ਇਹ 1962 ਵਾਲਾ ਭਾਰਤ ਨਹੀਂ: ਭਾਜਪਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਭਾਜਪਾ ਨੇ ਪੁਛਿਆ-ਰਾਹੁਲ ਗਾਂਧੀ ਨੂੰ ਚੀਨ ਦੇ ਕੂੜ ਪ੍ਰਚਾਰ 'ਤੇ ਏਨਾ ਭਰੋਸਾ ਕਿਉਂ?

Ravi Shankar Prasad

ਨਵੀਂ ਦਿੱਲੀ: ਭਾਰਤ ਅਤੇ ਚੀਨ ਵਿਚਾਲੇ ਪੈਦਾ ਸਰਹੱਦੀ ਵਿਵਾਦ 'ਤੇ ਸੱਤਾਧਿਰ ਭਾਜਪਾ ਅਤੇ ਕਾਂਗਰਸ ਪਾਰਟੀਆਂ ਵਿਚਾਲੇ ਤਿੱਖੀ ਬਹਿਸ ਹੋ ਰਹੀ ਹੈ। ਚੀਨ ਸਰਹੱਦੀ ਵਿਵਾਦ 'ਤੇ ਵਿਰੋਧੀ ਧਿਰ ਦੀ ਆਲੋਚਨਾ ਬਾਰੇ ਭਾਜਪਾ ਨੇਤਾ ਰਵੀਸ਼ੰਕਰ ਨੇ ਕਿਹਾ ਕਿ ਅੱਜ ਦਾ ਭਾਰਤ 1962 ਦਾ ਭਾਰਤ ਨਹੀਂ ਅਤੇ ਦੇਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਰਗੇ ਨਿਡਰ ਆਗੂ ਦੀ ਅਗਵਾਈ ਵਿਚ ਅੱਗੇ ਵਧ ਰਿਹਾ ਹੈ, ਕਾਂਗਰਸ ਦੀ ਅਗਵਾਈ ਵਿਚ ਨਹੀਂ। ਭਾਜਪਾ ਆਗੂ ਅਤੇ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਸਰਹੱਦ 'ਤੇ ਹਾਲਾਤ ਬਾਰੇ ਕਾਂਗਰਸ ਆਗੂ ਰਾਹੁਲ ਗਾਂਧੀ ਦੁਆਰਾ ਸਵਾਲ ਚੁਕੇ ਜਾਣ 'ਤੇ ਪਲਟਵਾਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਘੱਟੋ ਘੱਟ ਏਨੀ ਸਮਝ ਹੋਣੀ ਚਾਹੀਦੀ ਹੈ ਕਿ ਚੀਨ ਨਾਲ ਜੁੜੇ ਅੰਦਰੂਨੀ ਮੁੱਦਿਆਂ ਬਾਰੇ ਟਵਿਟਰ 'ਤੇ ਸਵਾਲ ਨਹੀਂ ਪੁੱਛੇ ਜਾਂਦੇ।

ਹਿਮਾਚਲ ਪ੍ਰਦੇਸ਼ ਵਿਚ ਭਾਜਪਾ ਦੀ ਡਿਜੀਟਲ ਰੈਲੀ ਨੂੰ ਸੰਬੋਧਤ ਕਰਦਿਆਂ ਪ੍ਰਸਾਦ ਨੇ ਕਿਹਾ ਕਿ ਜਦ ਭਾਰਤ ਆਤਮਨਿਰਭਰ ਬਣਨ ਦੀ ਦਿਸ਼ਾ ਵਿਚ ਕੰਮ ਕਰ ਰਿਹਾ ਹੈ ਤਾਂ ਉਹ ਸੁਰੱਖਿਆ ਮਾਮਲਿਆਂ ਵਿਚ ਵੀ ਇਸ ਦਿਸ਼ਾ ਵਿਚ ਅੱਗੇ ਵਧੇਗਾ। ਉਨ੍ਹਾਂ ਸੁਰੱਖਿਆ ਦੇ ਮਾਮਲਿਆਂ ਵਿਚ ਮੋਦੀ ਸਰਕਾਰ ਦੇ ਪਹਿਲੇ ਕਾਰਜਕਾਲ ਵਿਚ ਪਾਕਿਸਤਾਨ ਅੰਦਰ ਸਰਜੀਕਲ ਹਮਲੇ ਅਤੇ ਹਵਾਈ ਹਮਲੇ ਜ਼ਰੀਏ ਅਤਿਵਾਦੀਆਂ ਨੂੰ ਨਿਸ਼ਾਨਾ ਬਣਾਉਣ ਦਾ ਵੀ ਜ਼ਿਕਰ ਕੀਤਾ। ਪ੍ਰਸਾਦ ਨੇ ਕਿਹਾ, 'ਭਾਰਤ ਸ਼ਾਂਤਮਈ ਢੰਗ ਨਾਲ ਵਿਵਾਦਾਂ ਨੂੰ ਸੁਲਝਾਉਣਾ ਚਾਹੁੰਦਾ ਹੈ। ਅਸੀਂ ਨਿਮਰਤਾ ਨਾਲ ਇਕ ਗੱਲ ਕਹਿਣਾ ਚਾਹੁੰਦੇ ਹਾਂ ਕਿ ਅੱਜ ਦਾ ਭਾਰਤ 2020 ਦਾ ਭਾਰਤ ਹੈ, 1962 ਦਾ ਭਾਰਤ ਨਹੀਂ।'

ਕੇਂਦਰੀ ਮੰਤਰੀ ਨੇ ਕਿਹਾ,'ਇਸ ਗੱਲ ਨੂੰ ਸਮਝ ਲੈਣਾ ਚਾਹੀਦਾ ਹੈ। ਚੀਨ ਨੇ ਜਦ 1962 ਵਿਚ ਭਾਰਤ ਨੂੰ ਹਰਾਇਆ ਸੀ ਤਦ ਕਾਂਗਰਸ ਸ਼ਾਸਨ ਵਿਚ ਸੀ।' ਰਾਹੁਲ ਗਾਂਧੀ 'ਤੇ ਵਿਅੰਗ ਕਸਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਆਗੂ ਨੂੰ ਦੇਸ਼ ਦੀ ਆਰਥਕ ਨੀਤੀ ਜਾਂ ਅੰਦਰੂਨੀ ਮਾਮਲਿਆਂ ਬਾਰੇ ਕਿੰਨੀ ਸਮਝ ਹੈ, ਇਹ ਚਰਚਾ ਕਰਨ ਦੀ ਗੱਲ ਹੈ। ਚੀਨ ਦੇ ਫ਼ੌਜੀਆਂ ਦੇ ਭਾਰਤੀ ਸਰਹੱਦ ਵਿਚ ਦਾਖ਼ਲ ਹੋਣ ਸਬੰਧੀ ਰਾਹੁਲ ਗਾਂਧੀ ਦੀ ਟਿਪਣੀ 'ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਭਾਜਪਾ ਨੇ ਸਵਾਲ ਕੀਤਾ ਕਿ ਕਾਂਗਰਸ ਦੇ ਸਾਬਕਾ ਪ੍ਰਧਾਨ ਨੂੰ ਭਾਰਤ ਦੀ ਫ਼ੌਜ 'ਤੇ ਇਤਬਾਰ ਹੋਣ ਦੀ ਬਜਾਏ ਚੀਨ ਦੇ ਕੂੜ ਪ੍ਰਚਾਰ 'ਤੇ ਏਨਾ ਭਰੋਸਾ ਕਿਉਂ ਹੈ?

ਭਾਜਪਾ ਦੇ ਕੌਮੀ ਬੁਲਾਰੇ ਸਇਅਦ ਸ਼ਾਹਨਿਵਾਜ਼ ਹੁਸੈਨ ਨੇ ਅਪਣੇ ਬਿਆਨ ਵਿਚ ਕਿਹਾ, 'ਰਾਹੁਲ ਗਾਂਧੀ ਨੂੰ ਚੀਨ ਦੇ ਪ੍ਰਚਾਰ ਦਾ ਸ਼ਿਕਾਰ ਹੋਣ ਤੋਂ ਖ਼ੁਦ ਨੂੰ ਬਚਾਉਣਾ ਚਾਹੀਦਾ ਹੈ। ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਦੇਸ਼ ਦੀ ਫ਼ੌਜ ਅਤੇ ਸਰਕਾਰ 'ਤੇ ਭਰੋਸਾ ਕਰਨ।' ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੂੰ ਦੇਸ਼ ਦੀ ਫ਼ੌਜ ਅਤੇ ਸਰਕਾਰ 'ਤੇ ਪੂਰਾ ਭਰੋਸਾ ਕਰਨਾ ਚਾਹੀਦਾ ਹੈ ਜਦਕਿ ਉਹ ਚੀਨੀ ਕੂੜ ਪ੍ਰਚਾਰ ਦਾ ਸ਼ਿਕਾਰ ਹੋ ਰਹੇ ਹਨ। ਭਾਜਪਾ ਬੁਲਾਰੇ ਨੇ ਕਿਹਾ ਕਿ ਰਾਹੁਲ ਨੂੰ ਨਾ ਤਾਂ ਚੀਨ ਦੇ ਕੂੜ ਪ੍ਰਚਾਰ 'ਤੇ ਯਕੀਨ ਕਰਨਾ ਚਾਹੀਦਾ ਹੈ ਅਤੇ ਨਾ ਦੂਜਿਆਂ ਨੂੰ ਅਜਿਹੇ ਕੂੜ ਪ੍ਰਚਾਰ ਦਾ ਸ਼ਿਕਾਰ ਬਣਾਉਣਾ ਚਾਹੀਦਾ ਹੈ।

ਉਧਰ, ਕਾਂਗਰਸ ਨੇ ਪਲਟਵਾਰ ਕਰਦਿਆਂ ਕਿਹਾ ਕਿ ਵਿਰੋਧੀ ਧਿਰ ਪ੍ਰਤੀ ਗੁੱਸਾ ਪ੍ਰਗਟ ਕਰਨ ਦੀ ਬਜਾਏ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਸ਼ ਨੂੰ ਇਹ ਦਸਣਾ ਚਾਹੀਦਾ ਹੈ ਕਿ ਚੀਨੀ ਫ਼ੌਜੀਆਂ ਨੇ ਭਾਰਤ ਦੇ ਕਿੰਨੇ ਇਲਾਕੇ 'ਤੇ ਕਬਜ਼ਾ ਕੀਤਾ ਹੈ ਅਤੇ ਇਸ ਕਬਜ਼ੇ ਲਈ ਕੌਣ ਜ਼ਿੰਮੇਵਾਰ ਹੈ? ਪਾਰਟੀ ਦੇ ਬੁਲਾਰੇ ਮਨੀਸ਼ ਤਿਵਾੜੀ ਨੇ ਇਹ ਵੀ ਕਿਹਾ ਕਿ ਕੌਮੀਅਤ 'ਤੇ ਭਾਜਪਾ ਅਤੇ ਆਰਐਸਐਸ ਦਾ ਕੋਈ ਏਕਾਅਧਿਕਾਰ ਨਹੀਂ ਅਤੇ ਦੇਸ਼ ਦੀ ਜ਼ਮੀਨ 'ਤੇ ਕਿਸੇ ਤਰ੍ਹਾਂ ਦੇ ਕਬਜ਼ੇ ਬਾਰੇ ਸਰਕਾਰ ਨੂੰ ਸਵਾਲ ਕਰਨਾ ਬਤੌਰ ਭਾਰਤੀ ਨਾਗਰਿਕ ਸਾਡਾ ਫ਼ਰਜ਼ ਹੈ।

ਉਨ੍ਹਾਂ ਕਿਹਾ, 'ਪਿਛਲੇ 35 ਦਿਨਾਂ ਤੋਂ ਸਰਹੱਦੀ ਹਾਲਾਤ ਸੰਵੇਦਨਸ਼ੀਲ ਬਣੇ ਹੋਏ ਹਨ। ਰਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਮੰਨਿਆ ਹੈ ਕਿ ਚੀਨ ਦੇ ਫ਼ੌਜੀ ਭਾਰਤ ਦੀ ਸਰਹੱਦ ਅੰਦਰ ਵੜ ਗਏ ਹਨ। ਚੀਨ ਨੇ ਸਾਡੇ ਖੇਤਰ 'ਤੇ ਕਬਜ਼ਾ ਕਰ ਲਿਆ ਹੈ ਅਤੇ ਇਸ ਗੱਲ ਤੋਂ ਪੂਰਾ ਦੇਸ਼ ਚਿੰਤਿਤ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।