ED ਵਲੋਂ ਧੀਆਂ-ਭੈਣਾਂ ਦੇ ਨਾਮ 'ਤੇ ਡਰ-ਧਮਕਾ ਕੇ ਝੂਠੇ ਬਿਆਨ ਦਰਜ ਕਰਵਾਏ ਜਾਂਦੇ ਹਨ : ਸੰਜੇ ਸਿੰਘ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਕਿਹਾ, ED ਵਲੋਂ ਕੀਤਾ ਜਾਂਦਾ ਹੈ ਤੀਜੇ ਦਰਜੇ ਦਾ ਤਸ਼ੱਦਦ 

Sanjay Singh

ਕਿਹਾ, ਪ੍ਰਧਾਨ ਮੰਤਰੀ ਜੀ, ਤੁਸੀਂ ਬੇਟੀ ਪੜ੍ਹਾਓ ਬੇਟੀ ਬਚਾਓ ਦਾ ਨਾਹਰਾ ਦਿੱਤਾ ਪਰ ਇਸ ਤਰ੍ਹਾਂ ਜੇਕਰ ਕੋਈ ਬੇਟੀ ਦੇ ਨਾਮ 'ਤੇ ਧਮਕੀ ਦੇਵੇਗਾ ਤਾਂ ਕੋਈ ਆਪਣੀ ਜਾਨ ਵੀ ਦੇ ਸਕਦਾ ਹੈ ਫਿਰ ਇੱਕ ਕਾਗ਼ਜ਼ 'ਤੇ ਦਸਤਖ਼ਤ ਤਾਂ ਬਹੁਤ ਛੋਟੀ ਗੱਲ ਹੈ


ਨਵੀਂ ਦਿੱਲੀ : ਆਪ ਆਗੂ ਸੰਜੇ ਸਿੰਘ ਵਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿਚ ਉਨ੍ਹਾਂ ਨੇ ਜਾਂਚ ਏਜੰਸੀਆਂ ਬਾਰੇ ਵੱਡੇ ਖੁਲਾਸੇ ਕੀਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸਭ ਉਹ ਸਬੂਤਾਂ ਦੇ ਅਧਾਰ 'ਤੇ ਹੀ ਕਹਿ ਰਹੇ ਹਨ। ਆਪਣੇ ਸੰਬੋਧਨ ਵਿਚ ਉਨ੍ਹਾਂ ਦੱਸਿਆ ਕਿ ED ਜੋ ਦੇਸ਼ ਦੀ ਤਾਕਤਵਰ ਜਾਂਚ ਏਜੰਸੀ ਦੇ ਰੂਪ ਵਿਚ ਤੁਹਾਡੇ ਸਾਰਿਆਂ ਸਾਹਮਣੇ ਪੇਸ਼ ਕੀਤੀ ਜਾਂਦੀ ਹੈ, ਉਹ ਕਿਸ ਤਰ੍ਹਾਂ ਜਾਂਚ ਕਰਦੀ ਹੈ, ਕਿਸ ਤਰ੍ਹਾਂ ਲੋਕਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਤੰਗ ਪ੍ਰੇਸ਼ਾਨ ਕਰਦੀ ਹੈ ਇਨ੍ਹਾਂ ਸਾਰੇ ਮਸਲਿਆਂ ਦੇ ਖੁਲਾਸੇ ਲਈ ਹੀ ਅੱਜ ਮੈਂ ਇਹ ਪ੍ਰੈਸ ਕਾਨਫਰੰਸ ਕਰ ਰਿਹਾ ਹਾਂ।

 ਆਪ ਆਗੂ ਸੰਜੇ ਸਿੰਘ ਨੇ ਕਿਹਾ ਕਿ ਇੱਕ ਵਿਅਕਤੀ ਨੂੰ ਕਿਹਾ ਗਿਆ ਤੇਰੀ ਧੀ ਕਾਲਜ ਕਿਵੇਂ ਜਾਵੇਗੀ, ਅਸੀਂ ਦੇਖਾਂਗੇ। ਇਨ੍ਹਾਂ ਵਲੋਂ ਧੀ, ਪਤਨੀ ਅਤੇ ਬਜ਼ਰੂਗ ਮਾਂ-ਬਾਪ ਨੂੰ ਧਮਕੀ ਦਿਤੀ ਜਾਂਦੀ ਹੈ। ਉਨ੍ਹਾਂ ਨੂੰ ਕੁੱਟਿਆ-ਮਾਰਿਆ ਜਾਂਦਾ ਹੈ ਅਤੇ ਤਸੀਹੇ ਦੇਣ ਮਗਰੋਂ ਜਬਰਨ ਬਿਆਨ ਲਏ ਜਾਂਦੇ ਹਨ। ਇਹ ਸਭ ਕੁਝ ਮੈਂ ਨਹੀਂ ਕਹਿ ਰਿਹਾ ਸਗੋਂ ਇਹ ਉਨ੍ਹਾਂ ਸਾਰੇ ਪੀੜਤ ਲੋਕਾਂ ਦੇ ਅਦਾਲਤ ਦੇ ਸਾਹਮਣੇ ਬਿਆਨ ਹਨ। ਜਿਨ੍ਹਾਂ 'ਤੇ ਤਸੀਹੇ ਕਰ ਕੇ ਜ਼ਬਰਦਸਤੀ ਬਿਆਨ ਲਏ ਗਏ ਹਨ ਉਨ੍ਹਾਂ ਦੇ ਨਾਮ ਵੀ ਤੁਹਾਡੇ ਸਾਹਮਣੇ ਪੇਸ਼ ਕਰਾਂਗਾ:-

1) ਚੰਦਨ ਰੇਡੀ, ਜਿਨ੍ਹਾਂ ਨੇ ਹਾਈਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੈ। ਇਨ੍ਹਾਂ ਨੇ ਅਦਾਲਤ ਨੂੰ ਦੱਸਿਆ ਕਿ ED ਨੇ ਇਨ੍ਹਾਂ ਨੂੰ ਅਤੇ ਇਨ੍ਹਾਂ ਦੇ ਪਰਿਵਾਰ ਨੂੰ ਮਾਰਿਆ-ਕੁੱਟਿਆ ਅਤੇ ਧਮਕੀ ਦਿਤੀ ਕਿ ਜੋ ਅਸੀਂ ਕਹਿ ਰਹੇ ਹਾਂ ਉਸ ਅਨੁਸਾਰ ਬਿਆਨ ਲਿਖ ਨਹੀਂ ਤਾਂ ਤੇਰੇ ਪਰਿਵਾਰ ਦਾ ਉਹ ਅੰਜਾਮ ਕੀਤਾ ਜਾਵੇਗਾ ਕਿ ਤੂੰ ਕੀਤੇ ਮੂੰਹ ਦਿਖਾਉਣ ਲਾਇਕ ਵੀ ਨਹੀਂ ਰਹੇਗਾਂ।

ਸੰਜੇ ਸਿੰਘ ਨੇ ਦੱਸਿਆ ਕਿ ਇਸ ਚੰਦਨ ਰੇਡੀ ਨੂੰ ਇੰਨਾ ਮਾਰਿਆ-ਕੁੱਟਿਆ ਗਿਆ ਅਤੇ ਤਸ਼ੱਦਦ ਕੀਤਾ ਗਿਆ ਕਿ ਉਸ ਦੇ ਦੋਵਾਂ ਕੰਨਾਂ ਦੇ ਪਰਦੇ ਫਟ ਗਏ ਹਨ। ਇਸ ਦੇ ਸਬੂਤ ਵਜੋਂ ਚੰਦਨ ਰੇਡੀ ਦੀ ਡਾਕਟਰੀ ਜਾਂਚ ਦੀ ਰਿਪੋਰਟ ਵੀ ਹੈ ਜਿਸ ਵਿਚ ਇਹ ਸਾਫ ਲਿਖਿਆ ਗਿਆ ਹੈ ਕਿ ਇਸ 'ਤੇ ਤਸ਼ੱਦਦ ਕੀਤਾ ਗਿਆ ਜਿਸ ਕਾਰਨ ਚੰਦਨ ਰੇਡੀ ਨੇ ਆਪਣੀ ਸੁਣਨਸ਼ਕਤੀ ਗੁਆ ਲਈ ਹੈ। ਉਨ੍ਹਾਂ ਕਿਹਾ ਕਿ ED ਦੇ ਹਿਟਲਰਸ਼ਾਹੀ ਦਾ ਜੋ ਕੈਸ਼ ਚੈਮਬਰ ਹੈ ਉਸ ਵਿਚ ਤੀਜੇ ਦਰਜੇ ਦਾ ਤਸ਼ੱਦਦ ਕੀਤਾ ਜਾਂਦਾ ਹੈ। ਜ਼ਬਰਦਸਤੀ ਉਸ ਤੋਂ ਬਿਆਨ 'ਤੇ ਦਸਤਖਤ ਕਰਵਾਏ ਗਏ। ਫਿਰ ਇਹ ਵਿਅਕਤੀ ਕੋਰਟ ਕੋਲ ਪਹੁੰਚਿਆ ਅਤੇ ਆਪਣੇ ਸਾਰੇ ਦੁਖੜੇ ਦੱਸੇ ਹਨ।

ਸੰਜੇ ਸਿੰਘ ਅਨੁਸਾਰ, ਚੰਦਨ ਰੇਡੀ ਵਲੋਂ ਕੋਰਟ ਵਿਚ ਦਾਇਰ ਪਟੀਸ਼ਨ ਵਿਚ ਲਿਖਿਆ ਗਿਆ ਹੈ ਕਿ ਜਦੋਂ ਉਨ੍ਹਾਂ 'ਤੇ ਤਸ਼ੱਦਦ ਕੀਤਾ ਜਾ ਰਿਹਾ ਸੀ ਤਾਂ ਉਨ੍ਹਾਂ ਵਿਚੋਂ ਕਈ ED ਦੇ ਅਧਿਕਾਰੀ ਨਹੀਂ ਸਗੋਂ ਕੋਈ ਹੋਰ ਸਨ। ਸੰਜੇ ਸਿੰਘ ਨੇ ਕਿਹਾ ਕਿ ਇਹ ਬਹੁਤ ਵੱਡਾ ਸਵਾਲ ਹੈ ਕਿ ED ਦੇ ਦਫਤਰ ਵਿਚ ਕਿਹੜੀ ਪਾਰਟੀ ਦੇ ਗੁੰਡੇ ਜਾ ਕੇ ਮਾਰ-ਕੁਟਾਈ ਕਰ ਰਹੇ ਹਨ? ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਦਾ ਪਰਦਾਫਾਸ਼ ਹੋਣਾ ਚਾਹੀਦਾ ਹੈ।


2) ਅਰੁਣ ਪਿੱਲਲਈ, ਇਹ ਉਹ ਸ਼ਖਸ ਹੈ ਜਿਸ ਦੀ ਪਤਨੀ, ਬੇਟੀ ਅਤੇ ਪਰਿਵਾਰ ਨੂੰ ਡਰਾਇਆ-ਧਮਕਾਇਆ ਗਿਆ। ਈਡੀ ਵਲੋਂ ਜਬਰਨ ਬਿਆਨ ਦਰਜ ਕਰਵਾਇਆ ਗਿਆ। ਜਿਸ ਤੋਂ ਬਾਅਦ ਅਦਾਲਤ ਪਹੁੰਚ ਕੇ ਇਸ ਵਿਅਕਤੀ ਨੇ ਦੱਸਿਆ ਕਿ ਕਿਵੇਂ ED ਨੇ ਉਸ ਤੋਂ ਝੂਠਾ ਬਿਆਨ ਲਿਆ ਹੈ।

3) ਸਮੀਰ ਮਹੇਂਦਰੁ, ਇਸ ਦੀ ਪਤਨੀ ਨੂੰ ਗ੍ਰਿਫਤਾਰ ਕਰ ਕੇ ਰੱਖਿਆ ਗਿਆ। ਉਨ੍ਹਾਂ ਦੇ ਪਰਿਵਾਰ ਲਗਾਤਾਰ ਡਰਾਇਆ-ਧਮਕਾਇਆ ਗਿਆ ਅਤੇ ਤਸ਼ੱਦਦ ਕੀਤਾ ਗਿਆ। ਸਮੀਰ ਨੇ ਅਦਾਲਤ ਦੇ ਸਾਹਮਣੇ ਲਿਖਤੀ ਰੂਪ ਵਿਚ ਦੱਸਿਆ ਕਿ ਉਨ੍ਹਾਂ ਤੋਂ ਜਬਰਨ ਝੂਠਾ ਬਿਆਨ ਲਿਆ ਗਿਆ ਹੈ।

4) ਭੂਸੜ ਵਿਲਗਾਵੀ ਅਤੇ ਮਨਾਸਵਾਨੀ ਪ੍ਰਭੁਨੇ ਨੇ ਵੀ ਇਸੇ ਤਰ੍ਹਾਂ ਹੀ ਕੋਰਟ ਵਿਚ ਜਾ ਕੇ ਸੁਰੱਖਿਆ ਦੀ ਮੰਗ ਕੀਤੀ ਅਤੇ ਦੱਸਿਆ ਕਿ ਕਿਵੇਂ ਉਨ੍ਹਾਂ 'ਤੇ ਤਸ਼ੱਦਦ ਕਰ ਕੇ ਜ਼ਬਰਦਸਤੀ ਝੂਠੇ ਬਿਆਨ ਲਏ ਗਏ ਹਨ।

5) ਰਾਘਵ ਰੇਡੀ, ਇਹ ਉਹ ਵਿਅਕਤੀ ਹੈ ਜਿਸ ਨੇ ਅਦਾਲਤ ਨੂੰ ਦੱਸਿਆ ਕਿ ਕਿਵੇਂ ED ਵਲੋਂ ਸਿਆਸੀ ਆਗੂਆਂ ਦੇ ਨਾਮ ਲੈਣ ਲਈ ਉਨ੍ਹਾਂ ਦੇ ਦਬਾਅ ਪਾਇਆ ਜਾ ਰਿਹਾ ਹੈ।

ਸੰਜੇ ਸਿੰਘ ਨੇ ਸਵਾਲੀਆ ਨਿਸ਼ਾਨ ਲਗਾਉਂਦੇ ਹੋਏ ਕਿਹਾ ਕਿ ਮੈਂ ਪੁੱਛਣਾ ਚਾਹੁੰਦਾ ਹਾਂ, ਇਹ ED ਕਿਸ ਦੇ ਇਛਾਰੇ 'ਤੇ ਦਬਾਅ ਪਾ ਰਹੀ ਹੈ ਅਤੇ ਲੋਕਾਂ ਨੂੰ ਡਰ ਧਮਕਾ ਕੇ ਬਿਆਨ ਦਰਜ ਕਰਵਾਏ ਜਾ ਰਹੇ ਹਨ।

ਮਨੀਸ਼ ਸਿਸੋਦੀਆ ਮਾਮਲੇ ਬਾਰੇ ਗਲਬਾਤ ਕਰਦਿਆਂ ਸੰਜੇ ਸਿੰਘ ਨੇ ਕਿਹਾ ਕਿ ਕਾਨੂੰਨ ਮੁਤਾਬਕ ਕਿਸੇ ਨੂੰ ਵੀ ਨੋਟਿਸ ਭੇਜ ਕੇ ਜਾਂਚ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ ਅਤੇ ਇਹ ਸਭ ਆਨ ਰਿਕਾਰਡ ਹੁੰਦਾ ਹੈ ਪਰ ED ਤਾਂ ਹਵਾਈ ਵਿਭਾਗ ਬਣ ਗਿਆ ਹੈ ਜੋ ਫੋਨ ਕਰ ਕੇ ਹੀ ਜਾਂਚ ਵਿਚ ਸ਼ਾਮਲ ਹੋਣ ਦਾ ਹੁਕਮ ਦਿੰਦਾ ਹੈ। 

ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਵਾਲ ਕਰਦਿਆਂ ਕਿਹਾ ਕਿ ਤੁਸੀਂ ਬੇਟੀ ਪੜ੍ਹਾਓ ਬੇਟੀ ਬਚਾਓ ਦਾ ਨਾਹਰਾ ਦਿੱਤਾ ਪਰ ਇਸ ਤਰ੍ਹਾਂ ਜੇਕਰ ਕੋਈ ਬੇਟੀ ਦੇ ਨਾਮ 'ਤੇ ਧਮਕੀ ਦੇਵੇਗਾ ਤਾਂ ਕੋਈ ਆਪਣੀ ਜਾਨ ਵੀ ਦੇ ਸਕਦਾ ਹੈ ਫਿਰ ਇੱਕ ਕਾਗ਼ਜ਼ 'ਤੇ ਦਸਤਖ਼ਤ ਤਾਂ ਬਹੁਤ ਛੋਟੀ ਗੱਲ ਹੈ।

ਉਨ੍ਹਾਂ ਕਿਹਾ ਕਿ ਜੇਕਰ ਲੜਨਾ ਹੈ ਤਾਂ ਆਹਮਣੇ-ਸਾਹਮਣੇ ਹੋ ਕੇ ਲੜੋ ਇਸ ਤਰ੍ਹਾਂ ਬੇਟੀ, ਪਤਨੀ ਅਤੇ ਪਰਿਵਾਰ ਦਾ ਸਹਾਰਾ ਲੈ ਕੇ ਕਾਇਰਾਂ ਵਾਂਗ ਨਾ ਲੜੋ। ਉਨ੍ਹਾਂ ਕਿਹਾ ਕਿ ਮੈਂ ਇਸ ਸਬੰਧੀ ਸਦਨ ਵਿਚ ਵੀ ਸਾਰੇ ਮੁੱਦੇ ਸਿਲਸਿਲੇ ਵਾਰ ਚੁੱਕੇ ਸਨ ਕਿ ਕਿਵੇਂ ED ਨੇ ਪਿਛਲੇ ਅੱਠ ਸਾਲਾਂ ਵਿਚ 3 ਹਜ਼ਾਰ ਛਾਪੇਮਾਰੀਆਂ ਕੀਤੀਆਂ ਹਨ ਜਦਕਿ ਨਤੀਜਾ ਮਹਿਜ਼ 0.5 ਫ਼ੀਸਦ ਹੈ। ਇਹ ਸਭ ਕਹਿਣ 'ਤੇ ਮੈਨੂੰ ਵਿਸ਼ੇਸ਼ ਅਧਿਕਾਰ ਨੋਟਿਸ ਦਿੱਤਾ ਗਿਆ ਪਰ ਹੁਣ ਇਨ੍ਹਾਂ ਸਬੂਤਾਂ ਦੇ ਅਧਾਰ 'ਤੇ ਮੈਨੂੰ ਇਹ ਮੌਕਾ ਮਿਲਿਆ ਹੈ ਕਿ ਮੈਂ ਇਹ ਮਾਮਲੇ ਦੇਸ਼ ਦੇ ਸਦਨ ਵਿਚ ਚੁੱਕ ਸਕਦਾ ਹਾਂ।

ਸੰਜੇ ਸਿੰਘ ਨੇ ਕਿਹਾ ਕਿ ਮੈਂ ਇਨ੍ਹਾਂ ਸਬੂਤਾਂ ਦੇ ਅੰਦਰ 'ਤੇ ਵਿਸ਼ੇਸ਼ ਅਧਿਕਾਰ ਕਮੇਟੀ ਅੱਗੇ  ED ਦੇ ਜਾਂਚ ਅਧਿਕਾਰੀਆਂ ਨੂੰ ਬੁਲਾਉਣ ਦਾ ਮੁੱਦਾ ਚੁੱਕਾਂਗਾ। ਇਹ ਸਾਰੇ ਕਾਗਜ਼ਾਤ ਮੇਰੇ ਵਲੋਂ ਸਦਨ ਵਿਚ ਚੁੱਕੇ ਗਏ ਮੁੱਦਿਆਂ ਨੂੰ 100 ਫ਼ੀਸਦ ਸਹੀ ਸਾਬਤ ਕਰਦੇ ਹਨ ਕਿ ਕਿਵੇਂ ED ਰਾਜਨੀਤਿਕ ਦਬਾਅ ਵਿਚ ਝੂਠਾ ਅਤੇ ਜ਼ਬਰਦਸਤੀ ਮਾਮਲਾ ਬਣਾਉਂਦੀ ਹੈ। ਇਸ ਤਰ੍ਹਾਂ ਕਰ ਕੇ ਸਰਕਾਰਾਂ 'ਤੇ ਦਬਾਅ ਬਣਾਇਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਝੂਠਾ ਸਾਬਤ ਕੀਤਾ ਜਾਂਦਾ ਹੈ। ਇਨ੍ਹਾਂ ਸਾਰਿਆਂ ਤੋਂ ਹੁਣ ਉਹੀ ਕਮੇਟੀ ਜਾਂਚ ਕਰੇਗੀ ਜਿਸ ਨੇ ਮੈਨੂੰ ਨੋਟਿਸ ਦਿੱਤਾ ਹੈ।

ਸੰਜੇ ਸਿੰਘ ਨੇ ਕਿਹਾ ਕਿ ਸ਼ਰਾਬ ਘੁਟਾਲਾ ਵਰਗੀ ਕੋਈ ਚੀਜ਼ ਨਹੀਂ ਹੈ। ਜਿਨ੍ਹਾਂ ਵਿਅਕਤੀਆਂ ਦੇ ਝੂਠੇ ਬਿਆਨ ਲੈ ਕੇ ਇਹ ਸਾਰੇ ਮਾਮਲੇ ਬਣਾਏ ਜਾ ਰਹੇ ਹਨ ਉਹ ਸਾਰੇ ਅਦਾਲਤ ਵਿਚ ਜਾ ਕੇ ਕਹਿ ਰਹੇ ਹਨ ਕਿ ED ਵਲੋਂ ਉਨ੍ਹਾਂ 'ਤੇ ਤਸ਼ੱਦਦ ਢਾਹ ਕੇ ਇਹ ਸਾਰੇ ਬਿਆਨ ਲਏ ਜਾ ਰਹੇ ਹਨ।