ਬਾਦਲਾਂ ਦੇ ਅਕਾਲੀ ਦਲ ਨੂੰ ਲੱਗ ਸਕਦੇ ਹਨ ਕਈ ਹੋਰ ਝਟਕੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਟੌਹੜਾ ਵਾਂਗ ਉਭਰੇ ਸੁਖਦੇਵ ਸਿੰਘ ਢੀਂਡਸਾ ਨਾਲ ਹੀ ਸਰਗਰਮ ਹੋਏ ਪਰਮਿੰਦਰ ਢੀਂਡਸਾ

Photo

ਚੰਡੀਗੜ੍ਹ (ਸਪੋਕਸਮੈਨ ਸਮਾਚਾਰ ਸੇਵਾ) : ਅਪਣਾ 100 ਸਾਲਾ ਸਥਾਪਨਾ ਦਿਵਸ ਮਨਾ ਰਹੇ ਅਕਾਲੀ ਦਲ ਨੂੰ ਭਾਵੇਂ ਬੀਤੇ ਸਾਲ 'ਚ ਹੀ ਕਈ ਝਟਕੇ ਲੱਗ ਗਏ ਸਨ ਪਰ ਪਾਰਟੀ ਦੀ ਲੀਡਰਸ਼ਿਪ ਨੇ ਉਸ ਤੋਂ ਸਬਕ ਨਹੀਂ ਲਿਆ ਜਿਸ ਕਾਰਨ 2020 'ਚ ਵੀ ਉਸੇ ਤਰ੍ਹਾਂ ਪਾਰਟੀ ਦੇ ਕਈ ਸੀਨੀਅਰ ਆਗੂ ਪਾਰਟੀ ਨੂੰ ਅਲਵਿਦਾ ਕਹਿ ਰਹੇ ਹਨ ਤੇ ਉਨ੍ਹਾਂ ਦਾ ਦਾਅਵਾ ਹੈ ਕਿ ਪਾਰਟੀ ਪ੍ਰਧਾਨ ਦੀ ਤਾਨਾਸ਼ਾਹੀ ਕਾਰਨ ਬਹੁਤ ਸਾਰੇ ਪਾਰਟੀ ਆਗੂ ਤੇ ਵਰਕਰ ਅਪਣੇ ਘਰਾਂ 'ਚ ਬੈਠ ਗਏ ਹਨ।

ਉਨ੍ਹਾਂ ਦਾ ਇਹ ਵੀ ਦਾਅਵਾ ਹੈ ਕਿ ਪਾਰਟੀ 'ਤੇ ਇਕ ਪਰਵਾਰ ਦੇ ਹਾਵੀ ਹੋ ਜਾਣ ਕਾਰਨ ਟਕਸਾਲੀਆਂ ਦੀ ਪੁਛਗਿੱਛ ਨਹੀਂ ਰਹੀ ਤੇ ਬਹੁਤ ਸਾਰੇ ਹੋਰ ਆਗੂ ਵੀ ਪਾਰਟੀ ਨੂੰ ਅਲਵਿਦਾ ਕਹਿਣਗੇ ਪਰ ਫ਼ਿਲਹਾਲ ਉਨ੍ਹਾਂ ਨੂੰ ਕੋਈ ਵਿਕਲਪ ਨਹੀਂ ਮਿਲ ਰਿਹਾ ਇਸ ਲਈ ਪਾਰਟੀ ਦੇ ਅੰਦਰ ਹੀ ਖ਼ਾਮੋਸ਼ ਰਹਿ ਕੇ ਸਮਾਂ ਲੰਘਾ ਰਹੇ ਹਨ ਤਾਕਿ ਸਿਆਸੀ ਭਵਿੱਖ ਖ਼ਤਰੇ 'ਚ ਨਾ ਪਵੇ।

ਇਨ੍ਹਾਂ ਆਗੂਆਂ ਦੀ ਗੱਲਬਾਤ ਤੋਂ ਇਹੀ ਲਗਦਾ ਹੈ ਕਿ ਬਾਦਲਾਂ ਦੇ ਅਕਾਲੀ ਦਲ ਨੂੰ ਨਵੇਂ ਸਾਲ ਅੰਦਰ ਕਈ ਹੋਰ ਝਟਕੇ ਵੀ ਲੱਗ ਸਕਦੇ ਹਨ। ਇਸ ਦੇ ਪਿਛੇ ਇਹ ਵੀ ਦਲੀਲ ਦਿਤੀ ਜਾ ਰਹੀ ਹੈ ਕਿ ਬਾਗ਼ੀ ਹੋਈ ਟਕਸਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਨੂੰ ਕਈ ਅਕਾਲੀ ਆਗੂ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਥਾਂ ਦੇਖਣ ਲੱਗ ਪਏ ਹਨ।

ਭਾਵੇਂ ਅਕਾਲੀ ਆਗੂ ਕਿੰਨਾ ਵੀ ਕਹੀ ਜਾਣ ਕਿ ਢੀਂਡਸਾ ਪੱਲੇ ਕੁੱਝ ਨਹੀਂ ਪਰ ਉਹ ਇਹ ਵੀ ਜਾਣਦੇ ਹਨ ਕਿ ਜੇਕਰ ਢੀਂਡਸਾ ਆਪ ਸੱਤਾ ਤਕ ਨਾ ਪਹੁੰਚ ਸਕੇ ਤਾਂ ਅਕਾਲੀ ਦਲ ਨੂੰ ਵੀ ਸੱਤਾ 'ਚ ਜਾਣ ਤੋਂ ਰੋਕ ਸਕਦੇ ਹਨ।

ਉਧਰ ਟਕਸਾਲੀ ਅਕਾਲੀ ਆਗੂਆਂ ਨੇ 18 ਜਨਵਰੀ ਨੂੰ ਦਿੱਲੀ 'ਚ ਹਮਖ਼ਿਆਲੀਆਂ ਦੀ ਮੀਟਿੰਗ ਬੁਲਾ ਲਈ ਹੈ ਤੇ ਇਸ ਮੀਟਿੰਗ ਨੂੰ ਸਫ਼ਲ ਬਣਾਉਣ ਲਈ ਦਿੱਲੀ ਅੰਦਰ ਬਾਦਲਾਂ ਦੇ ਸੱਭ ਤੋਂ ਵੱਡੇ ਵਿਰੋਧੀ ਮਨਜੀਤ ਸਿੰਘ ਜੀਕੇ ਪੱਬਾਂ ਭਾਰ ਹਨ ਤੇ ਉਹ ਦਾਅਵਾ ਕਰ ਰਹੇ ਹਨ ਕਿ ਮਾਸਟਰ ਤਾਰਾ ਸਿੰਘ ਦੀ ਸੋਚ ਨਾਲ ਜੁੜੇ ਦਿੱਲੀ ਦੇ ਅਕਾਲੀ ਆਗੂ ਤੇ ਵਰਕਰ ਇਸ ਮੀਟਿੰਗ 'ਚ ਹਿੱਸਾ ਲੈਣਗੇ ਅਤੇ ਬਾਦਲਾਂ ਦੀਆਂ ਚੂਲਾਂ ਹਿਲਾ ਦੇਣਗੇ।

ਇਸ ਮੀਟਿੰਗ ਲਈ ਸੱਭ ਤੋਂ ਪਹਿਲਾਂ ਬਾਗ਼ੀ ਹੋਏ ਜਥੇਦਾਰ ਬ੍ਰਹਮਪੁਰਾ, ਜਥੇਦਾਰ ਸੇਵਾ ਸਿੰਘ ਸੇਖਵਾਂ, ਜਥੇਦਾਰ ਅਜਨਾਲਾ ਸਮੇਤ ਦੂਜੇ ਟਕਸਾਲੀ ਆਗੂ ਵੀ ਪੂਰੀ ਤਰ੍ਹਾਂ ਸਰਗਰਮ ਹਨ। ਟਕਸਾਲੀਆਂ ਦੀ ਇਸ ਮੀਟਿੰਗ ਅੰਦਰ ਕੀ ਸਹਿਮਤੀ ਬਣਦੀ ਹੈ ਤੇ ਭਵਿੱਖ ਬਾਰੇ ਕਿਹੜੀ ਰਣਨੀਤੀ ਬਣਦੀ ਹੈ, ਉਹ ਅਕਾਲੀ ਦਲ ਦਾ ਭਵਿੱਖ ਤੈਅ ਕਰੇਗੀ ਤੇ ਟਕਸਾਲੀ ਦੀ ਭੂਮਿਕਾ ਸਪੱਸ਼ਟ ਹੋ ਜਾਵੇਗੀ।

ਇਹ ਮੀਟਿੰਗ ਇਹ ਵੀ ਤੈਅ ਕਰ ਦੇਵੇਗੀ ਕਿ ਸਾਰੇ ਟਕਸਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਨੂੰ ਗੁਰਚਰਨ ਸਿੰਘ ਟੌਹੜਾ ਵਾਂਗ ਅਗਵਾਈ ਦਿੰਦੇ ਹਨ ਜਾਂ ਨਹੀਂ।
ਉਧਰ ਪਿਤਾ ਦੇ ਨਕਸ਼ੇ ਕਦਮਾਂ 'ਤੇ ਤੁਰੇ ਪਰਮਿੰਦਰ ਸਿੰਘ ਢੀਂਡਸਾ ਵੀ ਹੁਣ ਬਾਦਲਾਂ ਵਿਰੁਧ ਪੂਰੀ ਤਰ੍ਹਾਂ ਸਰਗਰਮ ਹੋ ਗਏ ਹਨ। ਅਕਾਲੀ ਦਲ ਨੂੰ ਝਟਕਾ ਦੇਣ ਤੋਂ ਬਾਅਦ ਹੁਣ ਪਰਮਿੰਦਰ ਢੀਂਢਸਾ ਛੇਤੀ ਹੀ ਕੋਈ ਵੱਡਾ ਧਮਾਕਾ ਕਰਨ ਦੀ ਤਿਆਰੀ ਵਿਚ ਹਨ।

ਇਸ ਬਾਬਤ ਤਿਆਰੀ ਵੀ ਸ਼ੂਰੂ ਹੋ ਗਈ ਹੈ। ਕਿਆਸਰਾਈਆਂ ਤੇਜ਼ ਹਨ ਕਿ ਹੁਣ ਇਕ ਹੋਰ ਵੱਡਾ ਫ਼ਰੰਟ ਖੜਾ ਕਰਨ ਦੀ ਤਿਆਰੀ ਹੋ ਰਹੀ ਹੈ, ਜੋ ਕਿ ਅਕਾਲੀ ਦਲ ਨੂੰ ਟੱਕਰ ਦੇਵੇਗਾ। ਇਸੇ ਨੂੰ ਲੈ ਕੇ ਅੱਜ ਚੰਡੀਗੜ੍ਹ ਵਿਖੇ ਪਰਮਿੰਦਰ ਢੀਂਡਸਾ ਤੇ ਸਿਮਰਜੀਤ ਬੈਂਸ ਵਿਚਾਲੇ ਮੀਟਿੰਗ ਹੋਈ। ਬੈਂਸ ਵਿਧਾਨ ਸਭਾ ਕਮੇਟੀ ਦੀ ਅਪਣੀ ਮੀਟਿੰਗ ਤੋਂ ਬਾਅਦ ਢੀਂਡਸਾ ਨਾਲ ਭਵਿੱਖ ਦੀ ਸਿਆਸਤ ਦੀ ਚਰਚਾ ਕਰਨ ਪਹੁੰਚੇ।

ਇਸ ਤੋਂ ਪਹਿਲਾਂ ਨਵੀਂ ਪੱਕ ਰਹੀ ਸਿਆਸੀ ਖਿਚੜੀ ਬਾਰੇ ਬੈਂਸ ਬੋਲੇ ਕਿ ਖਿਚੜੀ ਨਹੀਂ ਇਹ ਤਾਂ ਖੀਰ ਬਣ ਰਹੀ ਹੈ। ਗੱਲਬਾਤ ਤਾਂ ਲਗਾਤਾਰ ਜਾਰੀ ਹੀ ਸੀ, ਪਰ ਹੁਣ ਛੇਤੀ ਹੀ ਕੋਈ ਮੁਕਾਮ ਹਾਸਲ ਹੋਣ ਵਾਲਾ ਹੈ, ਜਿਸ ਬਾਰੇ ਦਸਿਆ ਜਾਵੇਗਾ। ਸਾਰੇ ਹਮਖਿਆਲੀ ਇਕ ਥਾਂ ਨਹੀਂ ਬਲਕਿ ਕਈ ਹੋਰ ਅਕਾਲੀ ਵੀ ਹੁਣ ਨਾਲ ਆਉਣ ਵਾਲੇ ਹਨ।

ਇਸ ਸਾਰੀ ਕਹਾਣੀ ਤੋਂ ਇਹੀ ਸਿੱਧ ਹੋ ਰਿਹਾ ਹੈ ਕਿ ਅਕਾਲੀ ਦਲ ਬਾਦਲ ਨੂੰ ਟੱਕਰ ਦੇਣ ਲਈ ਕਈ ਧਿਰਾਂ ਇਕ ਮੰਚ 'ਤੇ ਆਉਣ ਲਈ ਉਤਾਵਲੀਆਂ ਹਨ। ਜੇਕਰ ਇਸ ਫ਼ਰੰਟ 'ਚ ਕਿਧਰੇ 'ਆਪ' ਵਾਲੇ ਸ਼ਾਮਲ ਹੋ ਗਏ ਤਾਂ ਪੰਜਾਬ ਦੇ ਸਿਆਸੀ ਭਵਿੱਖ ਹੀ ਕੁੱਝ ਹੋਰ ਹੋਵੇਗਾ।