ਸ਼ਿਵ ਸੈਨਾ ਦਾ ਨਾਮ ਅਤੇ ਚੋਣ ਨਿਸ਼ਾਨ ਖਰੀਦਣ ਲਈ ਹੋਇਆ 2000 ਕਰੋੜ ਰੁਪਏ ਦਾ ਸੌਦਾ: ਸੰਜੇ ਰਾਉਤ

ਏਜੰਸੀ

ਖ਼ਬਰਾਂ, ਰਾਜਨੀਤੀ

ਕਿਹਾ : ਮੈਨੂੰ ਸੱਤਾਧਾਰੀ ਪਾਰਟੀ ਦੇ ਕਰੀਬੀ ਬਿਲਡਰ ਨੇ ਸੂਚਿਤ ਕੀਤਾ ਸੀ

Sanjay Raut (file photo)

ਮਹਾਰਾਸ਼ਟਰ : ਊਧਵ ਧੜੇ ਦੇ ਨੇਤਾ ਸੰਜੇ ਰਾਉਤ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਸ਼ਿਵ ਸੈਨਾ ਪਾਰਟੀ ਦਾ ਨਾਮ ਅਤੇ ਇਸ ਦੇ ਧਨੁਸ਼-ਤੀਰ ਦੇ ਚਿੰਨ੍ਹ ਨੂੰ ਖਰੀਦਣ ਲਈ 2000 ਕਰੋੜ ਰੁਪਏ ਦਾ ਸੌਦਾ ਹੋਇਆ ਹੈ। ਹਾਲਾਂਕਿ, ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੇ ਕੈਂਪ ਤੋਂ ਵਿਧਾਇਕ ਸਦਾ ਸਰਵੰਕਰ ਨੇ ਇਸ ਦਾਅਵੇ ਨੂੰ ਰੱਦ ਕਰ ਦਿੱਤਾ ਅਤੇ ਪੁੱਛਿਆ ਕਿ ਕੀ ਸੰਜੇ ਰਾਉਤ ਕੈਸ਼ੀਅਰ ਹਨ?

ਇਹ ਵੀ ਪੜ੍ਹੋ : ਧੁੰਦ ਕਾਰਨ ਖੜ੍ਹੇ ਟਰੱਕ ਨਾਲ ਟਕਰਾਈ ਕਾਰ, ਟਰੱਕ ਡਰਾਈਵਰ ਦੇ ਹੈਲਪਰ ਦੀ ਮੌਤ 

ਰਾਉਤ ਨੇ ਇੱਕ ਟਵੀਟ ਵਿਚ ਦਾਅਵਾ ਕੀਤਾ ਹੈ ਕਿ 2000 ਕਰੋੜ ਰੁਪਏ ਇੱਕ ਸ਼ੁਰੂਆਤੀ ਅੰਕੜਾ ਸੀ ਅਤੇ ਇਹ 100 ਪ੍ਰਤੀਸ਼ਤ ਸੱਚ ਸੀ। ਉਨ੍ਹਾਂ ਨੇ ਪੱਤਰਕਾਰਾਂ ਨੂੰ ਇਹ ਵੀ ਦੱਸਿਆ ਕਿ ਸੱਤਾਧਾਰੀ ਪਾਰਟੀ ਦੇ ਨਜ਼ਦੀਕੀ ਇੱਕ ਬਿਲਡਰ ਨੇ ਉਸ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਹੈ। ਰਾਜ ਸਭਾ ਮੈਂਬਰ ਨੇ ਕਿਹਾ ਕਿ ਉਨ੍ਹਾਂ ਦੇ ਦਾਅਵੇ ਦੇ ਸਮਰਥਨ ਲਈ ਸਬੂਤ ਮੌਜੂਦ ਹਨ, ਜਿਨ੍ਹਾਂ ਦਾ ਉਹ ਜਲਦੀ ਹੀ ਖੁਲਾਸਾ ਕਰਨਗੇ।

ਚੋਣ ਕਮਿਸ਼ਨ ਨੇ ਸ਼ੁਕਰਵਾਰ ਨੂੰ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੇ ਧੜੇ ਦੇ ਹੱਕ ਵਿੱਚ ਫੈਸਲਾ ਲੈਂਦਿਆਂ ਉਨ੍ਹਾਂ ਨੂੰ ਅਸਲੀ ਸ਼ਿਵਸੈਨਾ ਦੇ ਰੂਪ ਵਿਚ ਮਾਨਤਾ ਦਿਤੀ ਅਤੇ ‘ਕਮਾਨ ਅਤੇ ਤੀਰ’ ਚੋਣ ਨਿਸ਼ਾਨ ਅਲਾਟ ਕਰਨ ਦਾ ਹੁਕਮ ਦਿੱਤਾ। ਸੰਗਠਨ ਦੇ ਕੰਟਰੋਲ ਲਈ ਲੰਮੀ ਲੜਾਈ 'ਤੇ 78 ਪੰਨਿਆਂ ਦੇ ਆਦੇਸ਼ ਵਿੱਚ, ਚੋਣ ਕਮਿਸ਼ਨ ਨੇ ਊਧਵ ਠਾਕਰੇ ਧੜੇ ਨੂੰ ਰਾਜ ਵਿੱਚ ਵਿਧਾਨ ਸਭਾ ਉਪ ਚੋਣਾਂ ਦੇ ਮੁਕੰਮਲ ਹੋਣ ਤੱਕ ਅਲਾਟ ਬਲਦੀ ਮਸ਼ਾਲ ਚੋਣ ਨਿਸ਼ਾਨ ਰੱਖਣ ਦੀ ਇਜਾਜ਼ਤ ਦਿੱਤੀ। ਰਾਉਤ ਨੇ ਐਤਵਾਰ ਨੂੰ ਕਿਹਾ ਕਿ ਸ਼ਿਵ ਸੈਨਾ ਦਾ ਨਾਮ ਖਰੀਦਣ ਲਈ 2,000 ਕਰੋੜ ਰੁਪਏ ਕੋਈ ਛੋਟੀ ਰਕਮ ਨਹੀਂ ਹੈ।

ਇਹ ਵੀ ਪੜ੍ਹੋ : ਤਾਮਿਲ ਦੇ ਮਸ਼ਹੂਰ ਕਾਮੇਡੀਅਨ ਮੇਇਲਸਾਮੀ ਦਾ ਦਿਹਾਂਤ

ਉਧਰ ਹੁਣ ਊਧਵ ਠਾਕਰੇ ਚੋਣ ਕਮਿਸ਼ਨ ਦੇ ਇਸ ਫੈਸਲੇ ਖਿਲਾਫ ਸੁਪਰੀਮ ਕੋਰਟ ਜਾਣਗੇ। ਠਾਕਰੇ ਨੇ ਐਤਵਾਰ ਨੂੰ ਆਪਣੇ ਗ੍ਰਹਿ ਮਾਤੋਸ਼੍ਰੀ 'ਤੇ ਪਾਰਟੀ ਨੇਤਾਵਾਂ ਅਤੇ ਵਰਕਰਾਂ ਦੀ ਬੈਠਕ ਬੁਲਾਈ ਹੈ। ਸ਼ਿੰਦੇ ਧੜਾ ਵੀ ਸੁਪਰੀਮ ਕੋਰਟ ਵਿੱਚ ਕੈਵੀਏਟ ਦਾਇਰ ਕਰੇਗਾ। ਯਾਨੀ ਜੇਕਰ ਚੋਣ ਕਮਿਸ਼ਨ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਜਾਂਦੀ ਹੈ ਤਾਂ ਅਦਾਲਤ ਸ਼ਿੰਦੇ ਗਰੁੱਪ ਨੂੰ ਸੁਣੇ ਬਿਨਾਂ ਆਪਣਾ ਫੈਸਲਾ ਨਹੀਂ ਦੇਵੇਗੀ।