ਕਿਸਾਨਾਂ ਦੇ ਭਾਰਤ ਬੰਦ ਨੂੰ ਮਿਲੇਗਾ ਕਾਂਗਰਸ ਦਾ ਸਮਰਥਨ

ਏਜੰਸੀ

ਖ਼ਬਰਾਂ, ਰਾਜਨੀਤੀ

ਕਿਸਾਨਾਂ ਦੇ ਹੱਕ 'ਚ ਪਾਰਟੀ ਦਫ਼ਤਰਾਂ 'ਤੇ ਕੀਤੇ ਜਾਣਗੇ ਪ੍ਰਦਰਸ਼ਨ 

Congress has decided to support the Bharat Bandh on December 8

ਨਵੀਂ ਦਿੱਲੀ: ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦਾ ਅੰਦੋਲਨ 11ਵੇਂ ਦਿਨ ਵੀ ਜਾਰੀ ਹੈ। ਬੀਤੇ ਦਿਨ ਕਿਸਾਨ ਜਥੇਬੰਦੀਆਂ ਤੇ ਕੇਂਦਰੀ ਮੰਤਰੀਆਂ ਵਿਚਾਲੇ ਹੋਈ ਹੋਈ ਪੰਜਵੇਂ ਦੌਰ ਦੀ ਗੱਲਬਾਤ ਦੌਰਾਨ ਕੋਈ ਹੱਲ ਨਹੀਂ ਨਿਕਲਿਆ। ਇਸ ਦੇ ਚਲਦਿਆਂ ਕਿਸਾਨ ਜਥੇਬੰਦੀਆਂ ਵੱਲੋਂ 8 ਦਸੰਬਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ।

ਕਿਸਾਨਾਂ ਦੇ ਭਾਰਤ ਬੰਦ ਦਾ ਕਾਂਗਰਸ ਵੱਲੋਂ ਸਮਰਥਨ ਕੀਤਾ ਜਾਵੇਗਾ। ਕਾਂਗਰਸ ਪਾਰਟੀ ਦੇ ਬੁਲਾਰੇ ਪਵਨ ਖੇਰਾ ਨੇ ਇਸ ਦੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ, 'ਕਾਂਗਰਸ ਨੇ 8 ਦਸੰਬਰ ਨੂੰ ਭਾਰਤ ਬੰਦ ਨੂੰ ਸਮਰਥਨ ਦੇਣ ਦਾ ਫੈਸਲਾ ਕੀਤਾ ਹੈ। ਅਸੀਂ ਅਪਣੇ ਪਾਰਟੀ ਦਫ਼ਤਰਾਂ 'ਤੇ ਬੰਦ ਨੂੰ ਲੈ ਕੇ ਪ੍ਰਦਰਸ਼ਨ ਕਰਾਂਗੇ।

ਇਹ ਕਿਸਾਨਾਂ ਦੇ ਸਮਰਥਨ ਨੂੰ ਮਜ਼ਬੂਤ ਕਰਨ ਵਾਲਾ ਕਦਮ ਹੋਵੇਗਾ। ਅਸੀਂ ਯਕੀਨੀ ਬਣਾਵਾਂਗੇ ਕਿ ਇਹ ਪ੍ਰਦਰਸ਼ਨ ਸਫਲ ਹੋਵੇ'। ਇਸ ਤੋਂ ਪਹਿਲਾਂ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨਾਂ ਦੇ 'ਦਿੱਲੀ ਚਲੋ' ਮਾਰਚ ਦਾ ਸਮਰਥਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਸ਼ਬਦੀ ਵਾਰ ਕੀਤਾ ਸੀ। 

ਇਸ ਦੇ ਨਾਲ ਹੀ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਕਿਹਾ ਕਿ, 'ਬਿਹਾਰ ਦਾ ਕਿਸਾਨ ਐਮਐਸਪੀ-ਏਪੀਐਮਸੀ ਦੇ ਬਿਨਾਂ ਕਾਫ਼ੀ ਮੁਸੀਬਤ ਵਿਚ ਹੈ ਤੇ ਹੁਣ ਪੀਐਮ ਨੇ ਪੂਰੇ ਦੇਸ਼ ਨੂੰ ਇਸ ਖੂਹ ਵਿਚ ਧੱਕ ਦਿੱਤਾ ਹੈ। ਅਜਿਹੇ ਵਿਚ ਦੇਸ਼ ਦੇ ਅੰਨਦਾਤੇ ਦਾ ਸਾਥ ਦੇਣਾ ਸਾਡਾ ਫਰਜ਼ ਹੈ'।