ਮਮਤਾ ਤੋਂ ਬਾਅਦ EC ਨੇ ਭਾਜਪਾ ਆਗੂਆਂ ਨੂੰ ਜਾਰੀ ਕੀਤੇ ਨੋਟਿਸ

ਏਜੰਸੀ

ਖ਼ਬਰਾਂ, ਰਾਜਨੀਤੀ

ਬੰਗਾਲ ਭਾਜਪਾ ਪ੍ਰਧਾਨ ਦਿਲੀਪ ਘੋਸ਼ ਕੋਲੋਂ ਵੀ ਮੰਗਿਆ ਜਵਾਬ

EC asks Bengal BJP chief Dilip Ghosh to explain his statement

ਕੋਲਕਾਤਾ - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਟੀਐਮਸੀ ਮੁਖੀ ਮਮਤਾ ਬੈਨਰਜੀ ਦੇ ਚੋਣ ਪ੍ਰਚਾਰ ’ਤੇ 24 ਘੰਟਿਆਂ ਤੱਕ ਰੋਕ ਲਗਾਉਣ ਤੋਂ ਬਾਅਦ ਚੋਣ ਕਮਿਸ਼ਨ ਨੇ ਕਈ ਭਾਜਪਾ ਆਗੂਆਂ ਨੂੰ ਵੀ ਨੋਟਿਸ ਜਾਰੀ ਕੀਤੇ ਹਨ। ਚੋਣ ਕਮਿਸ਼ਨ ਬੰਗਾਲ ਭਾਜਪਾ ਪ੍ਰਧਾਨ ਦਿਲੀਪ ਘੋਸ਼ ਕੋਲੋਂ ਉਹਨਾਂ ਦੇ ਇਕ ਬਿਆਨ ਲਈ 48 ਘੰਟਿਆਂ ਵਿਚ ਜਵਾਬ ਮੰਗਿਆ ਹੈ।

ਚੋਣ ਕਮਿਸ਼ਨ ਨੇ ਦਿਲੀਪ ਘੋਸ਼ ਨੂੰ ਕੱਲ ਸਵੇਰੇ 10 ਵਜੇ ਤੱਕ ਕੂਚ ਬਿਹਾਰ ਦੇ ਸੀਤਲਕੁਚੀ ਦੀ ਘਟਨਾ ’ਤੇ ਉਹਨਾਂ ਦੇ ਬਿਆਨ ਸਬੰਧੀ ਅਪਣਾ ਰੁਖ ਸਪੱਸ਼ਟ ਕਰਨ ਲਈ ਕਿਹਾ ਹੈ। ਚੋਣ ਕਮਿਸ਼ਨ ਨੇ ਦਿਲੀਪ ਘੋਸ਼ ਦੇ ਉਸ ਬਿਆਨ ਲਈ ਨੋਟਿਸ ਜਾਰੀ ਕੀਤਾ ਹੈ ਜਿਸ ਵਿਚ ਉਹਨਾਂ ਕਿਹਾ ਸੀ ਕਿ ‘ਸੀਤਲਕੁਚੀ ਵਿਚ ਸ਼ਰਾਰਤੀ ਲੜਕਿਆਂ ਨੂੰ ਗੋਲੀਆਂ ਲੱਗੀਆਂ ਹਨ। ਜੇਕਰ ਕੋਈ ਵੀ ਕਾਨੂੰਨ ਅਪਣੇ ਹੱਥਾਂ ਵਿਚ ਲੈਣ ਦੀ ਕੋਸ਼ਿਸ਼ ਕਰੇਗਾ ਤਾਂ ਉਸ ਦੇ ਨਾਲ ਵੀ ਅਜਿਹਾ ਹੋ ਸਕਦਾ ਹੈ’।

ਰਾਹੁਲ ਸਿਨਹਾ ਦੇ ਪ੍ਰਚਾਰ ’ਤੇ 48 ਘੰਟਿਆਂ ਲਈ ਰੋਕ

ਇਸ ਤੋਂ ਇਲਾਵਾ ਚੋਣ ਕਮਿਸ਼ਨ ਨੇ ਭਾਜਪਾ ਆਗੂ ਰਾਹੁਲ ਸਿਨਹਾ ਦੇ ਪ੍ਰਚਾਰ ’ਤੇ 48 ਘੰਟਿਆਂ ਲਈ ਰੋਕ ਲਗਾ ਦਿੱਤੀ ਹੈ।  ਰਾਹੁਲ ਸਿਨਹਾ ਨੇ ਕੂਚ ਬਿਹਾਰ ਦੇ ਸੀਤਲਕੁਚੀ ਵਿਚ ਕੇਂਦਰੀ ਬਲਾਂ ਦੀ ਫਾਇਰਿੰਗ ਵਿਚ 4 ਨੌਜਵਾਨਾਂ ਦੀ ਮੌਤ ਦੀ ਘਟਨਾ ਸਬੰਧੀ ਵਿਵਾਦਤ ਬਿਆਨ ਦਿੱਤਾ ਸੀ। ਰਾਹੁਲ ਸਿਨਹਾ ਨੇ ਕਿਹਾ ਸੀ ਕਿ ਉੱਥੇ 4 ਨਹੀਂ ਬਲਕਿ 8 ਦੀ ਮੌਤ ਹੋਣੀ ਚਾਹੀਦੀ ਸੀ।

ਭਾਜਪਾ ਆਗੂ ਸੁਵੇਂਦੂ ਅਧਿਕਾਰੀ ਨੂੰ ਵੀ ਦਿੱਤੀ ਚੇਤਾਵਨੀ

ਚੋਣ ਕਮਿਸ਼ਨ ਨੇ ਭਾਜਪਾ ਆਗੂ ਸੁਵੇਂਦੂ ਅਧਿਕਾਰੀ ਨੂੰ ਵੀ ਉਹਨਾਂ ਦੇ 29 ਮਾਰਚ ਨੂੰ ਦਿੱਤੇ ਗਏ ਭਾਸ਼ਣ ਲਈ ਚੇਤਾਵਨੀ ਦਿੱਤੀ ਹੈ। ਇਸ ਦੇ ਲਈ ਉਹਨਾਂ ਨੇ 9 ਅਪ੍ਰੈਲ ਨੂੰ ਜਵਾਬ ਦਰਜ ਕਰਵਾਇਆ ਸੀ। ਕਮਿਸ਼ਨ ਨੇ ਉਹਨਾਂ ਨੂੰ ਸਲਾਹ ਦਿੱਤੀ ਕਿ ਜਦੋਂ ਚੋਣ ਜਾਬਤਾ ਲਾਗੂ ਹੈ ਤਾਂ ਜਨਤਕ ਤੌਰ ’ਤੇ ਇਸ ਤਰ੍ਹਾਂ ਦੇ ਬਿਆਨ ਦੇਣ ਤੋਂ ਬਚੋ।

ਦੱਸ ਦਈਏ ਕਿ ਚੋਣ ਕਮਿਸ਼ਨ ਨੇ ਮਮਤਾ ਬੈਨਰਜੀ ਨੂੰ ਉਹਨਾਂ ਦੀ ਇਕ ਰੈਲੀ ਦੌਰਾਨ ਮੁਸਲਮਾਨਾਂ ਸਬੰਧੀ ਦਿੱਤੇ ਬਿਆਨ ਲਈ ਨੋਟਿਸ ਭੇਜਿਆ ਹੈ। ਚੋਣ ਕਮਿਸ਼ਨ ਨੇ ਉਹਨਾਂ ’ਤੇ 12 ਅਪ੍ਰੈਲ ਦੀ ਰਾਤ 8 ਵਜੇ ਤੋਂ ਕਿਸੇ ਵੀ ਤਰੀਕੇ ਨਾਲ ਚੋਣ ਪ੍ਰਚਾਰ ਕਰਨ 'ਤੇ 24 ਘੰਟੇ ਰੋਕ ਲਗਾ ਦਿੱਤੀ ਸੀ।