ਕੈਪਟਨ ਤੋਂ ਬਾਅਦ ਇੰਡੀਅਨ ਯੂਥ ਕਾਂਗਰਸ ਵੀ ਨਿਤਰੀ ਸਿੱਧੂ ਦੇ ਹੱਕ 'ਚ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਕਾਂਗਰਸ ਦੀ ਤਾਜ਼ਾ ਸਿਆਸਤ ਦੇ ਚਲਦਿਆਂ ਸਿੱਧੂ ਨਾ ਸਿਰਫ਼ ਪੰਜਾਬ ਸਰਕਾਰ 'ਚ ਬਲਕਿ ਹਾਈ ਕਮਾਂਡ 'ਚ ਵੀ ਅਲੱਗ-ਥਲੱਗ ਪੈ ਗਏ ਹਨ

Indian Youth Congress

ਚੰਡੀਗੜ੍ਹ (ਨੀਲ ਭਲਿੰਦਰ ਸਿੰਘ) : ਕਰੀਬ ਇਕ ਮਹੀਨੇ ਤੋਂ ਸਿਆਸੀ ਗੁਪਤਵਾਸ 'ਚ ਚੱਲ ਰਹੇ ਸੀਨੀਅਰ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਮੁੜ ਸੋਸ਼ਲ ਮੀਡੀਆ ਉੱਤੇ ਚਰਚਾ 'ਚ ਹਨ। ਕੁੱਝ ਦਿਨ ਪਹਿਲਾਂ ਪਾਕਿਸਤਾਨੀ ਗੁਰਦੁਆਰਾ ਕਮੇਟੀ ਵਾਲੇ ਗੋਪਾਲ ਸਿੰਘ ਚਾਵਲਾ ਦੇ ਹਵਾਲੇ ਨਾਲ ਸਿੱਧੂ ਦੀ ਇਕ ਅਜਿਹੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ,

ਜਿਸ 'ਚ ਸਿੱਧੂ ਦੇ ਸਿਰ ਉੱਤੇ ਆਮ ਵਾਂਗ ਪੱਗ ਬੰਨ੍ਹੀ ਹੋਈ ਹੈ ਅਤੇ ਜਿਸ ਦਾ ਰੰਗ ਹਰਾ ਹੈ ਪਰ ਇਸ ਦੇ ਲੜਾਂ 'ਤੇ ਪਾਕਿਸਤਾਨੀ ਕੌਮੀ ਝੰਡੇ ਦੇ ਪ੍ਰਮੁੱਖ ਚਿੰਨ੍ਹ ਚੰਨ ਤਾਰਾ ਦੀ ਝਲਕ ਵੀ ਦਿੱਖ ਰਹੀ ਹੈ। ਸਹਿਜ ਸੁਭਾਅ ਦੀ ਇਹ ਤਸਵੀਰ ਨਿਰੋਲ ਫ਼ਰਜ਼ੀ ਪ੍ਰਤੀਤ ਹੁੰਦੀ ਹੈ। ਜਿਸ ਬਾਰੇ ਇਹ ਸਿੱਧੂ ਦੇ ਇਨ੍ਹੀ ਦਿਨੀਂ ਮੁੱਖ ਸਿਆਸੀ ਸ਼ਰੀਕ ਸਮਝੇ ਜਾ ਰਹੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੀ ਸਪੱਸ਼ਟ ਕਰ ਚੁੱਕੇ ਹਨ ਕਿ ਇਹ ਫ਼ੋਟੋ ਫ਼ਰਜ਼ੀ ਹੈ ਅਤੇ ਉਹ ਇਸ ਕਾਰਵਾਈ ਦੀ ਘੋਰ ਨਿੰਦਾ ਕਰਦੇ ਹਨ।

ਉਧਰ ਦੂਜੇ ਪਾਸੇ ਹਾਲਾਂਕਿ ਸਿੱਧੂ ਬਾਰੇ ਇਹ ਪ੍ਰਭਾਵ ਬਣ ਰਿਹਾ ਹੈ ਕਿ ਪੰਜਾਬ ਕਾਂਗਰਸ ਦੀ ਤਾਜ਼ਾ ਸਿਆਸਤ ਦੇ ਚਲਦਿਆਂ ਸਿੱਧੂ ਨਾ ਸਿਰਫ਼ ਪੰਜਾਬ ਸਰਕਾਰ 'ਚ ਬਲਕਿ ਹਾਈ ਕਮਾਂਡ 'ਚ ਵੀ ਅਲੱਗ-ਥਲੱਗ ਪੈ ਗਏ ਹਨ ਪਰ ਇੰਡੀਅਨ ਯੂਥ ਕਾਂਗਰਸ ਦੇ ਅੱਜ ਦੇ ਇਕ ਤਾਜ਼ਾ ਟਵੀਟ ਸੁਨੇਹੇ ਨੇ ਸਿੱਧੂ ਬਾਰੇ ਇਹ ਦ੍ਰਿਸ਼ਟੀਕੋਣ ਕੁੱਝ ਹੱਦ ਤਕ ਬਦਲ ਦਿਤਾ ਹੈ।