ਸੁਖਜਿੰਦਰ ਰੰਧਾਵਾ ਗੈਗਸਟਰਾਂ ਦਾ ਸਭ ਤੋਂ ਵੱਡਾ ਪਿਉ: ਸੁਖਬੀਰ ਸਿੰਘ ਬਾਦਲ

ਏਜੰਸੀ

ਖ਼ਬਰਾਂ, ਪੰਜਾਬ

ਸੁਖਬੀਰ ਸਿੰਘ ਬਾਦਲ ਅੱਜ ਸਾਬਕਾ ਅਕਾਲੀ ਸਰਪੰਚ ਬਾਬਾ ਗੁਰਦੀਪ ਸਿੰਘ ਉਮਰਾਪੁਰਾ...

Sukhbir Singh Badal and Sukhjinder Singh Randhawa

ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਿਚਾਲੇ ਸ਼ਬਦੀ ਜੰਗ ਚਰਮ-ਸੀਮਾਂ 'ਤੇ ਪਹੁੰਚਦੀ ਦਿਖਾਈ ਦੇ ਰਹੀ ਹੈ। ਸੁਖਬੀਰ ਬਾਦਲ ਨੇ ਹੁਣ ਸੁਖਜਿੰਦਰ ਸਿੰਘ ਨੂੰ ਗੈਗਸਟਰਾਂ ਦਾ ਸਭ ਤੋਂ ਵੱਡੇ ਪਿਉ' ਦਾ ਲਕਬ ਦਿੰਦਿਆਂ ਗੈਂਗਸਟਰਾਂ ਦੀ ਹੋਂਦ ਤੇ ਵਾਧੇ ਲਈ ਕਾਂਗਰਸ ਨੂੰ ਜ਼ਿੰਮੇਵਾਰ ਦਸਿਆ ਹੈ। ਸੁਖਬੀਰ ਸਿੰਘ ਬਾਦਲ ਅੱਜ ਸਾਬਕਾ ਅਕਾਲੀ ਸਰਪੰਚ ਬਾਬਾ ਗੁਰਦੀਪ ਸਿੰਘ ਉਮਰਾਪੁਰਾ ਦੀ ਅੰਤਿਮ ਅਰਦਾਸ 'ਚ ਸ਼ਾਮਲ ਹੋਣ ਲਈ ਮਜੀਠਾ ਵਿਖੇ ਆਏ ਸਨ।

ਇਸ ਮੌਕੇ ਜੁੜੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਾਂਗਰਸ 'ਤੇ ਤਿੱਖੇ ਹਮਲੇ ਵੀ ਕੀਤੇ। ਉਨ੍ਹਾਂ ਬਾਬਾ ਗੁਰਦੀਪ ਸਿੰਘ ਉਮਰਪੁਰਾ ਦੀ ਹਤਿਆ ਨੂੰ ਸਿਆਸੀ ਕਤਲ ਕਰਾਰ ਦਿੰਦਿਆਂ ਕਿਹਾ ਕਿ ਜੇਕਰ ਕਾਤਲਾਂ ਨੂੰ 10 ਦਿਨਾਂ ਦੇ ਅੰਦਰ ਅੰਦਰ ਫੜਿਆ ਨਾ ਗਿਆ ਤਾਂ ਮਜੀਠਾ ਜ਼ਿਲ੍ਹਾ ਪੁਲਿਸ ਮੁਖੀ ਦੇ ਦਫ਼ਤਰ ਦਾ ਘਿਰਾਓ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕਾਂਗਰਸ ਵਲੋਂ ਕਿਸੇ ਨਾ ਕਿਸੇ ਬਹਾਨੇ ਅਕਾਲੀ ਵਰਕਰਾਂ ਨੂੰ ਖ਼ਤਮ ਕਰਨ ਦੀ ਮੁਹਿੰਮ ਚਲਾਈ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ  ਕਾਂਗਰਸ ਗੈਗਸਟਰਾਂ ਨੂੰ ਵਰਤ ਕੇ ਰਾਜ ਕਰਨ ਦਾ ਸੁਪਨਾ ਸਜਾਈ ਬੈਠੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਹੀ ਗੈਗਸਟਰਾਂ ਦੀ ਆਗੂ ਬਣ ਜਾਵੇ ਤਾਂ ਹਲਾਤ ਦਾ ਅੰਦਾਜ਼ਾ ਲਾਉਣਾ ਔਖਾ ਨਹੀਂ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕਿਸੇ ਵੀ ਗੈਗਸਟਰਾਂ ਦੀ ਕੀ ਹਿੰਮਤ ਕਿ ਉਹ ਕਿਸੇ ਨੂੰ ਕੋਈ ਧਮਕੀ ਦੇ ਦੇਵੇ। ਉਹ ਉਸ ਵਕਤ ਕਿਸੇ ਨੂੰ ਧਮਕੀ ਦੇਵੇਗਾ ਜਦ ਉਸ ਨੂੰ ਪਤਾ ਤੇ ਯਕੀਨ ਹੋਵੇ ਕਿ ਉਸ ਨੂੰ ਸਰਕਾਰ ਅਤੇ ਪੁਲਿਸ ਵਲੋਂ ਸਰਪ੍ਰਸਤੀ ਮਿਲੀ ਹੋਈ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਅਤੇ ਮੰਤਰੀ ਗੈਗਸਟਰਾਂ ਦੀ ਪੁਸ਼ਤ ਪਨਾਹੀ ਕਰ ਰਹੇ ਹਨ। ਇਸ ਮੌਕੇ ਬਿਕਰਮਜੀਤ ਸਿੰਘ ਮਜੀਠੀਆ ਨੇ ਕਿਹਾ ਕਿ ਬਾਬਾ ਗੁਰਦੀਪ ਸਿੰਘ ਨੂੰ ਕਾਂਗਰਸੀ ਕਾਰਕੁਨਾਂ ਅਤੇ ਗੈਗਸਟਰਾਂ ਵਲੋਂ ਧਮਕੀਆਂ ਮਿਲ ਰਹੀਆਂ ਸਨ। ਇਸ ਸਬੰਧੀ ਉਨ੍ਹਾਂ ਡੀਜੀਪੀ ਨੂੰ ਲਿਖਤੀ ਸ਼ਿਕਾਇਤ ਵੀ ਦਿਤੀ ਸੀ। ਪਰ ਕੋਈ ਅਸਰ ਨਹੀਂ ਹੋਇਆ ਅਤੇ ਗਿਣੀ ਮਿਥੀ ਸਾਜ਼ਿਸ਼ ਅਧੀਨ ਉਸ ਦਾ ਕਤਲ ਕਰ ਦਿਤਾ ਗਿਆ। ਉਨ੍ਹਾਂ ਕਿਹਾ ਕਿ ਬੇਸ਼ੱਕ ਉਸ ਨੂੰ ਮਾਰ ਦਿਤਾ ਜਾਵੇ ਪਰ ਉਹ ਪੀੜਤ ਪਰਵਾਰ ਦੇ ਇਨਸਾਫ਼ ਲਈ ਅਪਣੇ ਖੂਨ ਦੇ ਆਖ਼ਰੀ ਕਤਰੇ ਤਕ ਲੜਦਾ ਰਹੇਗਾ।

ਉਨ੍ਹਾਂ ਕਿਹਾ ਕਿ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਚਹੇਤਾ ਗੈਗਸਟਰਾਂ ਜਗੂ ਭਗਵਾਨਪੂਰੀਆ ਜੇਲ੍ਹ ਵਿਚ ਬੈਠਾ ਫਿਰੌਤੀ ਲੈ ਰਿਹਾ ਹੈ ਪਰ ਕੋਈ ਪੁਛਣ ਵਾਲਾ ਨਹੀਂ। ਉਨ੍ਹਾਂ ਕਿਹਾ ਕਿ ਸਮਾਂ ਆਉਣ 'ਤੇ ਸਭ ਮਾੜੇ ਅਨਸਰਾਂ ਨੂੰ ਜੇਲ੍ਹ 'ਚ ਸੁੱਟਿਆ ਜਾਵੇਗਾ। ਇਸ ਸ਼ਰਧਾਂਜਲੀ ਸਮਾਗਮ 'ਚ ਵੱਡੀ ਗਿਣਤੀ 'ਚ ਲੋਕ ਪਹੁੰਚੇ ਹੋਏ ਸਨ। ਉਨ੍ਹਾਂ ਕਿਹਾ ਕਿ ਸਮਾਂ ਆਉਣ ‘ਤੇ ਮਾੜੇ ਅਨਸਰਾਂ ਨੂੰ ਕੰਨੋਂ ਫੜ ਕੇ ਜੇਲ੍ਹ ‘ਚ ਸੁੱਟਦਿਆਂ ਬੰਦੇ ਦੇ ਪੁਤ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਉਚ ਅਦਾਲਤਾਂ ਤੱਕ ਜਾਇਆ ਜਾਵੇਗਾ।

ਇਸ ਮੌਕੇ ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ, ਰਾਜਮਹਿੰਦਰ ਸਿੰਘ ਮਜੀਠਾ, ਵੀਰ ਸਿੰਘ ਲੋਪੋਕੇ, ਲਖਬੀਰ ਸਿੰਘ ਲੋਧੀਨੰਗਲ ਅਤੇ ਰਣਜੀਤ ਸਿੰਘ ਵਰਿਆਮ ਨੰਗਲ ਨੇ ਕਿਹਾ ਕਿ ਕਾਂਗਰਸ ਅਤੇ ਕਾਂਗਰਸ ਦੀ ਸਰਕਾਰ ਅਕਾਲੀ ਦਲ ਨੂੰ ਢਾਹ ਲਾਉਣ ਅਤੇ ਅਕਾਲੀ ਵਰਕਰਾਂ ਦੇ ਹੌਸਲੇ ਪਸਤ ਕਰਨ ਲਈ ਨੀਵੇ ਪੱਧਰ ਦੀ ਸਿਆਸਤ ‘ਤੇ ਉਤਰ ਆਏ ਹਨ।

ਉਨ੍ਹਾਂ ਵਰਕਰਾਂ ਨੂੰ ਇਕਜੁਟ ਹੋ ਕੇ ਜੁਲਮ ਖਿਲਾਫ ਹੰਭਲਾ ਮਾਰਨ ਅਤੇ ਸੁਖਬੀਰ ਸਿੰਘ ਬਾਦਲ ਦੇ ਹੱਥ ਹੋਰ ਮਜਬੂਤ ਕਰਨ ਦਾ ਸਦਾ ਦਿਤਾ ਅਤੇ ਕਿਹਾ ਕਿ ਅਕਾਲੀ ਹਾਈ ਕਮਾਨ ਵਰਕਰਾਂ ਨਾਲ ਚਟਾਨ ਵਾਂਗ ਖੜੀ ਹੈ। ਸਟੇਜ ਦੀ ਸੇਵਾ ਸਾਬਕਾ ਮੰਤਰੀ ਡਾ: ਦਲਜੀਤ ਸਿੰਘ ਚੀਮਾ ਨੇ ਨਿਭਾਈ। ਇਸ ਮੌਕੇ ਭਾਈ ਜਰਨੈਲ ਸਿੰਘ ਕੁਹਾੜਕਾ ਹਜੂਰੀ ਰਾਗੀ, ਭਾਈ ਸ਼ੌਕੀਨ ਸਿੰਘ ਹਜੂਰੀ ਰਾਗੀ ਦਾ ਜਥਾ ਨੇ ਵੈਰਾਗ ਅਤੇ ਅਨੰਦ ਮਈ ਕੀਰਤਨ ਸਰਵਣ ਕਰਾਇਆ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।