ਨਸ਼ਾ ਤਸਕਰਾਂ ਖ਼ਿਲਾਫ ਕਾਰਵਾਈ ਨਾ ਹੋਣ 'ਤੇ ਆਪ ਕਰੇਗੀ ਕੈਪਟਨ ਅਤੇ ਪ੍ਰਨੀਤ ਕੌਰ ਦੇ ਮਹਿਲ ਦਾ ਘਿਰਾਓ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਅਕਾਲੀਆਂ ਵਾਂਗ ਹੀ ਨੂੰ ਸ਼ਹਿ ਦੇ ਰਹੀ ਹੈ ਕੈਪਟਨ ਸਰਕਾਰ: ਆਪ

Meet Hayer

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜ਼ਿਲ੍ਹੇ ਦੇ ਸ਼ਹਿਰ ਰਾਜਪੁਰਾ ਵਿਚੋਂ ਫੜ੍ਹੀ ਗਈ ਨਕਲੀ ਸ਼ਰਾਬ ਦੀ ਫੈਕਟਰੀ ਦੇ ਆਰੋਪੀਆਂ ਦੀ ਰਾਜਪੁਰਾ ਤੋਂ ਕਾਂਗਰਸੀ ਵਿਧਾਇਕ ਹਰਦਿਆਲ ਕੰਬੋਜ, ਘਨੌਰ ਤੋਂ ਵਿਧਾਇਕ ਮਦਨਲਾਲ ਜਲਾਲਪੁਰ ਅਤੇ ਖੁਦ ਮੁੱਖ ਮੰਤਰੀ ਦੀ ਪਤਨੀ ਤੇ ਪਟਿਆਲਾ ਤੋਂ ਐਮਪੀ ਪ੍ਰਨੀਤ ਕੌਰ ਨਾਲ ਨਜ਼ਦੀਕੀ ਹੋਣਾ ਸ਼ਰਾਬ ਤਸਕਰੀ ਦੇ ਧੰਦੇ ਨੂੰ ਸ਼ਹਿ ਦਿੰਦਾ ਹੈ।

ਇਹ ਦੋਸ਼ ਇਥੇ ਇਕ ਪ੍ਰੈਸ ਕਾਨਫਰੰਸ ਦੌਰਾਨ ਆਮ ਆਦਮੀ ਪਾਰਟੀ ਦੇ ਬਰਨਾਲਾ ਤੋਂ ਵਿਧਾਇਕ ਅਤੇ ਯੂਥ ਵਿੰਗ ਦੇ ਪ੍ਰਧਾਨ ਮੀਤ ਹੇਅਰ ਨੇ ਲਗਾਏ। ਉਨ੍ਹਾਂ ਕਿਹਾ ਕਿ ਬੀਤੇ ਰਾਤ ਰਾਜਪੁਰਾ ਤੋਂ ਫਿਰ ਇਕ ਨਕਲੀ ਸ਼ਰਾਬ ਦੀ ਫੈਕਟਰੀ ਫੜੀ ਗਈ ਹੈ, ਇਸ ਦੇ ਦੋਸ਼ੀ ਦੀਪੇਸ਼ ਕੁਮਾਰ ਗਰੋਵਰ ਅਤੇ ਕਾਰਜ ਸਿੰਘ ਜੋ ਗ੍ਰਿਫਤਾਰ ਕੀਤੇ ਗਏ ਹਨ ਦੋਵੇਂ ਰਾਜਪੁਰਾ ਤੋਂ ਕਾਂਗਰਸੀ ਵਿਧਾਇਕ ਹਰਦਿਆਲ ਕੰਬੋਜ, ਘਨੌਰ ਦੇ ਵਿਧਾਇਕ ਮਦਨਲਾਲ ਅਤੇ ਐਮਪੀ ਪ੍ਰਨੀਤ ਕੌਰ ਦੇ ਨਜ਼ਦੀਕੀ ਹਨ।

ਲਾਕਡਾਊਨ ਦੌਰਾਨ ਜਦੋਂ ਸਰਕਾਰ ਤੋਂ ਪੁੱਛੇ ਬਿਨਾਂ ਪਰਿੰਦਾ ਨਹੀਂ ਹਿੱਲਦਾ ਸੀ ਤਾਂ ਉਸ ਸਮੇਂ ਵੀ ਰਾਜਪੁਰਾ ਤੋਂ ਨਕਲੀ ਸ਼ਰਾਬ ਦੀਆ ਫੈਕਟਰੀਆ ਫੜੀਆ ਗਈਆ ਸਨ ਜਿਸ ਵਿਚ ਵੀ ਦੀਪੇਸ਼ ਗਰੋਵਰ ਦਾ ਨਾਮ ਆਇਆ ਸੀ। ਜੋ ਕਿ ਹੁਣ ਕੁਝ ਸਮਾਂ ਪਹਿਲਾਂ ਹੀ ਜ਼ਮਾਨਤ ਉਤੇ ਆਇਆ ਹੈ। ਸਰਕਾਰ ਨੇ ਆਪਣੇ ਨਜ਼ਦੀਕੀ ਪ੍ਰਤੀ ਵਫ਼ਾਦਾਰੀ ਨਿਭਾਉਂਦੇ ਹੋਏ ਕੋਈ ਸਖਤ ਕਾਰਵਾਈ ਨਾ ਕੀਤੀ। ਸ਼ਰਾਬ ਤਸਕਰੀ ਦੇ ਮਾਮਲੇ ਵਿਚ ਫੜੇ ਜਾਣ ਤੋਂ ਬਾਅਦ ਵੀ ਰਾਜਪੁਰਾ ਦੇ ਵਿਧਾਇਕ ਹਰਦਿਆਲ ਕੰਬੋਜ ਦੇ ਬੇਟੇ ਨਿਰਭੈ ਕੰਬੋਜ ਮਿਲਟੀ ਦੀਆਂ ਦੀਪੇਸ਼ ਕੁਮਾਰ ਗਰੋਵਰ ਨਾਲ ਕਿਸਾਨਾਂ ਦੇ ਧਰਨੇ ਵਿਚ ਜਾਂਦੇ ਦੀਆਂ ਫੋਟੋ ਸਾਹਮਣੇ ਆਈਆਂ ਹਨ।

ਮੀਤ ਹੇਅਰ ਨੇ ਕਾਂਗਰਸੀ ਪ੍ਰਧਾਨ ਸੁਨੀਲ ਜਾਖੜ ਅਤੇ ਮੁੱਖ ਮੰਤਰੀ ਦੇ ਓਐਸਡੀ ਸੰਦੀਪ ਸੰਧੂ ਨਾਲ ਫੜ੍ਹੇ ਗਏ ਆਰੋਪੀਆਂ ਦੀਆਂ ਫੋਟੋ ਦਿਖਾਉਂਦੇ ਹੋਏ ਕਿਹਾ ਕਿ ਕਾਂਗਰਸ ਦੇ ਹੇਠਲੇ ਆਗੂਆਂ ਤੋਂ ਲੈ ਕੇ ਮੁੱਖ ਮੰਤਰੀ ਦੇ ਦਫ਼ਤਰ ਤੱਕ ਵੱਲੋਂ ਸ਼ਰਾਬ ਤਸਕਰਾਂ ਨੂੰ ਉਤਸਾਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ ਗੁੱਟਕਾ ਸਾਹਿਬ ਦੀ ਸਹੁੰ ਚੁੱਕਕੇ ਨਸ਼ਾ ਖਤਮ ਕਰਨ ਦੀ ਗੱਲ ਕਹੀ ਸੀ, ਪ੍ਰੰਤੂ ਹੁਣ ਨਸ਼ਾ ਤਸਕਰਾਂ ਦੇ ਸੁਰੱਖਿਆ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਜੇਕਰ ਕੈਪਟਨ ਨੇ ਪਹਿਲਾਂ ਰਾਜਪੁਰਾਂ ਵਿਚ ਫੜ੍ਹੀਆਂ ਸ਼ਰਾਬ ਫੈਕਟਰੀਆਂ ਤੋਂ ਬਾਅਦ ਪੰਜਾਬ ਵਿਚ ਸਖਤੀ ਵਰਤੀ ਹੁੰਦੀ ਤਾਂ ਮਾਝੇ ਵਿਚ ਜ਼ਹਿਰੀਲੀ ਸ਼ਰਾਬ ਨਾਲ ਸੈਂਕੜੇ ਤੋਂ ਵੱਧ ਹੋਈਆਂ ਮੌਤਾਂ ਨਾ ਹੁੰਦੀਆਂ। ਉਨ੍ਹਾਂ ਕਿਹਾ ਕਿ ਕੈਪਟਨ ਸਾਹਿਬ ਜੇਕਰ ਨਸ਼ਾ ਤਸਕਰੀ ਕਰਨ ਵਾਲਿਆਂ ਨੂੰ ਸ਼ਹਿ ਦੇਣ ਵਾਲੇ ਕਾਂਗਰਸੀ ਵਿਧਾਇਕਾਂ ਅਤੇ ਆਪਣੇ ਓਐਸਡੀਆਂ ਉਤੇ ਕਾਰਵਾਈ ਕਰਨ ਦੀ ਹਿੰਮਤ ਨਹੀਂ ਰੱਖਦੇ ਤਾਂ ਜ਼ਮੀਰ ਦੀ ਆਵਾਜ਼ ਸੁਣਕੇ ਮੁੱਖ ਮੰਤਰੀ ਦੇ ਔਹਦੇ ਤੋਂ ਅਸਤੀਫਾ ਦੇਣ।

ਉਨ੍ਹਾਂ ਕਿਹਾ ਕਿ ਸਰਕਾਰੀ ਸਹਿ ਉਤੇ ਚਲ ਰਹੀਆਂ ਜ਼ਾਅਲੀ ਸ਼ਰਾਬ ਦੀਆਂ ਫੈਕਟਰੀਆਂ ਜਿੱਥੇ ਲੋਕਾਂ ਦੀ ਜਾਨ ਲੈ ਰਹੀਆਂ ਹਨ, ਉਥੇ ਸੂਬੇ ਦੀ ਆਰਥਿਕਤਾ ਨੂੰ ਵੀ ਢਾਹ ਲਗਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਨੇ ਕਾਰਪੋਰੇਸ਼ਨ ਬਣਾਉਣ ਦਾ ਵਾਅਦਾ ਕੀਤਾ ਸੀ, ਪ੍ਰੰਤੂ ਜਦੋਂ ਸ਼ਰਾਬ ਤਸਕਰਾਂ ਤੋਂ ਕਮਿਸ਼ਨ ਆਉਣਾ ਸ਼ੁਰੂ ਹੋਇਆ ਤਾਂ ਕੀਤਾ ਵਾਅਦਾ ਭੁੱਲ ਗਏ। ਜੇਕਰ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸੀ ਵਿਧਾਇਕਾਂ, ਆਗੂਆਂ ਖਿਲਾਫ ਕੋਈ ਕਾਰਵਾਈ ਨਾ ਕੀਤੀ ਤਾਂ ਆਮ ਆਦਮੀ ਪਾਰਟੀ ਕੈਪਟਨ ਅਮਰਿੰਦਰ ਸਿੰਘ, ਵਿਧਾਇਕਾਂ ਦਾ ਘਿਰਾਓ ਕਰੇਗੀ।