ਮੰਤਰੀ ਰਾਣਾ ਗੁਰਜੀਤ ਖ਼ਿਲਾਫ਼ 4 ਕਾਂਗਰਸੀ MLAs ਨੇ ਸੋਨੀਆ ਗਾਂਧੀ ਨੂੰ ਲਿਖੀ ਚਿੱਠੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

4 ਕਾਂਗਰਸੀ ਵਿਧਾਇਕਾਂ ਨੇ ਸੋਨੀਆ ਗਾਂਧੀ ਨੂੰ ਚਿੱਠੀ ਲਿਖੀ ਹੈ, ਜਿਸ ਵਿਚ ਵਿਧਾਇਕਾਂ ਨੇ ਰਾਣਾ ਗੁਰਜੀਤ ਸਿੰਘ ਨੂੰ ਪਾਰਟੀ 'ਚੋਂ ਬਾਹਰ ਕੱਢਣ ਦੀ ਮੰਗ ਕੀਤੀ ਹੈ।

Rana Gurjit Singh and Rana Inder Partap Singh

 

ਚੰਡੀਗੜ੍ਹ: ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਖ਼ਿਲਾਫ਼ 4 ਕਾਂਗਰਸੀ ਵਿਧਾਇਕਾਂ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਚਿੱਠੀ ਲਿਖੀ ਹੈ, ਜਿਸ ਵਿਚ ਵਿਧਾਇਕਾਂ ਨੇ ਰਾਣਾ ਗੁਰਜੀਤ ਸਿੰਘ ਨੂੰ ਪਾਰਟੀ 'ਚੋਂ ਬਾਹਰ ਕੱਢਣ ਦੀ ਮੰਗ ਕੀਤੀ ਹੈ। ਇਹ ਚਿੱਠੀ ਵਿਧਾਇਕ ਨਵਤੇਜ ਚੀਮਾ, ਸੁਖਪਾਲ ਖਹਿਰਾ, ਅਵਤਾਰ ਹੈਨਰੀ ਅਤੇ ਬਲਵਿੰਦਰ ਸਿੰਘ ਧਾਲੀਵਾਲ ਵਲੋਂ ਲਿਖੀ ਗਈ ਹੈ।


Photo

ਉਹਨਾਂ ਕਿਹਾ ਕਿ ਰਾਣਾ ਗੁਰਜੀਤ ਸਿੰਘ ਦੋਆਬਾ ਖੇਤਰ ਦੇ ਵੱਖ-ਵੱਖ ਹਲਕਿਆਂ ਜਿਵੇਂ ਸੁਲਤਾਨਪੁਰ ਲੋਧੀ, ਫਗਵਾੜਾ, ਭੁਲੱਥ, ਜਲੰਧਰ ਉੱਤਰੀ, ਬੰਗਾ ਆਦਿ ਵਿਚ ਜਾਣਬੁੱਝ ਕੇ ਦਖਲਅੰਦਾਜ਼ੀ ਕਰਕੇ ਕਾਂਗਰਸ ਨੂੰ ਕਮਜ਼ੋਰ ਕਰ ਰਹੇ ਹਨ ਪਰ ਪੰਜਾਬ ਮੰਤਰੀ ਮੰਡਲ ਨੇ ਉਸ ਵਿਰੁੱਧ ਕਾਰਵਾਈ ਕਰਨ ਦੀ ਬਜਾਏ ਉਸ ਨੂੰ ਮੁੜ ਮੰਤਰੀ ਬਣਾ ਦਿੱਤਾ।


Photo

ਉਹਨਾਂ ਲਿਖਿਆ ਕਿ ਮੁੜ ਮੰਤਰੀ ਬਣਨ ਤੋਂ ਬਾਅਦ ਰਾਣਾ ਗੁਰਜੀਤ ਸਿੰਘ ਨੇ ਸੁਲਤਾਨਪੁਰ ਲੋਧੀ ਤੋਂ ਦੋ ਵਾਰ ਕਾਂਗਰਸੀ ਵਿਧਾਇਕ ਰਹੇ ਨਵਤੇਜ ਸਿੰਘ ਚੀਮਾ ਦੇ ਮੁਕਾਬਲੇ ਆਪਣੇ ਪੁੱਤਰ ਰਾਣਾ ਇੰਦਰ ਪ੍ਰਤਾਪ ਸਿੰਘ ਨੂੰ ਆਜ਼ਾਦ ਉਮੀਦਵਾਰ ਐਲਾਨ ਦਿੱਤਾ ਹੈ। ਇਹ ਪਾਰਟੀ ਅਨੁਸ਼ਾਸਨ ਦੀ ਘੋਰ ਉਲੰਘਣਾ ਤੋਂ ਇਲਾਵਾ ਹੋਰ ਕੁਝ ਨਹੀਂ ਹੈ ਅਤੇ ਇਹ ਪਾਰਟੀ ਦੀ ਪਿੱਠ 'ਚ ਛੁਰਾ ਮਾਰਨ ਦੇ ਬਰਾਬਰ ਹੈ। ਉਹਨਾਂ ਕਿਹਾ ਕਿ ਦਾਗੀ ਰਾਣਾ ਗੁਰਜੀਤ ਸਿੰਘ ਵੱਲੋਂ ਪਾਰਟੀ ਅਨੁਸ਼ਾਸਨ ਦੀ ਘੋਰ ਉਲੰਘਣਾ ਅਤੇ ਇਸ ਦੇ ਮੱਦੇਨਜ਼ਰ ਅਸੀਂ ਅਪੀਲ ਕਰਦੇ ਹਾਂ ਕਿ ਕਪੂਰਥਲਾ ਹਲਕੇ ਤੋਂ ਉਹਨਾਂ ਦੀ ਨਾਮਜ਼ਦਗੀ ਤੁਰੰਤ ਵਾਪਸ ਲਈ ਜਾਵੇ ਅਤੇ ਪਾਰਟੀ ਨੂੰ ਕਮਜ਼ੋਰ ਕਰਨ ਵਾਲੇ ਅਜਿਹੇ ਆਗੂਆਂ ਨੂੰ ਸਖ਼ਤ ਸੁਨੇਹਾ ਦਿੱਤਾ ਜਾਵੇ।

Rana Gurjeet Singh

ਪੱਤਰ ਵਿਚ ਇਹ ਵੀ ਲਿਖਿਆ ਗਿਆ ਕਿ ਰਾਣਾ ਗੁਰਜੀਤ ਸਿੰਘ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਹਨ ਅਤੇ ਉਹਨਾਂ ਨੇ ਹਾਲ ਹੀ ਵਿਚ ਗੋਰਾ ਗਿੱਲ ਨੂੰ ਪੰਜਾਬ ਲੋਕ ਕਾਂਗਰਸ ਵਿਚ ਸ਼ਾਮਲ ਕਰਵਾਇਆ ਹੈ। ਇਸ ਤੋਂ ਇਲਾਵਾ ਉਹਨਾਂ ਪਾਰਟੀ ਦੇ ਪੰਜਾਬ ਪ੍ਰਧਾਨ ਨਵਜੋਤ ਸਿੱਧੂ 'ਤੇ ਵੀ ਬੇਬੁਨਿਆਦ ਦੋਸ਼ ਲਾਏ ਹਨ।  ਉਹਨਾਂ ਕਿਹਾ ਕਿ ਰਾਣਾ ਗੁਰਜੀਤ ਭਾਜਪਾ ਅਤੇ ਕੈਪਟਨ ਅਮਰਿੰਦਰ ਸਿੰਘ ਲਈ ਕੰਮ ਕਰ ਰਹੇ ਹਨ।