ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਗਠਨ ਰਾਜਸਥਾਨ ਸੰਕਟ ਕਾਰਨ ਲਟਕਿਆ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਪਿਛਲੀ ਵਾਰੀ ਨਾਲੋਂ ਐਤਕੀ ਬਹੁਤ ਛੋਟੀ ਹੋਵੇਗੀ ਕਮੇਟੀ

Sunil Jakhar

ਚੰਡੀਗੜ੍ਹ (ਜੀ.ਸੀ.ਭਾਰਦਵਾਜ) : ਪਿਛਲੇ ਮਹੀਨੇ 19-20 ਜੂਨ ਨੂੰ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਸੁਨੀਲ ਜਾਖੜ ਤੇ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਹੋਈ ਬੈਠਕ ਵਿਚ ਪੰਜਾਬ ਕਾਂਗਰਸ ਅਹੁਦੇਦਾਰਾਂ ਦੀ 100-120 ਨਾਵਾਂ ਦੀ ਲਿਸਟ ਫ਼ਾਈਨਲ ਹੋ ਕੇ ਕੇਂਦਰੀ ਹਾਈ ਕਮਾਂਡ ਦੀ ਪ੍ਰਧਾਨ ਸੋਨੀਆ ਗਾਂਧੀ ਕੋਲ ਪਹੁੰਚ ਗਈ ਸੀ। ਆਸ ਕੀਤੀ ਜਾ ਰਹੀ ਸੀ ਕਿ ਹਫ਼ਤੇ ਦੋ ਹਫ਼ਤੇ ਤਕ ਇਸ ਲਿਸਟ ਵਿਚ ਇੱਕਾ ਦੁੱਕਾ ਅਦਲਾ ਬਦਲੀ ਕਰ ਕੇ ਜਾਰੀ ਕਰ ਦਿਤੀ ਜਾਵੇਗੀ।

ਜਾਖੜ ਨੇ ਵੀ ਕਿਹਾ ਸੀ ਕਿ 95 ਫ਼ੀ ਸਦੀ ਕੰਮ ਪੁਰਾ ਹੋ ਚੁੱਕਾ ਹੈ, ਛੇਤੀ ਹੀ ਨਾਵਾਂ ਅਤੇ ਅਹੁਦੇਦਾਰਾਂ ਬਾਰੇ ਜਾਣਕਾਰੀ ਮਿਲ ਜਾਵੇਗੀ। ਅੱਜ ਇਥੇ ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦੇ ਹੋਏ ਕਾਂਗਰਸ ਦੇ ਤਜਰਬੇਕਾਰ ਤੇ ਹਾਈ ਕਮਾਂਡ ਵਿਚ ਉਥਲ ਪੁਥਲ ਸਮੇਤ ਰਾਜਸਥਾਨ ਸਰਕਾਰ ਵਿਚ ਹੋ ਰਹੀ ਉਲਟਾ ਪੁਲਟੀ ਨਾਲ ਸੰਪਰਕ ਵਿਚ ਰਹਿ ਰਹੇ ਨੇਤਾਵਾਂ ਨੇ ਦਸਿਆ ਕਿ ਪੰਜਾਬ ਵਿਚ ਵੀ ਇਸ ਸੰਕਟ ਦਾ ਥੋੜ੍ਹਾ ਥੋੜ੍ਹਾ ਅਸਰ ਜ਼ਰੂਰ ਹੋਵੇਗਾ।

ਉਨ੍ਹਾਂ ਦਾ ਵਿਚਾਰ ਹੈ ਕਿ ਭਾਵੇਂ ਮੁੱਖ ਮੰਤਰੀ ਇਨ੍ਹਾਂ ਦੇ ਕੈਬਨਿਟ ਸਾਥੀਆਂ ਤੇ ਪਾਰਟੀ ਪ੍ਰਧਾਨ ਵਿਚ ਮਾਮੂਲੀ ਜਿਹਾ, ਕੁੱਝ ਮੁੱਦਿਆਂ 'ਤੇ ਸੋਚ ਅਤੇ ਐਕਸ਼ਨ ਲੈਣ ਵਿਚ ਅੰਤਰ ਜ਼ਰੂਰ ਹੈ ਪਰ ਮਜ਼ਬੂਤ ਤੇ ਚੰਗੇ ਰਸੂਖ਼ ਵਾਲੇ ਤਜਰਬੇਕਾਰ ਕੈਪਟਨ ਅਮਰਿੰਦਰ ਸਿੰਘ ਵਿਰੁਧ ਬਗ਼ਾਵਤ ਜਾਂ ਨੌਜਵਾਨੀ ਤੇ ਬੁਢਾਪਾ ਸੋਚ ਵਿਚ ਅੰਤਰ ਇਸ ਸੂਬੇ ਵਿਚ ਕੋਈ ਪ੍ਰਭਾਵ ਨਹੀਂ ਪਾ ਸਕਦੀ।

ਕਾਂਗਰਸੀ ਨੇਤਾਵਾਂ ਨੇ 2003 ਵਿਚ ਬੀਬੀ ਭੱਠਲ ਵਲੋਂ 32 ਕਾਂਗਰਸੀ ਵਿਧਾਇਕ ਲੈ ਕੇ ਨਵੀਂ ਦਿੱਲੀ ਵਿਚ ਡੇਢ ਮਹੀਨਾ ਡੇਰੇ ਲਾ ਕੇ ਬੈਠਣ ਦੀ ਮਿਸਾਲ ਦਿੰਦਿਆਂ ਸਪਸ਼ਟ ਕਿਹਾ ਕਿ ਪੰਜਾਬ ਵਿਚ ਇਸ ਵੇਲੇ ਮੁੱਖ ਮੰਤਰੀ ਵਿਰੁਧ ਮਿੱਠੀ ਮਿੱਠੀ ਬਗ਼ਾਵਤ ਜਾਂ ਅੰਦਰ ਖਾਤੇ ਗੁੱਸਾ ਜ਼ਰੂਰ ਹੈ ਪਰ ਖੁਲ੍ਹ ਕੇ ਸਚਿਨ ਪਾਇਲਟ ਵਾਂਗ ਸਰਕਾਰ ਤੋੜਨ ਜਾਂ ਲੀਡਰਸ਼ਿਪ ਬਦਲਣ ਦੀ ਆਵਾਜ਼ ਉਠਾਉਣ ਦੀ ਜੁਅਰੱਤ ਨਹੀਂ।

ਕਾਂਗਰਸੀ ਸੂਤਰਾਂ ਨੇ ਰੋਜ਼ਾਨਾ ਸਪੋਕਸਮੈਨ ਨੂੰ ਇਹ ਵੀ ਦਸਿਆ ਕਿ ਪ੍ਰਦੇਸ਼ ਕਮੇਟੀ ਦੇ ਅਹੁਦੇਦਾਰਾਂ ਵਿਚ ਪਿਛਲੀ ਵਾਰੀ ਸੀਨੀਅਰ ਉਪ ਪ੍ਰਧਾਨ ਤੋਂ ਇਲਾਵਾ 40 ਉਪ ਪ੍ਰਧਾਨ, 135 ਜਨਰਲ ਸਕੱਤਰ, 400 ਸਕੱਤਰ, 55 ਮੈਂਬਰ ਕਾਰਜਕਰਨੀ ਦੇ ਅਤੇ ਪੱਕੇ ਇਨਵਾਈਟੀ ਤੇ ਹੋਰ ਅਹੁਦੇਦਾਰ ਬੇਸ਼ੁਮਾਰ ਸਨ, ਪਰ ਐਤਕੀਂ ਦੀ ਲਿਸਟ ਵਿਚ ਸਾਰੇ ਅਹੁਦੇ ਮਿਲਾ ਕੇ 100 ਤੋਂ 110-120 ਤਕ ਮੈਂਬਰ ਪਾਏ ਹਨ। ਇਸ ਤੋਂ ਇਲਾਵਾ 28 ਜ਼ਿਲ੍ਹਾ ਪ੍ਰਧਾਨ ਹੋਣਗੇ ਤੇ 8 ਤੋਂ 10 ਫ਼ਰੰਟਲ ਜਥੇਬੰਦੀਆਂ ਦੇ ਇੰਚਾਰਜ ਤੇ ਚੇਅਰਮੈਨ ਲਾਏ ਜਾਣਗੇ।

 ਜਾਖੜ ਦਾ ਕਹਿਣਾ ਹੈ ਕਿ ਕਾਂਗਰਸ ਦਾ ਮੁੱਖ ਟੀਚਾ 2022 ਦੀਆਂ ਅਸੈਂਬਲੀ ਚੋਣਾਂ ਮੁੜ ਜਿੱਤਣਾ ਹੈ ਅਤੇ ਸਰਕਾਰ ਦੇ ਰਹਿੰਦੇ ਡੇਢ ਸਾਲ ਵਿਚ ਪਾਰਟੀ ਵਰਕਰਾਂ ਵਿਚ ਮਜ਼ਬੂਤ ਜੋਸ਼ ਤੇ ਰੂਹ ਭਰਨਾ ਹੈ। ਜਾਖੜ ਨੇ ਇਸ਼ਾਰਾ ਕੀਤਾ ਕਿ ਲਗਨ ਨਾਲ ਕੰਮ ਕਰਨ ਵਾਲੇ ਨੇਤਾਵਾਂ ਤੇ ਵਰਕਰਾਂ ਦਾ ਇਸ ਨਵੇਂ ਅਹੁਦੇਦਾਰਾਂ ਦੀ ਲਿਸਟ ਵਿਚ ਵਿਸ਼ੇਸ਼ ਧਿਆਨ ਰਖਿਆ ਹੈ।