ਸ਼ਿਵ ਸੈਨਾ ਦਾ ਭਾਜਪਾ ’ਤੇ ਤੰਜ਼, ‘ਹਾਰ ਨਾਲੋਂ ਜਿੱਤ ਨੂੰ ਹਜ਼ਮ ਕਰਨਾ ਵਧੇਰੇ ਮੁਸ਼ਕਲ ਹੁੰਦਾ ਹੈ’

ਏਜੰਸੀ

ਖ਼ਬਰਾਂ, ਰਾਜਨੀਤੀ

ਸ਼ਿਵ ਸੈਨਾ ਨੇ ਆਪਣੇ ਮੁੱਖ ਪੱਤਰ 'ਸਾਮਨਾ' ਦੀ ਸੰਪਾਦਕੀ 'ਚ ਲਿਖਿਆ ਹੈ ਕਿ ਚਾਰ ਸੂਬਿਆਂ 'ਚ ਭਾਜਪਾ ਦੀ ਜਿੱਤ ਦਾ ਮਹਾਰਾਸ਼ਟਰ 'ਤੇ ਕੋਈ ਅਸਰ ਨਹੀਂ ਪਵੇਗਾ

Victory more difficult to digest than defeat: Shiv Sena

 

ਮੁੰਬਈ: ਦੇਸ਼ ਦੇ ਚਾਰ ਸੂਬਿਆਂ ਵਿਚ ਭਾਰਤੀ ਜਨਤਾ ਪਾਰਟੀ ਦੀ ਸੱਤਾ ਵਿਚ ਵਾਪਸੀ ਤੋਂ ਬਾਅਦ ਸ਼ਿਵ ਸੈਨਾ ਨੇ ਸ਼ੁੱਕਰਵਾਰ ਨੂੰ ਪਾਰਟੀ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਸ ਨੂੰ ਇਸ ਸਫਲਤਾ ਕਾਰਨ ਬਦਹਜ਼ਮੀ ਦਾ ਸ਼ਿਕਾਰ ਨਹੀਂ ਹੋਣਾ ਚਾਹੀਦਾ ਕਿਉਂਕਿ ਹਾਰ ਦੇ ਮੁਕਾਬਲੇ ਜਿੱਤ ਨੂੰ ਹਜ਼ਮ ਕਰਨਾ ਵਧੇਰੇ ਮੁਸ਼ਕਿਲ ਹੁੰਦਾ ਹੈ। ਬੀਤੇ ਦਿਨ ਐਲਾਨੇ ਗਏ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਵਿਚ ਉੱਤਰ ਪ੍ਰਦੇਸ਼, ਉੱਤਰਾਖੰਡ, ਮਣੀਪੁਰ ਅਤੇ ਗੋਆ ਵਿਚ ਭਾਜਪਾ ਨੇ ਜਿੱਤ ਹਾਸਲ ਕੀਤੀ ਹੈ ਜਦਕਿ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਜਿੱਤ ਨਾਲ ਪੰਜਾਬ ਵਿਚ ਕਾਂਗਰਸ ਨੂੰ ਸੱਤਾ ਤੋਂ ਬਾਹਰ ਕਰ ਦਿੱਤਾ।

Shiv Sena

ਸ਼ਿਵ ਸੈਨਾ ਨੇ ਆਪਣੇ ਮੁੱਖ ਪੱਤਰ 'ਸਾਮਨਾ' ਦੀ ਸੰਪਾਦਕੀ 'ਚ ਲਿਖਿਆ ਹੈ ਕਿ ਚਾਰ ਸੂਬਿਆਂ 'ਚ ਭਾਜਪਾ ਦੀ ਜਿੱਤ ਦਾ ਮਹਾਰਾਸ਼ਟਰ 'ਤੇ ਕੋਈ ਅਸਰ ਨਹੀਂ ਪਵੇਗਾ ਅਤੇ 'ਇਸ ਦਾ ਅਸਰ ਉਸੇ ਤਰ੍ਹਾਂ ਦਾ ਹੋਵੇਗਾ, ਜਿਵੇਂ ਬਾਂਦਰਾਂ ਦੇ ਸ਼ਰਾਬ ਦੀ ਬੋਤਲ ਫੜਨ ’ਤੇ ਹੁੰਦਾ ਹੈ'। ਪਾਰਟੀ ਨੇ ਕਿਹਾ ਕਿ ਉੱਤਰ ਪ੍ਰਦੇਸ਼ 'ਚ ਵਿਕਾਸ ਨਾਲੋਂ ਜ਼ਿਆਦਾ ਜਾਤ ਨੂੰ ਪਹਿਲ ਦਿੱਤੀ ਜਾਂਦੀ ਹੈ ਅਤੇ ਇਸ ਵਾਰ ਭਾਜਪਾ ਨੇ 'ਹਿਜਾਬ' ਅਤੇ ਜਾਤੀ ਦੇ ਮੁੱਦੇ ਦੀ ਵਰਤੋਂ ਕਰਕੇ ਚੋਣ ਜਿੱਤਣ 'ਚ ਸਫਲਤਾ ਹਾਸਲ ਕੀਤੀ ਹੈ। ਉਹਨਾਂ ਦਾਅਵਾ ਕੀਤਾ ਕਿ ਮਾਇਆਵਤੀ ਦੀ ਅਗਵਾਈ ਵਾਲੀ ਬਹੁਜਨ ਸਮਾਜ ਪਾਰਟੀ ਨੇ ਵੀ ਚੁੱਪ ਰਹਿ ਕੇ ਭਾਜਪਾ ਦੀ ਮਦਦ ਕੀਤੀ ਹੈ।

Mayawati

ਮਹਾਰਾਸ਼ਟਰ ਦੀ ਸੱਤਾਧਾਰੀ ਪਾਰਟੀ ਨੇ ਕਿਹਾ ਕਿ ਉਮੀਦ ਕੀਤੀ ਜਾ ਰਹੀ ਸੀ ਕਿ ਅਖਿਲੇਸ਼ ਯਾਦਵ ਦੀ ਅਗਵਾਈ ਵਾਲਾ ਗਠਜੋੜ ਲਗਭਗ 180 ਸੀਟਾਂ ਜਿੱਤੇਗਾ ਕਿਉਂਕਿ ਇਸ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਸੀ ਪਰ 150 ਦਾ ਅੰਕੜਾ ਪਾਰ ਨਹੀਂ ਕਰ ਸਕੀ। ਸ਼ਿਵ ਸੈਨਾ ਨੇ ਕਿਹਾ, ''ਹਾਰ ਨਾਲੋਂ ਜਿੱਤ ਹਜ਼ਮ ਕਰਨੀ ਜ਼ਿਆਦਾ ਔਖੀ ਹੈ। ਭਾਜਪਾ ਨੂੰ ਇਸ ਜਿੱਤ ਕਾਰਨ ਬਦਹਜ਼ਮੀ ਦੀ ਸਮੱਸਿਆ ਦਾ ਸ਼ਿਕਾਰ ਨਹੀਂ ਹੋਣਾ ਚਾਹੀਦਾ।''

Akhilesh Yadav

ਉਧਵ ਠਾਕਰੇ ਦੀ ਅਗਵਾਈ ਵਾਲੀ ਪਾਰਟੀ ਨੇ ਕਿਹਾ ਕਿ ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ ਵਾਡਰਾ ਨੇ ਉੱਤਰ ਪ੍ਰਦੇਸ਼ ਦੀਆਂ ਚੋਣਾਂ ਵਿਚ ਅਪਣੀ ਪਾਰਟੀ ਦੀ ਅਗਵਾਈ ਕੀਤੀ। ਉਹਨਾਂ ਕਿਹਾ ਕਿ ਜੇਕਰ ਅਖਿਲੇਸ਼ ਯਾਦਵ ਅਤੇ ਪ੍ਰਿਯੰਕਾ ਗਾਂਧੀ ਮਿਲ ਕੇ ਚੋਣ ਲੜਦੇ ਤਾਂ ਉਹ ਸਖ਼ਤ ਟੱਕਰ ਦੇਣ ਲਈ ਬਿਹਤਰ ਸਥਿਤੀ ਵਿਚ ਹੁੰਦੇ। ਸ਼ਿਵ ਸੈਨਾ ਨੇ ਕਿਹਾ ਕਿ ਪ੍ਰਿਯੰਕਾ ਗਾਂਧੀ ਨੂੰ ਸੂਬੇ ਵਿਚ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖਣੀਆਂ ਚਾਹੀਦੀਆਂ ਹਨ। ਉਹਨਾਂ ਕਿਹਾ ਕਿ ਗੋਆ ਵਿਚ ਕਾਂਗਰਸ ਸਿਰਫ਼ 11 ਸੀਟਾਂ ਹੀ ਜਿੱਤ ਸਕੀ ਅਤੇ ਭਾਜਪਾ ਨੂੰ ਆਪ ਅਤੇ ਤ੍ਰਿਣਮੂਲ ਕਾਂਗਰਸ ਦੇ ਚੋਣ ਲੜਨ ਦਾ ਫਾਇਦਾ ਹੋਇਆ।