ਪ੍ਰਧਾਨ ਮੰਤਰੀ ਨੂੰ ਕਾਂਗਰਸ ਦਾ ਸਵਾਲ- ਸਭ ਕੁਝ ਵੇਚ ਰਹੇ ਹੋ ਤਾਂ ਕਿਵੇਂ ਹੋਵੇਗਾ ਆਤਮਨਿਰਭਰ ਭਾਰਤ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਦੇਸ਼ ਦੇ 74ਵੇਂ ਆਜ਼ਾਦੀ ਦਿਹਾੜੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲ੍ਹੇ ਤੋਂ ਦੇਸ਼ ਨੂੰ ਸੰਬੋਧਨ ਕੀਤਾ।

Congress questions to PM Modi

ਨਵੀਂ ਦਿੱਲੀ: ਦੇਸ਼ ਦੇ 74ਵੇਂ ਆਜ਼ਾਦੀ ਦਿਹਾੜੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲ੍ਹੇ ਤੋਂ ਦੇਸ਼ ਨੂੰ ਸੰਬੋਧਨ ਕੀਤਾ। ਉਹਨਾਂ ਦੇ ਸੰਬੋਧਨ ਵਿਚ ਜ਼ਿਆਦਾ ਜ਼ੋਰ ਆਤਮ ਨਿਰਭਰ ਭਾਰਤ ‘ਤੇ ਦਿੱਤਾ ਗਿਆ। ਉਹਨਾਂ ਨੇ ਲੋਕਾਂ ਨੂੰ ਕਿਹਾ ਕਿ ਉਹ ਦੇਸ਼ ਨੂੰ ਆਤਮ ਨਿਰਭਰ ਬਣਾਉਣ ਲਈ ਅੱਗੇ ਆਉਣ। ਪ੍ਰਧਾਨ ਮੰਤਰੀ ਦੇ ਸੰਬੋਧਨ ‘ਤੇ ਵਿਰੋਧੀ ਧਿਰ ਕਾਂਗਰਸ ਨੇ ਸਵਾਲ ਚੁੱਕੇ ਹਨ।

ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ, ‘ਆਤਮਨਿਰਭਰ ਭਾਰਤ ਦੀ ਨੀਂਹ ਪੰਡਿਤ ਜਵਾਹਰਲਾਲ ਨਹਿਰੂ, ਸਰਦਾਰ ਪਟੇਲ ਅਤੇ ਹੋਰ ਸੁਤੰਤਰਾ ਸੈਨਾਨੀਆਂ ਨੇ ਰੱਖੀ ਸੀ। ਹੁਣ ਜਦੋਂ ਅਸੀਂ ਆਤਮ ਨਿਰਭਰ ਭਾਰਤ ਦੀ ਗੱਲ ਕਰਦੇ ਹਾਂ ਤਾਂ ਇਹ ਸਵਾਲ ਪੁੱਛਣਾ ਪਵੇਗਾ ਕਿ ਜੋ ਸਰਕਾਰ ਪੀਐਸਈਜ਼ ਨੂੰ ਵੇਚ ਦੇਵੇ ਅਤੇ ਰੇਲਵੇ ਤੇ ਹਵਾਈ ਅੱਡਿਆਂ ਦਾ ਨਿੱਜੀਕਰਨ ਕਰ ਰਹੀ ਹੈ, ਉਹ ਇਸ ਦੇਸ਼ ਦੀ ਆਜ਼ਾਦੀ ਨੂੰ ਸੁਰੱਖਿਅਤ ਰੱਖ ਪਾਵੇਗੀ?’

ਪੀਟੀਆਈ ਅਨੁਸਾਰ ਸੁਰਜੇਵਾਲਾ ਨੇ ਸਵਾਲ ਕੀਤਾ, ‘ਹਰ ਭਾਰਤਵਾਸੀ ਸੋਚ ਰਿਹਾ ਹੈ ਕਿ ਅੱਜ ਅਜ਼ਾਦੀ ਦੇ ਅਰਥ ਕੀ ਹਨ? ਕੀ ਸਾਡੀ ਸਰਕਾਰ ਲੋਕਤੰਤਰ ਵਿਚ ਯਕੀਨ ਰੱਖਦੀ ਹੈ, ਜਨਮਤ ਅਤੇ ਬਹੁਮਤ ਵਿਚ ਯਕੀਨ ਰੱਖਦੀ ਹੈ? ਇਸ ਦੇਸ਼ ਵਿਚ ਬੋਲਣ, ਸੋਚਣ, ਕੱਪੜੇ ਪਾਉਣ ਅਤੇ ਰੋਜ਼ੀ ਰੋਟੀ ਕਮਾਉਣ ਦੀ ਆਜ਼ਾਦੀ ਹੈ ਜਾਂ ਕਿਤੇ ਨਾ ਕਿਤੇ ਇਹਨਾਂ ‘ਤੇ ਵੀ ਰੋਕ ਲੱਗ ਗਈ ਹੈ?’ ਜ਼ਿਕਰਯੋਗ ਹੈ ਕਿ ਆਤਮ ਨਿਰਭਰ ਭਾਰਤ ਨੂੰ ਵਿਸ਼ਵ ਭਲਾਈ ਲਈ ਜ਼ਰੂਰੀ ਦੱਸਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਵੀ ਇਸ ਸੰਕਲਪ ਤੋਂ ਦੇਸ਼ ਨੂੰ ਮੌੜ ਨਹੀਂ ਸਕਦੀ।

ਅੱਜ ਦੇ ਸ਼ਾਸਕ ਚੀਨ ਦਾ ਨਾਮ ਲੈਣ ਤੋਂ ਕਿਉਂ ਡਰਦੇ ਹਨ?

ਇਸ ਤੋਂ ਇਲਾਵਾ ਰਣਦੀਪ ਸੁਰਜੇਵਾਲਾ ਨੇ ਪੱਤਰਕਾਰਾਂ ਨੂੰ ਕਿਹਾ, ‘ਭਾਰਤ ਦੇ ਸੁਰੱਖਿਆ ਬਲਾਂ ‘ਤੇ ਸਾਰੇ ਦੇਸ਼ਵਾਸੀਆਂ ਅਤੇ ਕਾਂਗਰਸ ਨੂੰ ਮਾਣ ਹੈ। ਸਾਡੀ ਫੌਜ ਨੇ ਹਮੇਸ਼ਾਂ ਸਰਹੱਦਾਂ ਦੀ ਰਾਖੀ ਕੀਤੀ ਅਤੇ ਹਰ ਵਾਰ ਹਮਲਾ ਹੋਣ ‘ਤੇ ਦੁਸ਼ਮਣ ਨੂੰ ਕਰਾਰਾ ਜਵਾਬ ਦਿੱਤਾ ਹੈ।

ਫੌਜ ਦੇ ਤਿੰਨ ਅੰਗਾਂ ਅਤੇ ਅਰਧ ਸੈਨਿਕ ਬਲਾਂ ਨੂੰ ਸਾਡਾ ਸਲਾਮ’। ਉਹਨਾਂ ਨੇ ਕਿਹਾ ਕਿ, ‘ਸਾਨੂੰ ਇਹ ਵੀ ਸੋਚਣਾ ਹੋਵੇਗਾ ਕਿ ਅੱਜ ਦੇ ਸ਼ਾਸਕ ਚੀਨ ਦਾ ਨਾਮ ਲੈਣ ਤੋਂ ਡਰਦੇ ਕਿਉਂ ਹਨ? ਅੱਜ ਜਦੋਂ ਚੀਨ ਨੇ ਸਾਡੀ ਜ਼ਮੀਨ ‘ਤੇ ਕਬਜ਼ਾ ਕੀਤਾ ਤਾਂ ਉਸ ਨੂੰ ਪਿੱਛੇ ਕਿਵੇਂ ਕਰਨਾ ਹੈ, ਭਾਰਤ ਮਾਤਾ ਦੀ ਰੱਖਿਆ ਕਿਵੇਂ ਕਰਨੀ ਹੈ। ਇਸ ‘ਤੇ ਹਰ ਭਾਰਤ ਵਾਸੀ ਨੂੰ ਸੋਚਣਾ ਹੋਵੇਗਾ ਅਤੇ ਸਰਕਾਰ ਕੋਲੋਂ ਜਵਾਬ ਮੰਗਣਾ ਹੋਵੇਗਾ’।