ਸਿੱਧੂ ਨੇ ਕੈਪਟਨ ਨੂੰ ਅਸਤੀਫ਼ਾ ਭੇਜਿਆ, ਰਾਹੁਲ ਦੀ ਪ੍ਰਵਾਨਗੀ ਉਪਰੰਤ ਹੀ ਪ੍ਰਵਾਨਗੀ ਸੰਭਵ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਸੀਨੀਅਰ ਮੰਤਰੀ ਬਿਨਾਂ ਦੇਰੀ ਅਸਤੀਫ਼ਾ ਪ੍ਰਵਾਨ ਕਰਨ ਦੇ ਹੱਕ 'ਚ

Navjot Singh Sidhu sent resignation to Captain, wait Rahul Gandhi approval

ਚੰਡੀਗੜ੍ਹ : ਅਖ਼ੀਰ ਪੰਜਾਬ ਦੇ ਚਰਚਿਤ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਮੰਤਰੀ ਪਦ ਤੋਂ ਅਪਣਾ ਅਸਤੀਫ਼ਾ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭੇਜ ਹੀ ਦਿਤਾ। ਦੋ ਦਿਨ ਪਹਿਲਾਂ ਉਨ੍ਹਾਂ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ 10 ਜੂਨ ਨੂੰ ਦਿਤੇ ਅਪਣੇ ਅਸਤੀਫ਼ੇ ਦੀ ਕਾਪੀ ਜਨਤਕ ਕੀਤੀ ਸੀ। ਪੰਜਾਬ ਦੇ ਕੁੱਝ ਮੰਤਰੀਆਂ ਅਤੇ ਵਿਰੋਧੀ ਪਾਰਟੀਆਂ ਵਲੋਂ ਇਸ ਅਸਤੀਫ਼ੇ ਨੂੰ ਡਰਾਮਾ ਦਸਿਆ ਜਾ ਰਿਹਾ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਸਿੱਧੂ ਅਸਤੀਫ਼ਾ ਦੇਣਾ ਚਾਹੁੰਦੇ ਹਨ ਤਾਂ ਉਹ ਮੁੱਖ ਮੰਤਰੀ ਜਾਂ ਰਾਜਪਾਲ ਨੂੰ ਭੇਜਣ।

ਜਿਉਂ ਹੀ ਨਵਜੋਤ ਸਿੰਘ ਸਿੱਧੂ ਵਲੋਂ ਮੁੱਖ ਮੰਤਰੀ ਨਿਵਾਸ 'ਤੇ ਅਸਤੀਫ਼ਾ ਭੇਜਣ ਦੀ ਖ਼ਬਰ ਜਨਤਕ ਹੋਈ ਤਾਂ ਮੁੱਖ ਮੰਤਰੀ ਨੇ ਪੱਤਰਕਾਰਾਂ ਵਲੋਂ ਪੁੱਛੇ ਜਾਣ 'ਤੇ ਕਿਹਾ ਕਿ ਸਿੱਧੂ ਦਾ ਅਸਤੀਫ਼ਾ ਉਨ੍ਹਾਂ ਨੂੰ ਮਿਲ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਉਹ ਦਿੱਲੀ ਵਿਚ ਹਨ, ਵਾਪਸ ਜਾ ਕੇ ਉਹ ਅਸਤੀਫ਼ਾ ਵੇਖਣਗੇ। ਅਸਤੀਫ਼ਾ ਪੜ੍ਹਨ ਉਪਰੰਤ ਹੀ ਉਹ ਇਸ ਬਾਰੇ ਕੁੱਝ ਕਹਿ ਸਕਣਗੇ। ਮੁੱਖ ਮੰਤਰੀ ਜੋ ਅੱਜ ਦਿੱਲੀ 'ਚ ਹੀ ਹਨ, ਵਲੋਂ ਰਾਹੁਲ ਗਾਂਧੀ ਨਾਲ ਵੀ ਮੁਲਾਕਾਤ ਕਰਨ ਦੀ ਸੰਭਾਵਨਾ ਹੈ। ਰਾਹੁਲ ਗਾਂਧੀ ਨਾਲ ਗੱਲਬਾਤ ਕਰਨ ਉਪਰੰਤ ਹੀ ਸਿੱਧੂ ਦੇ ਅਸਤੀਫ਼ੇ 'ਤੇ ਫ਼ੈਸਲਾ ਲਿਆ ਜਾਵੇਗਾ।

ਇਸ ਮੌਕੇ 'ਤੇ ਜਦੋਂ ਪੰਜਾਬ ਦੇ ਸੀਨੀਅਰ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੂੰ ਪੁਛਿਆ ਗਿਆ ਕਿ ਕੀ ਹੁਣ ਸਿੱਧੂ ਦਾ ਅਸਤੀਫ਼ਾ ਪ੍ਰਵਾਨ ਹੋਵੇਗਾ ਤਾਂ ਉਨ੍ਹਾਂ ਕਿਹਾ ਕਿ ਸਿੱਧੂ ਪਿਛਲੇ ਸਵਾ ਮਹੀਨੇ ਤੋਂ ਅਪਣੇ ਮਹਿਕਮੇ ਦਾ ਕੰਮ ਨਹੀਂ ਸੰਭਾਲ ਰਹੇ। ਬਿਜਲੀ ਦਾ ਇਕ ਅਹਿਮ ਮਹਿਕਮਾ ਹੈ ਜੋ ਉਨ੍ਹਾਂ ਨੂੰ ਦਿਤਾ ਗਿਆ। ਉਨ੍ਹਾਂ ਨੂੰ ਵਾਰ-ਵਾਰ ਅਪੀਲਾਂ ਵੀ ਕੀਤੀਆਂ ਗਈਆਂ ਕਿ ਉਹ ਅਪਣੇ ਨਵੇਂ ਮਹਿਕਮੇ ਦਾ ਕੰਮ ਸੰਭਾਲਣ ਅਤੇ ਔਖੀ ਘੜੀ ਝੋਨੇ ਦੀ ਲੁਆਈ ਸਮੇਂ ਕਿਸਾਨਾਂ ਦੀ ਸੇਵਾ ਕਰਨ। ਉਨ੍ਹਾਂ ਕਿਹਾ ਕਿ ਜਦੋਂ ਸਿੱਧੂ ਮੰਤਰੀ ਪਦ ਰੱਖਣ ਲਈ ਹੀ ਤਿਆਰ ਨਹੀਂ ਤਾਂ ਮੁੱਖ ਮੰਤਰੀ ਕੀ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਹੁਣ ਬਹੁਤ ਹੋ ਗਿਆ।

ਹੁਣ ਮੁੱਖ ਮੰਤਰੀ ਨੂੰ ਬਿਨਾਂ ਦੇਰੀ ਦੇ ਅਸਤੀਫ਼ਾ ਪ੍ਰਵਾਨ ਕਰ ਲੈਣਾ ਚਾਹੀਦਾ ਹੈ। ਜੋ ਕੁੱਝ ਪਿਛਲੇ ਸਵਾ ਮਹੀਨੇ ਤੋਂ ਹੋ ਰਿਹਾ ਹੈ, ਉਸ ਨਾਲ ਸਰਕਾਰ ਅਤੇ ਪਾਰਟੀ ਦੀ ਬਦਨਾਮੀ ਹੋਈ ਹੈ। ਜੇਕਰ ਹੁਣ ਵੀ ਮੁੱਖ ਮੰਤਰੀ ਉਨ੍ਹਾਂ ਦਾ ਅਸਤੀਫ਼ਾ ਪ੍ਰਵਾਨ ਨਹੀਂ ਕਰਦੇ ਤਾਂ ਉਨ੍ਹਾਂ ਦੀ ਵੱਡੀ ਗ਼ਲਤੀ ਹੋਵੇਗੀ। ਉਨ੍ਹਾਂ ਕਿਹਾ ਕਿ ਹਮੇਸ਼ਾ ਨਵਜੋਤ ਸਿੰਘ ਸਿੱਧੂ ਦੀ ਹਰ ਗੱਲ ਨਹੀਂ ਮੰਨੀ ਜਾ ਸਕਦੀ। ਉਹ ਚੋਣਾਂ ਤੋਂ ਕੁੱਝ ਦਿਨ ਪਹਿਲਾਂ ਪਾਰਟੀ 'ਚ ਸ਼ਾਮਲ ਹੋਏ, ਟਿਕਟ ਮਿਲ ਗਈ ਅਤੇ ਵਿਧਾਇਕ ਬਣਨ ਉਪਰੰਤ ਉਨ੍ਹਾਂ ਨੂੰ ਅਹਿਮ ਮਹਿਕਮੇ ਦਾ ਸੀਨੀਅਰ ਮੰਤਰੀ ਵੀ ਬਣਾ ਦਿਤਾ। ਉਨ੍ਹਾਂ ਨੇ ਅਨੁਸ਼ਾਸਨ ਵਿਚ ਰਹਿਣਾ ਨਹੀਂ ਸਿਖਿਆ। 

ਮੁੱਖ ਮੰਤਰੀ ਜੋ ਬੀਤੇ ਕਲ ਦਿੱਲੀ ਗਏ ਹੋਏ ਹਨ, ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਸਿੱਧੂ ਨਾਲ ਕੋਈ ਝਗੜਾ ਨਹੀਂ। ਜੇਕਰ ਕੋਈ ਹੈ ਤਾਂ ਇਹ ਸਿੱਧੂ ਹੀ ਦੱਸ ਸਕਦੇ ਹਨ। ਜਿਥੋਂ ਤਕ ਉਨ੍ਹਾਂ ਦਾ ਮਹਿਕਮਾ ਬਦਲਣ ਦਾ ਸਬੰਧ ਹੈ, ਮਹਿਕਮੇ ਤਾਂ 8 ਹੋਰ ਮੰਤਰੀਆਂ ਦੇ ਵੀ ਬਦਲੇ ਗਏ ਹਨ। ਮਹਿਕਮਾ ਬਦਲ ਤੋਂ ਸਿਰਫ਼ ਸਿੱਧੂ ਨੂੰ ਤਕਲੀਫ਼ ਹੋਈ ਹੈ। ਮੰਤਰੀਆਂ ਦੀ ਕਾਰਗੁਜ਼ਾਰੀ ਵੇਖਣ ਉਪਰੰਤ ਹੀ ਮਹਿਕਮੇ ਬਦਲੇ ਗਏ ਹਨ। 

ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਨੂੰ ਚੰਡੀਗੜ੍ਹ ਹਲਕੇ ਤੋਂ ਟਿਕਟ ਨਾ ਦਿਤੇ ਜਾਣ ਸਬੰਧੀ ਪੁਛਿਆ ਗਿਆ ਤਾਂ ਕੈਪਟਨ ਸਿੰਘ ਨੇ ਕਿਹਾ ਕਿ ਇਸ 'ਚ ਉਨ੍ਹਾਂ ਦਾ ਕੋਈ ਰੋਲ ਨਹੀਂ ਸੀ। ਇਹ ਫ਼ੈਸਲਾ ਕਾਂਗਰਸ ਹਾਈਕਮਾਂਡ ਦਾ ਸੀ। ਉਨ੍ਹਾਂ ਸਪੱਸ਼ਟ ਕੀਤਾ ਸੀ ਕਿ ਸ੍ਰੀਮਤੀ ਸਿੱਧੂ ਨੂੰ ਅੰਮ੍ਰਿਤਸਰ ਅਤੇ ਬਠਿੰਡਾ ਹਲਕਿਆਂ ਤੋਂ ਚੋਣ ਲੜਨ ਦੀ ਪੇਸ਼ਕਸ਼ ਕੀਤੀ ਗਈ ਪ੍ਰੰਤੂ ਉੁਨ੍ਹਾਂ ਇਨਕਾਰ ਕਰ ਦਿਤਾ। ਕੈਪਟਨ ਸਿੰਘ ਨੇ ਕਿਹਾ ਕਿ ਜੇਕਰ ਸਿੱਧੂ ਕੰਮ ਹੀ ਨਹੀਂ ਕਰਨਾ ਚਾਹੁੰਦੇ ਤਾਂ ਉਹ ਕੀ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਅਨੁਸ਼ਾਸਨ ਤੋਂ ਬਿਨਾਂ ਸਰਕਾਰ ਜਾਂ ਪਾਰਟੀ ਨਹੀਂ ਚਲਦੀ ਪਰ ਸਿੱਧੂ ਅਨੁਸ਼ਾਸਨ ਵਿਚ ਰਹਿਣਾ ਹੀ ਨਹੀਂ ਚਾਹੁੰਦੇ।

ਕੈਪਟਨ ਸਿੰਘ ਨੇ ਇਹ ਵੀ ਸਪੱਸ਼ਟ ਕੀਤਾ ਕਿ ਜੇਕਰ ਸਿੱਧੂ ਨੇ ਅਪਣਾ ਅਸਤੀਫ਼ਾ ਰਾਹੁਲ ਗਾਂਧੀ ਨੂੰ ਭੇਜਿਆ ਸੀ ਤਾਂ ਇਸ ਵਿਚ ਕੁੱਝ ਵੀ ਗ਼ਲਤ ਨਹੀਂ। ਮੰਤਰੀ ਮੰਡਲ ਵੀ ਤਾਂ ਕਾਂਗਰਸ ਹਾਈਕਮਾਨ ਦੀ ਪ੍ਰਵਾਨਗੀ ਨਾਲ ਹੀ ਬਣਾਇਆ ਗਿਆ ਸੀ। ਜਦੋਂ ਉਨ੍ਹਾਂ ਨੂੰ ਪੁਛਿਆ ਗਿਆ ਕਿ ਸਿੱਧੂ ਨੇ ਅਸਤੀਫ਼ਾ ਕਿਉਂ ਦਿਤਾ ਤਾਂ ਉਨ੍ਹਾਂ ਕਿਹਾ ਕਿ ਇਹ ਤਾਂ ਸ. ਸਿੱਧੂ ਨੂੰ ਹੀ ਪੁਛੋ ਕਿ ਉਨ੍ਹਾਂ ਅਸਤੀਫ਼ਾ ਕਿਉਂ ਦਿਤਾ।