ਡਾ. ਰਾਜ ਕੁਮਾਰ ਵੇਰਕਾ ਨੇ ਛੱਡੀ ਭਾਜਪਾ; ਕਿਹਾ, ‘ਮੈਂ ਅਪਣੇ ਘਰ ਵਾਪਸ ਜਾ ਰਿਹਾ ਹਾਂ’
ਹੋਰ ਕਾਂਗਰਸੀਆਂ ਦਾ ਵੀ ਭਾਜਪਾ ਤੋਂ ਹੋਇਆ ਮੋਹ ਭੰਗ
ਅੰਮ੍ਰਿਤਸਰ: ਪੰਜਾਬ ਦੇ ਸਾਬਕਾ ਮੰਤਰੀ ਰਾਜ ਕੁਮਾਰ ਵੇਰਕਾ ਅੱਜ ਕਾਂਗਰਸ ਵਿਚ ਵਾਪਸੀ ਕਰ ਰਹੇ ਹਨ। 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਉਨ੍ਹਾਂ ਨੇ ਕਾਂਗਰਸ ਦਾ ‘ਹੱਥ’ ਛੱਡ ਕੇ ਭਾਜਪਾ ਦਾ ‘ਕਮਲ’ ਫੜ੍ਹ ਲਿਆ ਸੀ। ਇਨ੍ਹਾਂ ਵਿਚ ਉਹ ਆਗੂ ਵੀ ਸ਼ਾਮਲ ਸਨ, ਜੋ ਪਾਰਟੀ ਵਿਚ ਆਪਸੀ ਕਲੇਸ਼ ਕਾਰਨ ਕਾਂਗਰਸ ਛੱਡ ਗਏ ਸਨ। ਹੁਣ ਉਹ ਘਰ ਪਰਤਣ ਵਾਲੇ ਪਹਿਲੇ ਆਗੂ ਬਣ ਗਏ ਹਨ।
ਇਹ ਵੀ ਪੜ੍ਹੋ: ਡੇਰਾਬੱਸੀ: ਪੰਜਾਬ ਪੁਲਿਸ ਦੇ ASI ਦੀ ਧੀ ਬਣੀ ਜੱਜ
ਰਾਜ ਕੁਮਾਰ ਵੇਰਕਾ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਦਸਿਆ ਕਿ ਉਨ੍ਹਾਂ ਨੇ ਭਾਜਪਾ ਤੋਂ ਅਸਤੀਫਾ ਦੇ ਦਿਤਾ ਹੈ। ਹੁਣ ਉਹ ਦਿੱਲੀ ਲਈ ਰਵਾਨਾ ਹੋ ਗਏ ਹਨ, ਜਿਥੇ ਉਹ ਸੀਨੀਅਰ ਆਗੂਆਂ ਦੇ ਸਾਹਮਣੇ ਮੁੜ ਕਾਂਗਰਸ ਵਿਚ ਸ਼ਾਮਲ ਹੋਣਗੇ। ਰਾਜ ਕੁਮਾਰ ਵੇਰਕਾ 22 ਸਾਲਾਂ ਤੋਂ ਕਾਂਗਰਸ ਵਿਚ ਸਰਗਰਮ ਸਨ ਅਤੇ ਅਹਿਮ ਅਹੁਦਿਆਂ 'ਤੇ ਸੇਵਾ ਨਿਭਾ ਚੁੱਕੇ ਸਨ। ਉਨ੍ਹਾਂ ਵਲੋਂ ਕਾਂਗਰਸ ਛੱਡਣ 'ਤੇ ਹਰ ਕੋਈ ਹੈਰਾਨ ਸੀ ਅਤੇ ਹੁਣ ਉਨ੍ਹਾਂ ਦੀ ਅਚਾਨਕ ਵਾਪਸੀ ਨੇ ਸਾਰਿਆਂ ਨੂੰ ਹੈਰਾਨ ਕਰ ਦਿਤਾ ਹੈ।
ਇਹ ਵੀ ਪੜ੍ਹੋ: ਪਿੰਡ ਜੈਯੰਤੀ ਮਾਜਰੀ ਦੀ ਕਾਮਿਨੀ ਚੌਧਰੀ ਬਣੀ ਜੱਜ
ਪੱਤਰਕਾਰਾਂ ਨਾਲ ਗੱਲ ਕਰਦਿਆਂ ਵੇਰਕਾ ਨੇ ਕਿਹਾ, “ਮੈਂ ਅਪਣੇ ਘਰ ਵਾਪਸ ਜਾ ਰਿਹਾ ਹਾਂ। ਮੈਂ ਇਕ ਗਲਤੀ ਕੀਤੀ ਸੀ ਤੇ ਮੈਨੂੰ ਮਹਿਸੂਸ ਹੋਇਆ ਕਿ ਭਾਜਪਾ, ਦੇਸ਼ ਅਤੇ ਪੰਜਾਬ ਲਈ ਸਹੀ ਨਹੀਂ ਹੈ। ਦੇਸ਼ ਕਾਂਗਰਸ ਦੇ ਹੱਥਾਂ ਵਿਚ ਹੀ ਸੁਰੱਖਿਅਤ ਰਹਿ ਸਕਦਾ ਹੈ। BJP ਸੱਭ ਨੂੰ ਨਾਲ ਲੈ ਕੇ ਚੱਲਣ ਵਾਲੀ ਪਾਰਟੀ ਨਹੀਂ ਹੈ”।ਉਨ੍ਹਾਂ ਅੱਗੇ ਕਿਹਾ ਕਿ ਮੈਂ ਦਿੱਲੀ ਜਾ ਰਿਹਾ ਹਾਂ ਅਤੇ ਬਾਅਦ ਦੁਪਹਿਰ ਕਾਂਗਰਸ ’ਚ ਵਾਪਸੀ ਕਰਾਂਗਾ। ਮੇਰੇ ਨਾਲ ਹੋਰ ਆਗੂ ਵੀ ਕਾਂਗਰਸ ਵਿਚ ਸ਼ਾਮਲ ਹੋਣਗੇ ਤੇ ਅਪਣੀ ਗਲਤੀ ਸੁਧਾਰਨਗੇ।
ਇਹ ਵੀ ਪੜ੍ਹੋ: Operation Ajay: 212 ਭਾਰਤੀ ਨਾਗਰਿਕਾਂ ਨੂੰ ਲੈ ਕੇ ਦਿੱਲੀ ਪਹੁੰਚੀ ਇਜ਼ਰਾਈਲ ਤੋਂ ਪਹਿਲੀ ਉਡਾਣ
ਇਨ੍ਹਾਂ ਕਾਂਗਰਸੀਆਂ ਦਾ ਵੀ ਭਾਜਪਾ ਤੋਂ ਹੋਇਆ ਮੋਹ ਭੰਗ
ਇਸ ਦੌਰਾਨ ਮੰਨਿਆ ਜਾ ਰਿਹਾ ਹੈ ਕਿ ਡਾ. ਰਾਜ ਕੁਮਾਰ ਵੇਰਕਾ ਤੋਂ ਇਲਾਵਾ ਪੰਜਾਬ ਦੇ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਸੁੰਦਰ ਸ਼ਾਮ ਅਰੋੜਾ, ਜੀਤ ਮਹਿੰਦਰ ਸਿੱਧੂ, ਅਮਰੀਕ ਸਿੰਘ ਸਮਰਾਲਾ, ਰਿਣਵਾ ਅਤੇ ਜੋਸ਼ਨ ਭਾਜਪਾ ਛੱਡ ਕੇ ਅੱਜ ਦਿੱਲੀ ‘ਚ ਦੁਬਾਰਾ ਕਾਂਗਰਸ ‘ਚ ਸ਼ਾਮਲ ਹੋ ਸਕਦੇ ਹਨ। ਇਨ੍ਹਾਂ ਨੂੰ ਕਾਂਗਰਸ ਵਿਚ ਸ਼ਾਮਲ ਕਰਵਾਉਣ ਲਈ ਪ੍ਰਤਾਪ ਸਿੰਘ ਬਾਜਵਾ ਵੀ ਦਿੱਲੀ ਪਹੁੰਚ ਗਏ ਹਨ।