ਬੰਗਾਲ ’ਚੋਂ ਕਾਂਗਰਸ ਗਈ ਤਾਂ ਕਦੀ ਵਾਪਸ ਨਹੀਂ ਆਈ, ਹੁਣ ਦੀਦੀ ਵੀ ਕਦੀ ਵਾਪਸ ਨਹੀਂ ਆਵੇਗੀ- ਪੀਐਮ ਮੋਦੀ

ਏਜੰਸੀ

ਖ਼ਬਰਾਂ, ਰਾਜਨੀਤੀ

ਚੋਣ ਪ੍ਰਚਾਰ ਲਈ ਬਰਧਮਾਨ ਪਹੁੰਚੇ ਪ੍ਰਧਾਨ ਮੰਤਰੀ

Mamata Banerjee and Narendra Modi

ਕੋਲਕਾਤਾ: ਪੱਛਮੀ ਬੰਗਾਲ ਵਿਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਦੇ ਚਲਦਿਆਂ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੋਣ ਪ੍ਰਚਾਰ ਲਈ ਬਰਧਮਾਨ ਪਹੁੰਚੇ। ਇਸ ਦੌਰਾਨ ਉਹਨਾਂ ਨੇ ਤਲਿਤ ਸਾਈ ਸੈਂਟਰ ਵਿਖੇ ਰੈਲੀ ਨੂੰ ਸੰਬੋਧਨ ਕੀਤਾ।

ਪੱਛਮੀ ਬੰਗਾਲ ਦੀ ਮੁੱਖ  ਮੰਤਰੀ ਤੇ ਟੀਐਮਸੀ ਮੁਖੀ ਮਮਤਾ ਬੈਨਰਜੀ ਨੂੰ ਨਿਸ਼ਾਨੇ ’ਤੇ ਲੈਂਦਿਆਂ ਪੀਐਮ ਮੋਦੀ ਨੇ ਕਿਹਾ ਕਿ ਦੀਦੀ ਦੀ ਕੜਵਾਹਟ, ਗੁੱਸਾ, ਬੌਖਲਾਹਟ ਦਿਨੋਂ ਦਿਨ ਵਧਦੀ ਜਾ ਰਹੀ ਹੈ ਕਿਉਂਕਿ ਬੰਗਾਲ ਵਿਚ ਹੋਈ ਅੱਧੀਆਂ ਚੋਣਾਂ ਵਿਚ ਟੀਐਮਸੀ ਨੂੰ ਸਾਫ ਕਰ ਦਿੱਤਾ ਹੈ। ਯਾਨੀ ਅੱਧੀਆਂ ਚੋਣਾਂ ਵਿਚ ਹੀ ਟੀਐਮਸੀ ਪੂਰੀ ਸਾਫ। ਚਾਰ ਪੜਾਵਾਂ ਵਿਚ ਬੰਗਾਲ ਵਿਚ ਜਾਗਰੂਕ ਜਨਤਾ ਨੇ ਇੰਨੇ ਚੌਕੇ-ਛੱਕੇ ਮਾਰੇ ਕਿ ਭਾਜਪਾ ਦੀਆਂ ਸੀਟਾਂ ਦੀ ਸੈਂਚਰੀ ਹੋ ਗਈ ਹੈ।

ਉਹਨਾਂ ਕਿਹਾ ਕਿ ਦੀਦੀ ਨੂੰ ਇਹ ਵੀ ਪਤਾ ਹੈ ਕਿ ਇਕ ਵਾਰ ਬੰਗਾਲ ਵਿਚੋਂ ਕਾਂਗਰਸ ਗਈ ਤਾਂ ਕਦੀ ਵਾਪਸ ਨਹੀਂ ਆਈ। ਦੀਦੀ ਵੀ ਇਕ ਵਾਰ ਗਈ ਤਾਂ ਕਦੀ ਨਹੀਂ ਆਵੇਗੀ। ਮਮਤਾ ਬੈਨਰਜੀ ’ਤੇ ਦੋਸ਼ ਲਗਾਉਂਦਿਆਂ ਪੀਐਮ ਨੇ ਕਿਹਾ ਕਿ ਦੀਦੀ ਦੇ ਲੋਕ ਬੰਗਾਲ ਵਿਚ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਗਾਲਾਂ ਕੱਢ ਰਹੇ ਹਨ। ਉਹਨਾਂ ਨੂੰ ਭਿਖਾਰੀ ਕਿਹਾ ਜਾ ਰਿਹਾ ਹੈ। ਉਹਨਾਂ ਕਿਹਾ ਕਿ 14 ਅਪ੍ਰੈਲ ਨੂੰ ਹੀ ਬਾਬਾ ਸਾਹਿਬ ਦੀ ਜਯੰਤੀ ਹੈ, ਇਸ ਤੋਂ ਪਹਿਲਾਂ ਹੀ ਦੀਦੀ ਅਤੇ ਟੀਐਮਸੀ ਨੇ ਬਾਬਾ ਸਾਹਿਬ ਅੰਬੇਦਕਰ ਦਾ ਅਪਮਾਨ ਕੀਤਾ।

ਪੀਐਮ ਮੋਦੀ ਨੇ ਕਿਹਾ ਕਿ ਹਾਲਾਤ ਅਜਿਹੇ ਹੋ ਗਏ ਕਿ ਦੀਦੀ ਹੁਣ ਕੇਂਦਰੀ ਫੋਰਸ ਖਿਲਾਫ਼ ਅਪਣੇ ਵਰਕਰਾਂ ਨੂੰ ਭੜਕਾ ਰਹੀ ਹੈ। ਉਹਨਾਂ ਕਿਹਾ ਕਿ ਜੇ ਤੁਸੀਂ ਗੁੱਸਾ ਕਰਨਾ ਹੈ ਤਾਂ ਮੈਂ ਹਾਂ, ਜੇਕਰ ਗਾਲਾਂ ਕੱਢਣੀਆਂ ਹਨ ਤਾਂ ਮੋਦੀ ਨੂੰ ਗਾਲਾਂ ਕੱਢੋ। ਦੱਸ ਦਈਏ ਕਿ ਪੱਛਮੀ ਬੰਗਾਲ ਵਿਚ ਪਹਿਲੇ ਚਾਰ ਪੜਾਅ ਦੀ ਵੋਟਿੰਗ ਖਤਮ ਹੋ ਚੁੱਕੀ ਹੈ। ਪੰਜਵੇਂ ਅਤੇ ਛੇਵੇਂ ਗੇੜ ਦੀ ਵੋਟਿੰਗ 17 ਅਪ੍ਰੈਲ ਅਤੇ 22 ਅਪ੍ਰੈਲ ਨੂੰ ਹੋਵੇਗੀ। ਅੱਠਵੇਂ ਪੜਾਅ ਦੀ ਵੋਟਿੰਗ 30 ਅਪ੍ਰੈਲ ਨੂੰ ਹੋਵੇਗੀ। ਇਸ ਤੋਂ ਬਾਅਦ ਵੋਟਾਂ ਦੀ ਗਿਣਤੀ 2 ਮਈ ਨੂੰ ਹੋਵੇਗੀ।