ਬਠਿੰਡੇ 'ਚ ਹੜ੍ਹ ਵਰਗੇ ਹਾਲਾਤ ਲਈ ਮਨਪ੍ਰੀਤ ਬਾਦਲ ਜ਼ਿੰਮੇਵਾਰ : ਹਰਸਿਮਰਤ

ਏਜੰਸੀ

ਖ਼ਬਰਾਂ, ਰਾਜਨੀਤੀ

ਕੈਪਟਨ ਅਮਰਿੰਦਰ ਸਿੰਘ ਕੋਲੋਂ ਮਨਪ੍ਰੀਤ ਬਾਦਲ ਦੀ ਬਰਖ਼ਾਸਤੀ ਦੀ ਮੰਗ ਕੀਤੀ

Harsimrat Kaur Badal target Manpreet Singh Badal on twitter

ਚੰਡੀਗੜ੍ਹ : ਤਿੰਨ-ਚਾਰ ਦਿਨਾਂ ਤੋਂ ਪੰਜਾਬ ਸਮੇਤ ਦੇਸ਼ ਦੇ ਉੱਤਰੀ ਸੂਬਿਆਂ 'ਚ ਮੀਂਹ ਪੈ ਰਿਹਾ ਹੈ। ਕਈ ਇਲਾਕਿਆਂ ਵਿਚ ਮੀਂਹ ਦਾ ਪਾਣੀ ਸੜਕਾਂ 'ਤੇ ਇਕੱਠਾ ਹੋ ਕੇ ਤਾਲਾਬ ਦਾ ਰੂਪ ਧਾਰ ਗਿਆ ਹੈ। ਬਠਿੰਡਾ 'ਚ ਪਏ ਭਾਰੀ ਮੀਂਹ ਨਾਲ ਹੜ੍ਹ ਦੇ ਹਾਲਾਤ ਬਣ ਗਏ ਹਨ, ਜਿਸ 'ਤੇ ਸਿਆਸਤ ਭਖਣੀ ਸ਼ੁਰੂ ਹੋ ਗਈ ਹੈ। ਬਠਿੰਡਾ ਤੋਂ ਤੀਜੀ ਵਾਰ ਦੀ ਸੰਸਦ ਮੈਂਬਰ ਬਣੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੇ ਕੈਬਨਿਟ ਮੰਤਰੀ ਮਨਪ੍ਰੀਤ ਬਾਦਲ 'ਤੇ ਤਿੱਖਾ ਹਮਲਾ ਕੀਤਾ ਹੈ। ਬਠਿੰਡਾ 'ਚ ਹੜ੍ਹ ਵਰਗੇ ਹਾਲਾਤ ਲਈ ਹਰਸਿਮਰਤ ਨੇ ਮਨਪ੍ਰੀਤ ਬਾਦਲ ਨੂੰ ਜ਼ਿੰਮੇਵਾਰ ਦੱਸਿਆ ਹੈ। ਹਰਸਿਮਰਤ ਨੇ ਇਸ ਸਬੰਧੀ ਟਵੀਟ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਕੋਲੋਂ ਮਨਪ੍ਰੀਤ ਬਾਦਲ ਦੀ ਬਰਖ਼ਾਸਤੀ ਦੀ ਮੰਗ ਕੀਤੀ ਹੈ।

ਹਰਸਿਮਰਤ ਨੇ ਆਪਣੇ ਟਵੀਟ 'ਚ ਲਿਖਿਆ ਕਿ ਨਗਰ ਨਿਗਮ ਦਾ ਪੈਸੇ ਰੋਕਣ ਕਾਰਨ ਹੜ੍ਹ ਦੇ ਹਾਲਾਤ ਬਣੇ ਹਨ। ਡਰੇਨਜ਼ ਸਿਸਟਮ ਦੀ ਦਰੁਸਤੀ ਲਈ ਜੋ ਪੈਸੇ ਦੀ ਵਰਤੋਂ ਹੋਣੀ ਚਾਹੀਦੀ ਸੀ ਉਹ ਨਹੀਂ ਹੋਈ ਕਿਉਂਕਿ ਨਗਰ ਨਿਗਮ ਦੇ ਫ਼ੰਡ ਰੋਕ ਕੇ ਉਨ੍ਹਾਂ ਨੂੰ ਇੰਪਰੂਵਮੈਂਟ ਟਰੱਸਟ 'ਚ ਦਿੱਤਾ ਗਿਆ। ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਬਠਿੰਡਾ ਨੂੰ ਨੰਬਰ-1 ਬਣਾਉਣ ਦੇ ਵਾਅਦੇ ਨੂੰ ਪੂਰਾ ਕਿਉਂ ਨਹੀਂ ਕੀਤਾ।

ਹਰਸਿਮਰਤ ਨੇ ਇਕ ਟਵੀਟ ਹੋਰ ਕਰਦਿਆਂ ਕਿਹਾ ਕਿ ਪਿਛਲੇ ਮਹੀਨੇ ਐਨ.ਡੀ.ਏ. ਸਰਕਾਰ ਵੱਲੋਂ AMRUT ਸਕੀਮ ਦੇ ਅਧੀਨ 16 ਇਲਾਕਿਆਂ ਅੰਦਰ 5 ਹਜ਼ਾਰ ਘਰਾਂ ਦੇ ਡਰੇਨਜ਼ ਸਿਸਟਮ ਨੂੰ ਦਰੁਸਤ ਕਰਨ ਸਬੰਧੀ 48 ਕਰੋੜ ਸਟੇਟ ਪ੍ਰਾਜੈਕਟ ਵਜੋਂ ਵੀ ਦਿੱਤੇ ਗਏ ਸਨ। ਮਨਪ੍ਰੀਤ ਬਾਦਲ ਨੇ ਚੋਣਾਂ ਤੋਂ ਪਹਿਲਾਂ ਕਿਹਾ ਸੀ ਕਿ ਉਹ ਪਾਣੀ ਦੀ ਨਿਕਾਸੀ ਦੀ ਸਮੱਸਿਆ ਨੂੰ ਦੂਰ ਕਰਨਗੇ ਪਰ ਉਹ ਇਸ ਪ੍ਰਾਜੈਕਟ ਲਈ 1 ਰੁਪਇਆ ਵੀ ਦੇਣਾ ਭੁੱਲ ਗਏ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਬਠਿੰਡਾ ਤੇ ਮੁਕਤਸਾਰ ਵਿਚ ਲਗਾਤਾਰ ਮੀਂਹ ਪੈਣ ਕਾਰਨ ਲੋਕਾਂ ਦੇ ਘਰਾਂ 'ਚ ਪਾਣੀ ਭਰ ਗਿਆ ਸੀ। ਇਥੋਂ ਤਕ ਕਿ ਆਈਜੀ ਬਠਿੰਡਾ ਰੇਂਜ ਐਮਐਫ ਫ਼ਾਰੂਕੀ ਅਤੇ ਐਸਐਸਪੀ ਡਾ. ਨਾਨਕ ਸਿੰਘ ਦੀਆਂ ਕੋਠੀਆਂ ਪਾਣੀ ਨਾਲ ਭਰ ਗਈਆਂ ਸਨ। ਆਈਜੀ ਦੀ ਕੋਠੀ ਅੰਦਰ 5-5 ਫੁੱਟ ਦੇ ਕਰੀਬ ਪਾਣੀ ਜਮ੍ਹਾ ਹੋ ਗਿਆ ਸੀ।