'ਫਿਲਹਾਲ ਤਾਂ ਮੇਰੇ ਕੋਲ ਬਿਜਲੀ ਮੰਤਰੀ ਵੀ ਨਹੀਂ ਹੈ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਪੰਜਾਬ ਵਿਚ ਪ੍ਰਮਾਣੂ ਊਰਜਾ ਦੇ ਯੂਨਿਟਾਂ ਬਾਰੇ ਪੁੱਛੇ ਜਾਣ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਕੀਤੀ ਟਿਪਣੀ

I do not even have a Power Minister : Captain Amarinder Singh

ਨਵੀਂ ਦਿੱਲੀ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬਠਿੰਡਾ ਅਤੇ ਰੋਪੜ ਦੇ ਥਰਮਲ ਪਲਾਂਟਾਂ 'ਤੇ ਪ੍ਰਮਾਣੂ ਊਰਜਾ ਦੇ ਯੂਨਿਟ ਸਥਾਪਤ ਕਰਨ ਲਈ ਕੇਂਦਰ ਸਰਕਾਰ ਪਾਸੋਂ ਅਜੇ ਤਕ ਉਨ੍ਹਾਂ ਨੂੰ ਕੋਈ ਪ੍ਰਸਤਾਵ ਹਾਸਲ ਨਹੀਂ ਹੋਇਆ। ਪੱਤਰਕਾਰਾਂ ਦੇ ਇਕ ਸਵਾਲ ਦੇ ਜਵਾਬ 'ਚ ਮੁੱਖ ਮੰਤਰੀ ਨੇ ਕਿਹਾ ਕਿ ਬਿਜਲੀ ਪੈਦਾ ਕਰਨ ਲਈ ਪ੍ਰਮਾਣੂ ਊਰਜਾ ਵਰਤਣ ਦੇ ਵਿਸ਼ੇ 'ਤੇ ਬਹੁਤ ਲੰਮੇ ਸਮੇਂ ਤੋਂ ਗੱਲਬਾਤ ਚੱਲ ਰਹੀ ਹੈ ਪਰ ਅਜੇ ਤੱਕ ਇਸ ਸਬੰਧੀ ਕੁਝ ਵੀ ਠੋਸ ਸਾਹਮਣੇ ਨਹੀਂ ਆਇਆ। ਕੇਂਦਰੀ ਸਿਹਤ ਮੰਤਰੀ ਡਾ. ਹਰਸ਼ ਵਰਧਨ ਨਾਲ ਮੀਟਿੰਗ ਤੋਂ ਬਾਅਦ ਉਹ ਪੱਤਰਕਾਰਾਂ ਨਾਲ ਗ਼ੈਰ-ਰਸਮੀ ਗੱਲਬਾਤ ਕਰ ਰਹੇ ਸਨ।

ਇਸ ਮੁੱਦੇ 'ਤੇ ਉਨ੍ਹਾਂ ਦਾ ਪ੍ਰਤੀਕਰਮ ਜਾਣਨ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਇਸ ਬਾਰੇ ਉਦੋਂ ਹੀ ਕੁਝ ਕਹਿਣਗੇ, ਜਦੋਂ ਇਸ ਬਾਰੇ ਉਨ੍ਹਾਂ ਕੋਲ ਪ੍ਰਸਤਾਵ ਆਵੇਗਾ। ਮੁੱਖ ਮੰਤਰੀ ਨੇ ਟਕੋਰ ਕੀਤੀ, ''ਫਿਲਹਾਲ ਤਾਂ ਮੇਰੇ ਕੋਲ ਬਿਜਲੀ ਮੰਤਰੀ ਵੀ ਨਹੀਂ ਹੈ।'' ਉਨ੍ਹਾਂ ਦੀ ਇਹ ਟਿਪਣੀ ਲੋਕ ਸਭਾ ਚੋਣਾਂ ਮਗਰੋਂ ਮੰਤਰੀ ਮੰਡਲ ਦੇ ਫ਼ੇਰਬਦਲ ਮੌਕੇ ਨਵਜੋਤ ਸਿੰਘ ਸਿੱਧੂ ਨੂੰ ਦਿੱਤੇ ਬਿਜਲੀ ਮਹਿਕਮੇ ਨੂੰ ਉਨ੍ਹਾਂ ਵੱਲੋਂ ਪ੍ਰਵਾਨ ਨਾ ਕਰਕੇ ਅਸਤੀਫਾ ਦੇਣ ਦੇ ਸੰਦਰਭ ਵਿੱਚ ਸੀ।

ਝੋਨੇ ਦੇ ਸੀਜ਼ਨ ਮੌਕੇ ਬਿਜਲੀ ਦੀ ਨਿਰਵਿਘਨ ਸਪਲਾਈ ਦੀ ਲੋੜ ਦੇ ਮੱਦੇਨਜ਼ਰ ਮੁੱਖ ਮੰਤਰੀ ਬਿਜਲੀ ਵਿਭਾਗ ਦੇ ਕੰਮਕਾਜ 'ਤੇ ਰੋਜ਼ਾਨਾ ਖੁਦ ਨਿਗਰਾਨੀ ਰੱਖ ਰਹੇ ਹਨ। ਸੂਬੇ ਦੇ ਕੁਝ ਹਿੱਸਿਆਂ ਵਿੱਚ ਮੀਂਹ ਘੱਟ ਪੈਣ ਕਰਕੇ ਬਿਜਲੀ ਦੀ ਮੰਗ ਬਹੁਤ ਜ਼ਿਆਦਾ ਵੱਧ ਗਈ ਸੀ। ਇਕ ਹੋਰ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਕੇਂਦਰ ਸਰਕਾਰ ਨਾਲ ਕਦੇ ਵੀ ਕਿਸੇ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਿਆ। ਉਨ੍ਹਾਂ ਕਿਹਾ ਕਿ ਸੰਘੀ ਢਾਂਚੇ ਵਿਚ ਕੇਂਦਰ ਅਤੇ ਸੂਬਾ ਸਰਕਾਰ ਦੇ ਸਬੰਧ ਸੁਖਾਵੇਂ ਹੋਣੇ ਜ਼ਰੂਰੀ ਹਨ ਅਤੇ ਉਨ੍ਹਾਂ ਨੂੰ ਪੰਜਾਬ ਦੇ ਹਿੱਤਾਂ ਲਈ ਕੇਂਦਰ ਵਿੱਚ ਕਿਸੇ ਵੀ ਸਰਕਾਰ ਨਾਲ ਕੋਈ ਮੁਸ਼ਕਲ ਪੇਸ਼ ਨਹੀਂ ਆਈ।