ਅਮਿਤ ਸ਼ਾਹ ਜੀ ਤੁਸੀਂ ਅੰਮ੍ਰਿਤਸਰ ’ਚ ਐਨ.ਸੀ.ਬੀ. ਦਾ ਦਫ਼ਤਰ ਖੋਲ੍ਹ ਰਹੇ ਹੋ ਜਾਂ ਭਾਜਪਾ ਦਾ? : ਕੇਜਰੀਵਾਲ

ਏਜੰਸੀ

ਖ਼ਬਰਾਂ, ਰਾਜਨੀਤੀ

ਪੰਜਾਬ ’ਚ ਨਸ਼ਿਆਂ ਦੇ ਮੁੱਦੇ ’ਤੇ ਕੇਜਰੀਵਾਲ ਨੇ ਅਮਿਤ ਸ਼ਾਹ ਨੂੰ ਮੋੜਵਾਂ ਜਵਾਬ ਦਿਤਾ

Arvind Kejriwal

ਗੁਰਦਾਸਪੁਰ: ਨਰਿੰਦਰ ਮੋਦੀ ਸਰਕਾਰ ਦੇ 9 ਸਾਲ ਪੂਰੇ ਹੋਣ ਮੌਕੇ ਭਾਜਪਾ ਦੀ ਜਨ ਸੰਪਰਕ ਮੁਹਿੰਮ ਤਹਿਤ ਗੁਰਦਾਸਪੁਰ ’ਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਨਸ਼ਿਆਂ ਦੇ ਮੁੱਦੇ ’ਤੇ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਸਖ਼ਤ ਆਲੋਚਨਾ ਕੀਤੀ ਅਤੇ ਕਿਹਾ ਕਿ ਸੂਬੇ ਅੰਦਰ ਨਸ਼ਿਆਂ ਦਾ ਕਾਰੋਬਾਰ ਵਧ ਰਿਹਾ ਹੈ। 

ਨਾਲ ਹੀ ਉਨ੍ਹਾਂ ਐਲਾਨ ਕੀਤਾ ਕਿ ਨਸ਼ਿਆਂ ਵਿਰੁਧ ਲੜਾਈ ਲੜਨ ਲਈ ਅੰਮ੍ਰਿਤਸਰ ’ਚ ਇਕ ਮਹੀਨੇ ਅੰਦਰ ਐਨ.ਸੀ.ਬੀ. ਦਾ ਦਫ਼ਤਰ ਖੁਲ੍ਹੇਗਾ ਅਤੇ ਕੁਝ ਹੀ ਸਮੇਂ ’ਚ ਭਾਜਪਾ ਦੇ ਕਾਰਕੁਨ ਹਰ ਪਿੰਡ ’ਚ ਜਾ ਕੇ ਨਸ਼ੇ ਵਿਰੁਧ ਲੋਕਾਂ ਨੂੰ ਜਾਗਰੂਕ ਕਰਨ ਲਈ ਯਾਤਰਾ ਵੀ ਸ਼ੁਰੂ ਕਰਨਗੇ।

ਇਹ ਵੀ ਪੜ੍ਹੋ:  ਸਾਂਸਦ ਵਿਕਰਮਜੀਤ ਸਿੰਘ ਸਾਹਨੀ ਵਲੋਂ ਪੰਜਾਬ ਵਿਚ ਪਾਬੰਦੀਸ਼ੁਦਾ ਰਿਕਰੂਟਿੰਗ ਏਜੰਟਾਂ ਵਿਰੁਧ ਸਖ਼ਤ ਕਾਰਵਾਈ ਦੀ ਮੰਗ 

ਹਾਲਾਂਕਿ ਅਮਿਤ ਸ਼ਾਹ ਦੇ ਇਸ ਐਲਾਨ ਵਿਰੁਧ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੀ ਨਿਸ਼ਾਨਾ ਲਾ ਦਿਤਾ ਹੈ। ਉਨ੍ਹਾਂ ਅਪਣੇ ਵਲੋਂ ਕੀਤੇ ਇਕ ਟਵੀਟ ’ਚ ਕਿਹਾ, ‘‘ਤੁਸੀਂ ਅੰਮ੍ਰਿਤਸਰ’ਚ ਐਨ.ਸੀ.ਬੀ.  ਦਾ ਦਫ਼ਤਰ ਖੋਲ੍ਹ ਰਹੇ ਹੋ ਜਾਂ ਭਾਜਪਾ ਦਾ? ਫਿਰ ਐਨ.ਸੀ.ਬੀ. ਪਿੰਡ-ਪਿੰਡ ’ਚ ਭਾਜਪਾ ਕਾਰਕੁਨਾਂ ਜ਼ਰੀਏ ਕਿਸ ਤਰ੍ਹਾਂ ਕੰਮ ਕਰ ਸਕਦੀ ਹੈ? ਇਸ ਦਾ ਮਤਲਬ ਤੁਹਾਨੂੰ ਪੰਜਾਬ ਦੇ ਨਸ਼ੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਐਨ.ਸੀ.ਬੀ. ਨੂੰ ਪ੍ਰਯੋਗ ਕਰ ਕੇ ਭਾਜਪਾ ਦਾ ਪ੍ਰਚਾਰ ਕਰਨਾ ਹੈ।’’

ਉਨ੍ਹਾਂ ਇਥੇ ਹੀ ਬਸ ਨਹੀਂ ਕੀਤੀ। ਕੇਜਰੀਵਾਲ ਨੇ ਪੰਜਾਬ ’ਚ ਨਸ਼ਿਆਂ ਦੇ ਪ੍ਰਸਾਰ ਲਈ ਵੀ ਭਾਜਪਾ ਨਾਲ ਅਕਾਲੀ ਦਲ ਦੇ ਗਠਜੋੜ ਵਾਲੀ ਸਰਕਾਰ ਨੂੰ ਦੋਸ਼ੀ ਕਰਾਰ ਦਿਤਾ। ਉਨ੍ਹਾਂ ਅਪਣੇ ਟਵੀਟ ’ਚ ਅੱਗੇ ਕਿਹਾ, ‘‘ਵੈਸੇ ਨਸ਼ਾ ਤਾਂ ਤੁਹਾਡੀ ਅਤੇ ਅਕਾਲੀ ਦਲ ਦੀ ਸਰਕਾਰ ਦੌਰਾਨ ਹੀ ਫੈਲਿਆ ਸੀ ਸ਼ਾਹ ਸਾਬ੍ਹ?’’