ਚੋਣਾਂ ’ਚ ਧਾਂਦਲੀ ਕਰਨ ਲਈ ਕਾਂਗਰਸੀ ਸਰਕਾਰੀ ਤੰਤਰ ਦੀ ਦੁਰਵਰਤੋਂ ਕਰ ਰਹੇ: ਚੀਮਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਕਿਹਾ ਨਗਰ ਨਿਗਮ ਚੋਣਾਂ ਵਿੱਚ ਕਾਂਗਰਸ ਆਗੂਆਂ ਦੇ ਦਖਲ ਨਾਲ ਚੋਣ ਕਮਿਸ਼ਨ ਦੀ ਸਾਖ ਨੂੰ ਨੁਕਸਾਨ, ਚੋਣ ਕਮਿਸ਼ਨ ਨੂੰ ਇਸਦਾ ਨੋਟਿਸ ਲੈਣਾ ਚਾਹੀਦਾ ਹੈ

Harpal Singh Cheema

ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਅਗਲੇ ਮਹੀਨੇ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਵਿੱਚ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਉੱਤੇ ਜਬਰਦਸਤੀ ਦਖਲਅੰਦਾਜੀ ਕਰਨ ਦਾ ਦੋਸ ਲਗਾਇਆ ਹੈ। ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਪ੍ਰੈਸ ਬਿਆਨ ਵਿੱਚ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜਾਖੜ ਪੰਜਾਬ ਵਿੱਚ ਅਗਲੇ ਮਹੀਨੇ ਹੋਣ ਵਾਲੀਆਂ ਨਗਰ ਨਿਗਮ, ਮਿਊਸਪਲ ਚੋਣਾਂ ਵਿੱਚ ਜਬਰਦਸਤੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਕੈਪਟਨ ਅਤੇ ਜਾਖੜ ਚੋਣਾਂ ਵਿੱਚ ਧਾਂਦਲੀ ਕਰਨ ਦੀ ਯੋਜਨਾ ਬਣਾ ਰਹੇ ਹਨ ਅਤੇ ਚੋਣਾਂ ਜਿੱਤਣ ਲਈ ਕੋਈ ਵੀ ਸਰਕਾਰੀ ਹੱਥਕੰਡਾ ਵਰਤਣ ਤੋਂ ਬਾਜ ਨਹੀਂ ਆ ਰਹੇ। ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਉੱਤੇ ਦੋਸ਼ ਲਗਾਉਂਦੇ ਹੋਏ ਚੀਮਾ ਨੇ ਕਿਹਾ ਕਿ ਜਾਖੜ ਨਾ ਵਿਧਾਇਕ ਹੈ, ਨਾ ਸੰਸਦ ਮੈਂਬਰ ਅਤੇ ਨਾ ਹੀ ਕਿਸੇ ਵਿਭਾਗ ਦੇ ਮੰਤਰੀ, ਤਾਂ ਕਿਸ ਹੈਸੀਅਤ ਨਾਲ ਉਹ ਸਰਕਾਰੀ ਮੀਟਿੰਗ ਵਿੱਚ ਹਿੱਸਾ ਲੈਂਦੇ ਹਨ? ਅਤੇ ਸਰਕਾਰੀ ਯੋਜਨਾਵਾਂ ਤੇ ਨੀਤੀ ਬਣਾਉਣ ਵਿੱਚ ਦਖਲਅੰਦਾਜ਼ੀ ਕਿਉਂ ਹੁੰਦੀ ਹੈ?

ਕੈਪਟਨ ਨੂੰ ਇਸ ਗੱਲ ਦਾ ਜਵਾਬ ਦੇਣਾ ਚਾਹੀਦਾ ਕਿ ਜਨਤਾ ਵੱਲੋਂ ਨਕਾਰੇ ਹੋਏ ਆਗੂ ਨੂੰ ਸਰਕਾਰੀ ਕੰਮਾਂ ਵਿੱਚ ਕਿਉਂ ਸ਼ਾਮਲ ਕਰਦੇ ਹਨ? ਸਰਕਾਰੀ ਕੰਮ ਵਿੱਚ ਜਾਖੜ ਅਤੇ ਹੋਰ ਕਾਂਗਰਸ ਆਗੂਆਂ ਦਾ ਦਖਲ ਦੇਣਾ ਲੋਕਤੰਤਰ ਲਈ ਚੰਗਾ ਸੰਕੇਤ ਨਹੀਂ ਹੈ। ਅਜਿਹਾ ਕਰਕੇ ਕੈਪਟਨ ਸਰਕਾਰ ਅਤੇ ਕਾਂਗਰਸ ਆਗੂ ਲੋਕਤੰਤਰ ਨੂੰ ਕਮਜੋਰ ਕਰ ਰਹੇ ਹਨ।

ਚੀਮਾ ਨੇ ਕਿਹਾ ਕਿ ਪੰਜਾਬ ਦੇ ਕਾਂਗਰਸ ਆਗੂਆਂ ਵੱਲੋਂ ਚੋਣਾਂ ਦੇ ਮਾਮਲੇ ਵਿੱਚ ਦਖਲਅੰਦਾਜੀ ਕਰਨਾ ਚੋਣ ਕਮਿਸ਼ਨ ਦੇ ਸੁਤੰਤਰ ਅਤੇ ਨਿਰਪੱਖ ਚੋਣ ਨਿਯਮਾਂ ਖਿਲਾਫ ਹੈ। ਚੋਣਾਵੀਂ ਮਾਮਲਿਆਂ ਵਿੱਚ ਕਾਂਗਰਸ ਆਗੂਆਂ ਦੀ ਦਖਲਅੰਦਾਜੀ ਨਾਲ ਕਮਿਸ਼ਨ ਦੀ ਸਾਖ ਨੂੰ ਨੁਕਸਾਨ ਪਹੁੰਚ ਰਿਹਾ ਹੈ। ਚੋਣ ਕਮਿਸ਼ਨ ਨੂੰ ਇਸ ਮਾਮਲੇ ਵਿੱਚ ਨੋਟਿਸ ਲੈਣਾ ਚਾਹੀਦਾ ਅਤੇ ਕਾਂਗਰਸ ਆਗੂਆਂ ਵੱਲੋਂ ਲਗਾਤਾਰ ਚੋਣ ਦੇ ਮਾਮਲੇ ਵਿੱਚ ਕੀਤੀ ਜਾ ਰਹੀ ਦਖਲਅੰਦਾਜੀ ਉੱਤੇ ਰੋਕ ਲੱਗਣੀ ਚਾਹੀਦੀ ਹੈ 

ਚੀਮਾ ਨੇ ਪੰਜਾਬ ਦੇ ਰਾਜਪਾਲ ਤੋਂ ਮੰਗ ਕੀਤੀ ਕਿ ਇਸ ਮਾਮਲੇ ਵਿੱਚ ਦਖਲ ਦਿੰਦੇ ਹੋਏ ਨੋਟਿਸ ਲੈਣ। ਕਾਂਗਰਸੀਆਂ ਵੱਲੋਂ ਚੋਣਾਂ ਵਿੱਚ ਕੀਤੀ ਜਾ ਰਹੀ ਦਖਲਅੰਦਾਜੀ ਉੱਤੇ ਰੋਕ ਲਗਾਉਣੀ ਚਾਹੀਦੀ ਹੈ ਤੇ ਗੈਰ ਸਰਕਾਰੀ ਲੋਕਾਂ ਵੱਲੋਂ ਸਰਕਾਰੀ ਕੰਮ ਵਿੱਚ ਕੀਤੀ ਜਾ ਰਹੀ ਦਖਲਅੰਦਾਜੀ ਉੱਤੇ ਕੈਪਟਨ ਸਰਕਾਰ ਤੋਂ ਜਵਾਬ ਮੰਗਣਾ ਚਾਹੀਦਾ ਹੈ। 

ਕੈਪਟਨ ਸਰਕਾਰ ਉੱਤੇ ਸਰਕਾਰੀ ਤੰਤਰ ਦੀ ਦੁਰਵਰਤੋਂ ਕਰਨ ਦਾ ਦੋਸ਼ ਲਗਾਉਂਦੇ ਹੋਏ ਉਨ੍ਹਾਂ ਕਿਹਾ ਕਿ, ਜਿਸ ਤਰ੍ਹਾਂ ਨਾਲ ਅਕਾਲੀ ਸਰਕਾਰ ਆਪਣੇ ਰਾਜਨੀਤਿਕ ਲਾਭ ਲਈ ਸਰਕਾਰੀ ਤੰਤਰ ਦੀ ਵਰਤੋਂ ਕਰਦੀ ਸੀ, ਉਸੇ ਤਰ੍ਹਾਂ ਕੈਪਟਨ ਸਰਕਾਰ ਵੀ ਆਪਣੇ ਰਾਜਨੀਤਿਕ ਸਵਾਰਥ ਲਈ ਸੱਤਾ ਦੀ ਦੁਰਵਰਤੋਂ ਕਰ ਰਹੀ ਹੈ।  ਕੈਪਟਨ ਆਪਣੇ ਰਾਜਨੀਤਿਕ ਲਾਭਦਾਇਕ ਲਈ ਕੋਈ ਵੀ ਸਰਕਾਰੀ ਹੱਥਕੰਡਾ ਅਪਣਾਉਣ ਤੋਂ ਬਾਜ ਨਹੀਂ ਆਉਂਦੇ।  

ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦੇ ਲੋਕ ਇਸਦੀ ਨੀਅਤ ਨੂੰ ਸਮਝ ਚੁੱਕੇ ਹਨ। ਆਉਣ ਵਾਲੀਆਂ ਚੋਣਾਂ ਵਿੱਚ ਜਨਤਾ ਇਨ੍ਹਾਂ ਨੂੰ ਜਵਾਬ ਦੇਵੇਗੀ। ਜਿਸ ਤਰ੍ਹਾਂ ਅਕਾਲੀਆਂ ਦੀਆਂ ਹਰਕਤਾਂ ਤੋਂ ਤੰਗ ਆ ਕੇ ਲੋਕਾਂ ਨੇ ਨਕਾਰ ਦਿੱਤਾ, ਉਸੇ ਤਰ੍ਹਾਂ ਕਾਂਗਰਸ ਨੂੰ ਵੀ ਨਕਾਰ ਦੇਣਗੇ।