ਕੇਂਦਰੀ ਮੰਤਰੀ ਪ੍ਰਧਾਨ ਨੇ ਤਾਮਿਲਨਾਡੂ ਸਰਕਾਰ ’ਤੇ ਐਨ.ਈ.ਪੀ. ’ਤੇ ‘ਯੂ-ਟਰਨ’ ਲੈਣ ਦਾ ਦੋਸ਼ ਲਾਇਆ

ਏਜੰਸੀ

ਖ਼ਬਰਾਂ, ਰਾਜਨੀਤੀ

ਡੀ.ਐਮ.ਕੇ. ਨੇ ਪ੍ਰਗਟਾਇਆ ਸਖ਼ਤ ਵਿਰੋਧ, ਮੁੱਖ ਮੰਤਰੀ ਸਟਾਲਿਨ ਨੇ ਪ੍ਰਧਾਨ ’ਤੇ ਹੰਕਾਰ ਦਾ ਦੋਸ਼ ਲਾਇਆ, ਉਨ੍ਹਾਂ ਨੂੰ ਅਪਣੀ ਜ਼ੁਬਾਨ ’ਤੇ ਕਾਬੂ ਰੱਖਣ ਲਈ ਕਿਹਾ 

ਧਰਮਿੰਦਰ ਪ੍ਰਧਾਨ ਅਤੇ ਐਮ.ਕੇ. ਸਟਾਲਿਨ

ਨਵੀਂ ਦਿੱਲੀ : ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਕੌਮੀ ਸਿੱਖਿਆ ਨੀਤੀ (ਐਨ.ਈ.ਪੀ.) ਨੂੰ ਲਾਗੂ ਕਰਨ ਤੋਂ ਇਨਕਾਰ ਕਰਨ ਅਤੇ ਸਿਆਸਤ ਲਈ ਇਸ ਮੁੱਦੇ ’ਤੇ ‘ਯੂ-ਟਰਨ’ ਲੈਣ ਲਈ ਤਾਮਿਲਨਾਡੂ ਸਰਕਾਰ ਦੀ ਆਲੋਚਨਾ ਕੀਤੀ। ਪ੍ਰਧਾਨ ਨੇ ਸੂਬਾ ਸਰਕਾਰ ’ਤੇ ਬੇਈਮਾਨ ਹੋਣ ਅਤੇ ਤਾਮਿਲਨਾਡੂ ਦੇ ਵਿਦਿਆਰਥੀਆਂ ਦੇ ਭਵਿੱਖ ਨੂੰ ਬਰਬਾਦ ਕਰਨ ਦਾ ਦੋਸ਼ ਵੀ ਲਾਇਆ। 

ਇਹ ਵਿਵਾਦ ਪੀ.ਐਮ. ਸਕੂਲ ਫਾਰ ਰਾਈਜ਼ਿੰਗ ਇੰਡੀਆ (ਪੀ.ਐਮ.-ਐਸ.ਐਚ.ਆਰ.ਆਈ.) ਯੋਜਨਾ ਨੂੰ ਲੈ ਕੇ ਹੈ, ਜਿਸ ਦਾ ਉਦੇਸ਼ ਕੇਂਦਰੀ, ਸੂਬਾ ਜਾਂ ਸਥਾਨਕ ਸੰਸਥਾਵਾਂ ਵਲੋਂ ਪ੍ਰਬੰਧਿਤ ਸਕੂਲਾਂ ਨੂੰ ਮਜ਼ਬੂਤ ਕਰਨਾ ਹੈ। ਤਾਮਿਲਨਾਡੂ ਸਰਕਾਰ ਨੇ ਸ਼ੁਰੂ ’ਚ ਐਨ.ਈ.ਪੀ. 2020 ਨੂੰ ਲਾਗੂ ਕਰਨ ਲਈ ਕੇਂਦਰ ਸਰਕਾਰ ਨਾਲ ਸਹਿਮਤੀ ਪੱਤਰ (ਐਮ.ਓ.ਯੂ.) ’ਤੇ ਦਸਤਖਤ ਕਰਨ ਲਈ ਸਹਿਮਤੀ ਦਿਤੀ ਸੀ, ਪਰ ਬਾਅਦ ’ਚ ਅਪਣਾ ਰੁਖ ਬਦਲ ਲਿਆ। ਪ੍ਰਧਾਨ ਨੇ ਕਿਹਾ ਕਿ ਕਰਨਾਟਕ ਅਤੇ ਹਿਮਾਚਲ ਪ੍ਰਦੇਸ਼ ਸਮੇਤ ਕਈ ਗੈਰ-ਭਾਜਪਾ ਸ਼ਾਸਿਤ ਸੂਬਿਆਂ ਨੇ ਸਮਝੌਤੇ ’ਤੇ ਦਸਤਖਤ ਕੀਤੇ ਹਨ। 

ਹਾਲਾਂਕਿ ਡੀ.ਐਮ.ਕੇ. ਮੈਂਬਰਾਂ ਨੇ ਲੋਕ ਸਭਾ ’ਚ ਪ੍ਰਧਾਨ ਦੀ ਟਿਪਣੀ ਦਾ ਸਖ਼ਤ ਵਿਰੋਧ ਕੀਤਾ। ਡੀ.ਐਮ.ਕੇ. ਮੈਂਬਰ ਕਨੀਮੋਝੀ ਨੇ ਕਿਹਾ ਕਿ ਪਾਰਟੀ ਨੇ ਮੰਤਰੀ ਨੂੰ ਸਪੱਸ਼ਟ ਤੌਰ ’ਤੇ ਕਿਹਾ ਸੀ ਕਿ ਉਹ ਐਨ.ਈ.ਪੀ. ਨੂੰ ਪੂਰੀ ਤਰ੍ਹਾਂ ਮਨਜ਼ੂਰ ਨਹੀਂ ਕਰ ਸਕਦੇ ਅਤੇ ਤਿੰਨ ਭਾਸ਼ਾਵਾਂ ਦਾ ਫਾਰਮੂਲਾ ਤਾਮਿਲਨਾਡੂ ਨੂੰ ਮਨਜ਼ੂਰ ਨਹੀਂ ਹੈ। ਪ੍ਰਧਾਨ ਨੇ ਬਾਅਦ ਵਿਚ ਅਪਣੀ ਵਿਵਾਦਪੂਰਨ ਟਿਪਣੀ ਵਾਪਸ ਲੈ ਲਈ ਅਤੇ ਕਿਹਾ, ‘‘ਮੈਨੂੰ ਇਸ ਨੂੰ ਵਾਪਸ ਲੈਣ ਦਿਓ। ਜੇ ਇਸ ਨਾਲ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਅਪਣਾ ਸ਼ਬਦ ਵਾਪਸ ਲੈ ਲੈਂਦਾ ਹਾਂ। ਮੈਨੂੰ ਇਸ ’ਤੇ ਕੋਈ ਸਮੱਸਿਆ ਨਹੀਂ ਹੈ।’’

ਦੂਜੇ ਪਾਸੇ ਤਾਮਿਲਨਾਡੂ ਦੇ ਮੁੱਖ ਮੰਤਰੀ ਐਮ.ਕੇ. ਸਟਾਲਿਨ ਨੇ ਵੀ ਪ੍ਰਧਾਨ ’ਤੇ ਨਿਸ਼ਾਨਾ ਵਿੰਨ੍ਹਦਿਆਂ ਦੋਸ਼ ਲਾਇਆ ਕਿ ਉਨ੍ਹਾਂ ਨੇ ਹੰਕਾਰ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਅਪਣੀ ਜ਼ੁਬਾਨ ’ਤੇ ਕਾਬੂ ਰੱਖਣ ਲਈ ਕਿਹਾ। ਸਟਾਲਿਨ ਨੇ ਜ਼ੋਰ ਦੇ ਕੇ ਕਿਹਾ ਕਿ ਤਾਮਿਲਨਾਡੂ ਸਰਕਾਰ ਕੇਂਦਰ ਦੀ ਪੀ.ਐਮ. ਸ਼੍ਰੀ ਯੋਜਨਾ ਨੂੰ ਲਾਗੂ ਕਰਨ ਲਈ ਅੱਗੇ ਨਹੀਂ ਆਈ ਅਤੇ ਕੇਂਦਰ ਸਰਕਾਰ ਨੂੰ ਤਾਮਿਲਨਾਡੂ ਦੇ ਵਿਦਿਆਰਥੀਆਂ ਲਈ ਫੰਡ ਜਾਰੀ ਕਰਨ ਦੀ ਬੇਨਤੀ ਕੀਤੀ। 

ਪ੍ਰਧਾਨ ਮੰਤਰੀ ਸ਼੍ਰੀ ਯੋਜਨਾ ਦੀ ਕੁਲ ਲਾਗਤ ਪੰਜ ਸਾਲਾਂ ’ਚ 27,360 ਕਰੋੜ ਰੁਪਏ ਹੋਵੇਗੀ, ਜਿਸ ’ਚ ਕੇਂਦਰੀ ਹਿੱਸਾ 18,128 ਕਰੋੜ ਰੁਪਏ ਹੋਵੇਗਾ। 32 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਕੁਲ 12,079 ਸਕੂਲਾਂ ਦੀ ਚੋਣ ਕੀਤੀ ਗਈ ਹੈ, ਜਿਨ੍ਹਾਂ ’ਚ 1,329 ਸਕੂਲ ਪ੍ਰਾਇਮਰੀ, 3,340 ਸਕੂਲ ਐਲੀਮੈਂਟਰੀ, 2,921 ਸਕੂਲ ਸੈਕੰਡਰੀ ਅਤੇ 4,489 ਸਕੂਲ ਸੀਨੀਅਰ ਸੈਕੰਡਰੀ ਹਨ।

ਤੱਥਾਂ ਤੋਂ ਬਿਨਾਂ ਲੋਕ ਦੂਜਿਆਂ ਨੂੰ ਗੁਮਰਾਹ ਕਰਨ ਲਈ ਹੰਗਾਮਾ ਕਰ ਰਹੇ ਹਨ: ਪ੍ਰਧਾਨ 

ਨਵੀਂ ਦਿੱਲੀ : ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਕੌਮੀ ਸਿੱਖਿਆ ਨੀਤੀ 2020 ਨੂੰ ਲੈ ਕੇ ਤਾਮਿਲਨਾਡੂ ਸਰਕਾਰ ਦੀ ਆਲੋਚਨਾ ਕਰਦੇ ਹੋਏ ਦੋਸ਼ ਲਾਇਆ ਕਿ ਜਿਨ੍ਹਾਂ ਕੋਲ ਠੋਸ ਤੱਥ ਨਹੀਂ ਹਨ, ਉਹ ਸਿਰਫ ਦੂਜਿਆਂ ਨੂੰ ਗੁਮਰਾਹ ਕਰਨ ਲਈ ਹੰਗਾਮਾ ਕਰਨ ਦੀ ਕੋਸ਼ਿਸ਼ ਕਰਦੇ ਹਨ। ਸੰਸਦ ਕੰਪਲੈਕਸ ਅੰਦਰ ਉਨ੍ਹਾਂ ਨੇ ਡੀ.ਐਮ.ਕੇ. ਦੀ ਅਗਵਾਈ ਵਾਲੀ ਸਰਕਾਰ ਨੂੰ ਵਿਦਿਆਰਥੀਆਂ ਦੇ ਹਿੱਤਾਂ ਨੂੰ ਤਰਜੀਹ ਦੇਣ ਦੀ ਅਪੀਲ ਕਰਦਿਆਂ ਕਿਹਾ, ‘‘ਪ੍ਰਧਾਨ ਮੰਤਰੀ ਸ਼੍ਰੀ ਵਿਦਿਆਰਥੀਆਂ ਦੇ ਲਾਭ ਲਈ ਇਕ ਯੋਜਨਾ ਹੈ ਅਤੇ ਤਾਮਿਲਨਾਡੂ ’ਚ, ਸਿੱਖਿਆ ਦਾ ਮਾਧਿਅਮ ਸਿਰਫ ਤਾਮਿਲ ਹੀ ਰਹੇਗਾ। ਉਨ੍ਹਾਂ ਦਾ ਵਿਰੋਧ ਕੀ ਹੈ, ਮੈਨੂੰ ਸਮਝ ਨਹੀਂ ਆਉਂਦੀ।’’ ਪ੍ਰਧਾਨ ਦੀ ਟਿਪਣੀ ਕਾਰਨ ਡੀ.ਐਮ.ਕੇ. ਮੈਂਬਰਾਂ ਨੇ ਲੋਕ ਸਭਾ ’ਚ ਵਿਰੋਧ ਪ੍ਰਦਰਸ਼ਨ ਕੀਤਾ, ਜਿਸ ਦੇ ਨਤੀਜੇ ਵਜੋਂ ਕਾਰਵਾਈ 30 ਮਿੰਟ ਲਈ ਮੁਲਤਵੀ ਕਰ ਦਿਤੀ ਗਈ।