ਕਿਸਾਨੀ ਮਸਲੇ 'ਤੇ ਭਾਜਪਾ-ਕਾਂਗਰਸ 'ਚ ਛਿੜੀ ਸ਼ਬਦੀ ਜੰਗ

ਏਜੰਸੀ

ਖ਼ਬਰਾਂ, ਰਾਜਨੀਤੀ

ਕਾਂਗਰਸ ਵੱਲੋਂ ਜਾਰੀ ਕੀਤੀ ਗਈ ‘ਖੇਤੀ ਦਾ ਖੂਨ’ ਨਾਂਅ ਦੀ ਬੁੱਕਲੇਟ

Prakash Javadekar and Rahul Gandhi

ਨਵੀਂ ਦਿੱਲੀ: ਖੇਤੀ ਕਾਨੂੰਨਾਂ ਦੇ ਮੁੱਦੇ ‘ਤੇ ਅੱਜ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰੈੱਸ ਕਾਨਫਰੰਸ ਕੀਤੀ। ਇਸ ਮੌਕੇ ਕਾਂਗਰਸ ਵੱਲੋਂ ‘ਖੇਤੀ ਦਾ ਖੂਨ’ ਨਾਂਅ ਦੀ ਬੁੱਕਲੇਟ ਜਾਰੀ ਕੀਤੀ ਗਈ। ਪ੍ਰੈੱਸ ਕਾਨਫਰੰਸ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਤਿੰਨ ਖੇਤੀ ਕਾਨੂੰਨ ਖੇਤੀ ਨੂੰ ਬਰਬਾਦ ਕਰ ਦੇਣਗੇ, ਮੈਂ ਇਨ੍ਹਾਂ ਦਾ ਵਿਰੋਧ ਕਰਦਾ ਰਾਹਾਂਗਾ। ਉਹਨਾਂ ਕਿਹਾ ਕਿ ਉਹ ਭਾਜਪਾ ਤੋਂ ਨਹੀਂ ਡਰਦੇ।

ਇਸ ਤੋਂ ਬਾਅਦ ਕੇਂਦਰੀ ਮੰਤਰੀ ਪ੍ਰਕਾਸ਼ ਜਾਵੇਡਕਰ ਨੇ ਰਾਹੁਲ ਗਾਂਧੀ ਨੂੰ ਜਵਾਬ ਦਿੱਤਾ। ਉਹਨਾਂ ਕਿਹਾ, ‘ਕਾਂਗਰਸ ਨੂੰ ਖੂਨ ਸ਼ਬਦ ਨਾਲ ਬਹੁਤ ਪਿਆ ਹੈ। ਮੈਂ ਯਾਦ ਦਿਵਾਉਣਾ ਚਾਹੁੰਦਾ ਹਾਂ ਕਿ ਤੁਸੀਂ ਖੇਤੀ ਦਾ ਖੂਨ ਕਹਿ ਰਹੇ ਹੋ ਪਰ ਤੁਸੀਂ ਖੂਨ ਦਾ ਖੇਡ ਖੇਲਿਆ, ਵੰਡ ਸਮੇਂ ਲੱਖਾਂ ਲੋਕ ਮਰੇ, 1984 ਵਿਚ 3000 ਲੋਕਾਂ ਨੂੰ ਮਾਰਿਆ ਗਿਆ, ਕੀ ਉਹ ਖੂਨ ਨਹੀਂ ਸੀ?’

ਰਾਹੁਲ ਗਾਂਧੀ ਨੇ ਦੋਸ਼ ਲਗਾਇਆ ਕਿ 4-5 ਪ੍ਰਵਾਰ ਦੇਸ਼ ‘ਤੇ ਹਾਵੀ ਹਨ, ਇਸ ‘ਤੇ ਕੇਂਦਰੀ ਮੰਤਰੀ ਨੇ ਕਿਹਾ ਹੁਣ ਦੇਸ਼ ‘ਤੇ ਕਿਸੇ ਪ੍ਰਵਾਰ ਦਾ ਰਾਜ ਨਹੀਂ ਹੈ, ਇਹ ਬਦਲਾਅ ਹੋਇਆ ਹੈ। 50 ਸਾਲ ਕਾਂਗਰਸ ਨੇ ਸਰਕਾਰ ਚਲਾਈ ਤਾਂ ਇਕ ਹੀ ਪਰਿਵਾਰ ਦੀ ਸਰਕਾਰ ਚੱਲੀ।

ਪ੍ਰਕਾਸ਼ ਜਾਵੇਡਕਰ ਨੇ ਕਿਹਾ ਕਿ ਕੱਲ ਕਿਸਾਨਾਂ ਤੇ ਕੇਂਦਰ ਸਰਕਾਰ ਵਿਚਾਲੇ 10ਵੇਂ ਗੇੜ ਦੀ ਗੱਲਬਾਤ ਹੈ। ਕਾਂਗਰਸ ਉਸ ਨੂੰ ਕਿਸੇ ਤਰ੍ਹਾਂ ਅਸਫਲ ਕਰਨਾ ਚਾਹੁੰਦੀ ਹੈ। ਕਾਂਗਰਸ ਨਹੀਂ ਚਾਹੁੰਦੀ ਕਿ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਹੋਵੇ।

ਕੇਂਦਰੀ ਮੰਤਰੀ ਨੇ ਕਿਹਾ, ‘ਮੈਂ ਰਾਹੁਲ ਗਾਂਧੀ ਨੂੰ ਸਵਾਲ ਪੁੱਛ ਰਿਹਾ ਹਾਂ ਕਿ ਜੇਕਰ ਅੱਜ ਦੇਸ਼ ਦਾ ਕਿਸਾਨ ਗਰੀਬ ਰਿਹਾ ਤਾਂ ਕਿਸ ਨੀਤੀ ਨਾਲ ਗਰੀਬ ਰਿਹਾ? 50 ਸਾਲ ਕਾਂਗਰਸ ਨੇ ਜੋ ਵਿਨਾਸ਼ਕਾਰੀ ਨੀਤੀਆਂ ਚਲਾਈਆਂ, ਉਸ ਦੇ ਚਲਦਿਆਂ ਕਿਸਾਨ ਗਰੀਬ ਰਿਹਾ। ਕਿਸਾਨਾਂ ਦੀ ਉਪਜ ਦਾ ਉਚਿਤ ਮੁੱਲ ਨਹੀਂ ਦਿੱਤਾ ਗਿਆ। ਪ੍ਰਕਾਸ਼ ਜਾਵੇਡਕਰ ਨੇ ਕਿਹਾ ਰਾਹੁਲ ਗਾਂਧੀ ਭਾਜਪਾ ਦੇ ਸਵਾਲਾਂ ਤੋਂ ਭੱਜ ਰਹੇ ਹਨ।