ਕਿਸਾਨਾਂ ਦੀ ਹਾਲਤ ਮਾੜੀ, ਕੀਤੇ ਵਾਅਦੇ ਪੂਰੇ ਕਰਨ ਮੋਦੀ: ਰਾਹੁਲ

ਏਜੰਸੀ

ਖ਼ਬਰਾਂ, ਰਾਜਨੀਤੀ

ਕਿਸਾਨਾਂ ਦੀ ਹਾਲਤ ਲਈ ਲੰਮੇ ਸਮੇਂ ਤਕ ਸਰਕਾਰ ਚਲਾਉਣ ਵਾਲੇ ਜ਼ਿੰਮੇਵਾਰ

Rahul says terrible situation of farmers

ਨਵੀਂ ਦਿੱਲੀ : ਲੋਕ ਸਭਾ ਵਿਚ ਕਿਸਾਨਾਂ ਦਾ ਮੁੱਦਾ ਚੁਕਦਿਆਂ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਵਿਚ ਕਿਸਾਨਾਂ ਦੀ ਹਾਲਤ ਕਾਫ਼ੀ ਮਾੜੀ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਸਾਨਾਂ ਨਾਲ ਕੀਤਾ ਅਪਣੇ ਵਾਅਦਿਆਂ ਨੂੰ ਪੂਰਾ ਕਰਨਾ ਚਾਹੀਦਾ ਹੈ। ਇਸ 'ਤੇ ਜਵਾਬ ਦਿੰਦਿਆਂ ਰਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਕਿਸਾਨਾਂ ਦੀ ਮਾੜੀ ਹਾਲਤ ਲਈ ਉਹ ਲੋਕ ਜ਼ਿੰਮੰਵਾਰ ਹਨ ਜਿਨ੍ਹਾਂ ਨੇ ਦੇਸ਼ ਵਿਚ ਲੰਮੇ ਸਮੇਂ ਤਕ ਸਰਕਾਰ ਚਲਾਈ ਹੈ ਜਦਕਿ ਮੋਦੀ ਸਰਕਾਰ ਨੇ ਕਿਸਾਨਾਂ ਦੀ ਭਲਾਈ ਲਈ ਕਈ ਕਦਮ ਉਠਾਏ ਹਨ। 

ਲੋਕ ਸਭਾ ਦੇ ਸਿਫ਼ਰਕਾਲ ਦੌਰਾਨ ਰਾਹੁਲ ਨੇ ਕਿਹਾ ਕਿ ਉਨ੍ਹਾਂ ਦੇ ਸੰਸਦੀ ਖੇਤਰ ਵਾਇਨਾਡ ਵਿਚ ਕਰਜ਼ ਦੀ ਅਦਾਇਗੀ ਨਾਲ ਕਰ ਸਕਣ ਕਾਰਨ ਬੀਤੇ ਕਲ ਇਕ ਕਿਸਾਨ ਨੇ ਖ਼ੁਦਕੁਸ਼ੀ ਕਰ ਲਈ। ਕੇਰਲ ਵਿਚ ਪਿਛਲੇ ਡੇਢ ਸਾਲ ਵਿਚ 18 ਕਿਸਾਨ ਖ਼ੁਦਕੁਸ਼ੀਆਂ ਕਰ ਚੁੱਕੇ ਹਨ। ਕਿਸਾਨਾਂ ਨੂੰ ਕਰਜ਼ ਵਸੂਲੀ ਲਈ ਨੋਟਿਸ ਦਿਤੇ ਜਾ ਰਹੇ ਹਨ। ਕੇਰਲ ਦੀ ਸਰਕਾਰ ਨੇ ਕਰਜ਼ ਵਸੂਲੀ 'ਤੇ ਰੋਕ ਲਗਾਉਣ ਦੀ ਅਪੀਲ ਕੀਤੀ ਪਰ ਕੇਂਦਰ ਸਰਕਾਰ ਨੇ ਇਸ ਬਾਰੇ ਰਿਜ਼ਰਵ ਬੈਂਕ ਨੂੰ ਨਹੀਂ ਕਿਹਾ। ਪਿਛਲੇ ਪੰਜ ਸਾਲਾਂ ਵਿਚ ਮੋਦੀ ਸਰਕਾਰ ਨੇ ਵੱਡੇ ਵਪਾਰੀਆਂ ਦੇ 5.5 ਲੱਖ ਕਰੋੜ ਰੁਪਏ ਮਾਫ਼ ਕੀਤੇ ਪਰ ਉਹ ਕਿਸਾਨਾਂ ਨਾਲ ਮਤਰੇਆ ਵਿਵਹਾਰ ਕਰ ਰਹੇ ਹਨ।

ਇਹ ਅਫ਼ਸੋਸ ਦੀ ਗੱਲ ਹੈ ਕਿ ਬਜਟ ਵਿਚ ਕਿਸਾਨਾਂ ਨੂੰ ਰਾਹਤ ਦੇਣ ਲਈ ਕੋਈ ਠੋਸ ਉਪਾਅ ਨਹੀਂ ਕੀਤੇ ਗਏ। ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਪੰਜ ਸਾਲ ਪਹਿਲਾਂ ਕਿਸਾਨਾਂ ਨਾਲ ਕਈ ਵਾਅਦੇ ਕੀਤੇ ਸਨ ਅਤੇ ਹੁਣ ਉਨ੍ਹਾਂ ਵਾਅਦਿਆਂ ਨੂੰ ਪੂਰਾ ਕਰਨਾ ਚਾਹੀਦਾ ਹੈ। ਇਸ ਦੌਰਾਨ ਰਾਜਨਾਥ ਸਿੰਘ ਨੇ ਕਿਹਾ ਕਿ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਦੇ ਜ਼ਿਆਦਾ ਮਾਮਲੇ ਪਹਿਲਾਂ ਦੀਆਂ ਸਰਕਾਰ ਦੌਰਾਨ ਸਾਹਮਣੇ ਆਏ ਸਨ।

ਮੋਦੀ ਸਰਕਾਰ ਨੇ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਸਮੇਤ ਕਈ ਅਹਿਮ ਕਦਮ ਚੁੱਕੇ ਹਨ ਜਿਨ੍ਹਾਂ ਵਿਚ ਸਾਰੇ ਕਿਸਾਨਾਂ ਨੂੰ ਸਾਲਾਨਾ ਛੇ ਹਜ਼ਾਰ ਰੁਪਏ ਦੇਣਾ ਸ਼ਾਮਲ ਹੈ। ਪਿਛਲੇ ਕੁੱਝ ਸਾਲਾਂ ਵਿਚ ਕਿਸਾਨਾਂ ਵਲੋਂ ਖ਼ੁਦਕੁਸ਼ੀਆਂ ਦੇ ਮਾਮਲਿਆਂ ਵਿਚ ਗਿਰਾਵਟ ਆਈ ਹੈ। ਰਾਜਨਾਥ ਸਿੰਘ ਵਲੋਂ ਇਹ ਕਹਿਣ ਤੋਂ ਬਾਅਦ ਸੱਤਾਧਿਰ ਅਤੇ ਕਾਂਗਰਸ ਦੇ ਮੈਂਬਰਾਂ ਵਿਚਾਲੇ ਵਿਵਾਦ ਵੋਖਣ ਨੂੰ ਮਿਲਿਆ।