ਉਮੀਦ ਜਤਾਈ ਕਿ ਉਹ ਸੱਭ ਨੂੰ ਅਪਣੇ ਨਾਲ ਲੈ ਕੇ ਚਲਣਗੇ। ਅਸ਼ਵਨੀ ਸ਼ਰਮਾ ਦੀ ਨਾਰਾਜ਼ਗੀ ਬਾਰੇ ਉਨ੍ਹਾਂ ਕਿਹਾ ਕਿ ਜਦੋਂ ਵੀ ਕਿਸੇ ਕੋਲੋਂ ਅਹੁਦਾ ਜਾਂਦਾ ਹੈ ਤਾਂ ਉਸ ਨੂੰ ਦੁੱਖ ਜ਼ਰੂਰ ਹੁੰਦਾ ਹੈ। ਕਾਂਗਰਸ ਨੂੰ ਜਵਾਬ ਦਿੰਦਿਆਂ ਅਮਨਜੋਤ ਕੌਰ ਰਾਮੂਵਾਲੀਆ ਨੇ ਕਿਹਾ ਕਿ ਨਵਜੋਤ ਸਿੱਧੂ ਵੀ ਭਾਜਪਾ ਵਿਚੋਂ ਗਏ ਸੀ ਅਤੇ ਕਾਂਗਰਸ ਨੇ ਉਨ੍ਹਾਂ ਨੂੰ ਪ੍ਰਧਾਨ ਵੀ ਬਣਾਇਆ। ਨਵਜੋਤ ਸਿੱਧੂ ਨੇ ਕਾਂਗਰਸ ਦੇ ਪੰਜਾਬ ਵਿਚ ਪੈਰ ਨਹੀਂ ਲੱਗਣ ਦਿਤੇ।
ਇਹ ਵੀ ਪੜ੍ਹੋ: ਐਸ.ਐਸ.ਸੀ. ਜੀ.ਡੀ.ਕਾਂਸਟੇਬਲ ਭਰਤੀ : 17 ਜੁਲਾਈ ਨੂੰ ਹੋਵੇਗਾ ਸਰੀਰਕ ਯੋਗਤਾ ਟੈਸਟ
ਜਾਖੜ ਦੇ ਪ੍ਰਧਾਨ ਬਣਨ ਨਾਲ ਪੰਜਾਬ ਨੂੰ ਨਹੀਂ ਹੋਵੇਗਾ ਕੋਈ ਫ਼ਾਇਦਾ: ਅਰਸ਼ਪ੍ਰੀਤ ਸਿੰਘ ਖਡਿਆਲ
ਕਾਂਗਰਸ ਦੇ ਮੁੱਖ ਬੁਲਾਰੇ ਐਡਵੋਕੇਟ ਅਰਸ਼ਪ੍ਰੀਤ ਸਿੰਘ ਖਡਿਆਲ ਨੇ ਕਿਹਾ ਕਿ ਭਾਜਪਾ ਨੇ ਸੁਨੀਲ ਜਾਖੜ ਨੂੰ ਪ੍ਰਧਾਨ ਬਣਾ ਕੇ ਇਕ ਸਰਟੀਫ਼ੀਕੇਟ ਦੇ ਦਿਤਾ ਹੈ ਕਿ ਭਾਜਪਾ ਦੇ ਪੁਰਾਣੇ ਆਗੂਆਂ ਵਿਚੋਂ ਉਸ ਕੋਲ ਕੋਈ ਸਮਰੱਥ ਆਗੂ ਨਹੀਂ ਸੀ। ਸੁਨੀਲ ਜਾਖੜ ਨੂੰ ਸੂਬਾ ਪ੍ਰਧਾਨ ਬਣਾਏ ਜਾਣ ਕਾਰਨ ਪਾਰਟੀ ਵਿਚ ਧੜੇ ਬਣ ਗਏ ਅਤੇ ਕਈ ਲੋਕਾਂ ਨੂੰ ਤਕਲੀਫ਼ ਵੀ ਹੋਈ। ਪੁਰਾਣੇ ਆਗੂਆਂ ਦਾ ਕਹਿਣਾ ਹੈ ਕਿ ਅਸੀਂ ਪਾਰਟੀ ਲਈ ਤਨਦੇਹੀ ਨਾਲ ਕੰਮ ਕੀਤਾ ਪਰ ਕੱਲ੍ਹ ਦੇ ਆਏ ਲੋਕਾਂ ਨੂੰ ਅਹੁਦੇ ਦਿਤੇ ਜਾ ਰਹੇ ਹਨ। ਭਾਜਪਾ ਨੂੰ ਅਪਣੀ ਪਾਰਟੀ ਦਾ ਨਾਂਅ ਬਦਲ ਦੇਣਾ ਚਾਹੀਦਾ ਹੈ ਕਿਉਂਕਿ ਉਸ ਨੂੰ ਸਾਬਕਾ ਕਾਂਗਰਸੀ ਹੀ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਵਿਚ ਭਾਜਪਾ ਨੂੰ ਓਨੀਆਂ ਹੀ ਸੀਟਾਂ ਮਿਲਣਗੀਆਂ, ਜਿੰਨੀਆਂ ਪ੍ਰਧਾਨ ਮੰਤਰੀ ਨੇ ਪ੍ਰੈੱਸ ਕਾਨਫ਼ਰੰਸਾਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਸੁਨੀਲ ਜਾਖੜ ਦੇ ਪ੍ਰਧਾਨ ਬਣਨ ਤੋਂ ਬਾਅਦ ਇਸ ਗੱਲ ’ਤੇ ਮੋਹਰ ਲੱਗ ਗਈ ਹੈ ਕਿ 2024 ਦੀਆਂ ਚੋਣਾਂ ਵਿਚ ਭਾਜਪਾ ਜ਼ਰੂਰ ਹਾਰੇਗੀ ਕਿਉਂਕਿ ਜਾਖੜ ਸਾਹਬ ਜ਼ਿਆਦਾਤਰ ਚੋਣਾਂ ਹਾਰਦੇ ਆਏ ਹਨ। ਹਾਰਨ ਦੇ ਬਾਵਜੂਦ ਉਨ੍ਹਾਂ ਨੂੰ ਕਾਂਗਰਸ ਵਿਚ ਬੋਲਣ ਅਤੇ ਅਹੁਦਿਆਂ ਦੀ ਆਜ਼ਾਦੀ ਸੀ।
ਇਹ ਵੀ ਪੜ੍ਹੋ: ਚੰਡੀਗੜ੍ਹ : ਲੈਪਟਾਪ ’ਚ ਖ਼ਰਾਬੀ ਕਾਰਨ ਕੰਪਨੀ ਨੂੰ ਜੁਰਮਾਨਾ, ਸੇਵਾਮੁਕਤ ਲੈਫਟੀਨੈਂਟ ਕਰਨਲ ਨੇ 48,500 ’ਚ ਖਰੀਦਿਆ ਸੀ
ਉਨ੍ਹਾਂ ਕਿਹਾ ਕਿ ਜਾਖੜ ਦੇ ਪ੍ਰਧਾਨ ਬਣਨ ਤੋਂ ਬਾਅਦ ਵੀ ਪੰਜਾਬ ਦੇ ਹਿਤਾਂ ਦੀ ਗੱਲ ਕੇਂਦਰ ਕੋਲ ਨਹੀਂ ਰੱਖੀ ਜਾਵੇਗੀ। ਇਸ ਨਾਲ ਪੰਜਾਬ ਦਾ ਕੋਈ ਫ਼ਾਇਦਾ ਨਹੀਂ ਹੋਇਆ ਸਗੋਂ ਸਿਰਫ਼ ਭਾਜਪਾ ਵਿਚ ਗਏ ਸਾਬਕਾ ਕਾਂਗਰਸੀਆਂ ਦਾ ਫ਼ਾਇਦਾ ਹੋਇਆ ਹੈ। ਅਕਾਲੀ-ਭਾਜਪਾ ਗਠਜੋੜ ਦੀਆਂ ਖ਼ਬਰਾਂ ਬਾਰੇ ਕਾਂਗਰਸ ਦੇ ਬੁਲਾਰੇ ਨੇ ਕਿਹਾ ਕਿ ਅਕਾਲੀ ਦਲ ਵਾਲੇ ਕਹਿੰਦੇ ਹਨ ਕਿ ਅਸੀਂ ਭਾਜਪਾ ਦੇ ਵਿਰੋਧੀ ਹਾਂ ਪਰ ਜਦੋਂ ਵੀ ਭਾਜਪਾ ਲੋਕਤੰਤਰ ਉਤੇ ਹਮਲਾ ਕਰਦੀ ਹੈ ਤਾਂ ਉਹ ਉਸ ਦੇ ਅਲੋਚਨਾ ਕਿਉਂ ਨਹੀਂ ਕਰਦੇ। ਸੁਨੀਲ ਜਾਖੜ ਨੂੰ ਪੰਜਾਬ ਭਾਜਪਾ ਪ੍ਰਧਾਨ ਬਣਾਉਣ ’ਤੇ ਆਮ ਆਦਮੀ ਪਾਰਟੀ ਦੀ ਚੁੱਪੀ ’ਤੇ ਅਰਸ਼ਪ੍ਰੀਤ ਸਿੰਘ ਖਡਿਆਲ ਨੇ ਕਿਹਾ ਕਿ ਇਹ ਭਾਜਪਾ ਦੀ ਬੀ ਟੀਮ ਹੈ, ਇਸ ਲਈ ਇਨ੍ਹਾਂ ਨੂੰ ਅਲੋਚਨਾ ਕਰਨਾ ਚੰਗਾ ਨਹੀਂ ਲੱਗਦਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਯੂਨੀਫਾਰਮ ਸਿਵਲ ਕੋਡ ਅਤੇ ਧਾਰਾ 370 ’ਤੇ ਭਾਜਪਾ ਦਾ ਸਮਰਥਨ ਕੀਤਾ ਸੀ।
ਇਹ ਵੀ ਪੜ੍ਹੋ: ਮਾਲ ਵਿਭਾਗ ਦੀ ਬਦਲੇਗੀ ਡਿਕਸ਼ਨਰੀ, 1947 ਤੋਂ ਚੱਲੇ ਆ ਰਹੇ ਉਰਦੂ-ਫਾਰਸੀ ਦੇ 150 ਤੋਂ ਜ਼ਿਆਦਾ ਸ਼ਬਦ ਜਾਣਗੇ ਬਦਲੇ
ਸ਼ਹੀਦ ਕਿਸਾਨਾਂ ਦੇ ਮੁੱਦੇ ’ਤੇ ਹੋਈ ਬਹਿਸ
ਸਪੋਕਸਮੈਨ ਡਿਬੇਟ ਦੌਰਾਨ ਅਮਨਜੋਤ ਕੌਰ ਰਾਮੂਵਾਲੀਆ ਅਤੇ ਅਰਸ਼ਪ੍ਰੀਤ ਸਿੰਘ ਖਡਿਆਲ ਵਿਚਾਲੇ ਕਿਸਾਨ ਅੰਦੋਲਨ ਨੂੰ ਲੈ ਕੇ ਬਹਿਸ ਵੀ ਹੋਈ। ਰਾਮੂਵਾਲੀਆ ਦਾ ਕਹਿਣਾ ਹੈ ਕਿ ਕਿਸਾਨ ‘ਸ਼ਹੀਦ’ ਨਹੀਂ ਹੋਏ ਸਨ ਸਗੋਂ ਉਨ੍ਹਾਂ ਦੀ ਕੁਦਰਤੀ ਮੌਤ ਹੋਈ ਸੀ। ਇਸ ਮਗਰੋਂ ਅਰਸ਼ਪ੍ਰੀਤ ਸਿੰਘ ਨੇ ਕਿਹਾ ਕਿ ਕਿਸਾਨਾਂ ਦੀ ਸ਼ਹਾਦਤ ਦਾ ਅਪਮਾਨ ਕਰਨ ਲਈ ਰਾਮੂਵਾਲੀਆ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ। ਇਸ ਦੌਰਾਨ ਰਾਮੂਵਾਲੀਆ ਨੇ ਵੀ 1984 ਸਿੱਖ ਨਸਲਕੁਸ਼ੀ ਨੂੰ ਲੈ ਕੇ ਕਾਂਗਰਸ ਤੋਂ ਜਵਾਬ ਮੰਗਿਆ।