ਪ੍ਰਿਅੰਕਾ ਦੀ ਯੋਗੀ ਨੂੰ ਚਿੱਠੀ, ‘ਯੂਪੀ ਦੌਰੇ ਦੌਰਾਨ ਘੱਟ ਰੱਖੀ ਜਾਵੇ ਸੁਰੱਖਿਆ’

ਏਜੰਸੀ

ਖ਼ਬਰਾਂ, ਰਾਜਨੀਤੀ

ਪ੍ਰਿਅੰਕਾ ਨੇ ਯੋਗੀ ਅਦਿੱਤਿਆਨਾਥ ਨੂੰ ਬੇਨਤੀ ਕੀਤੀ ਕਿ ਜਨਤਾ ਦੀ ਸਹੂਲਤ ਨੂੰ ਧਿਆਨ ਵਿਚ ਰੱਖਦੇ ਹੋਏ, ਉਹਨਾਂ ਦੀ ਯਾਤਰਾ ਦੌਰਾਨ ਸੁਰੱਖਿਆ ਘੱਟ ਤੋਂ ਘੱਟ ਰੱਖੀ ਜਾਵੇ।

Priyanka and Yogi Adityanath

ਨਵੀਂ ਦਿੱਲੀ: ਕਾਂਗਰਸ ਜਨਰਲ ਸਕੱਤਰ ਨੇ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੂੰ ਬੇਨਤੀ ਕੀਤੀ ਹੈ ਕਿ ਜਨਤਾ ਦੀ ਸਹੂਲਤ ਨੂੰ ਧਿਆਨ ਵਿਚ ਰੱਖਦੇ ਹੋਏ, ਉਹਨਾਂ ਦੀ ਯਾਤਰਾ ਦੌਰਾਨ ਸੁਰੱਖਿਆ ਘੱਟ ਤੋਂ ਘੱਟ ਰੱਖੀ ਜਾਵੇ। ਯੋਗੀ ਨੂੰ ਬੁੱਧਵਾਰ ਨੂੰ ਭੇਜੀ ਗਈ ਚਿੱਠੀ ਵਿਚ ਪ੍ਰਿਅੰਕਾ ਨੇ ਕਿਹਾ ਕਿ ਉਹ ਅਪਣੀ ਉਤਰ ਪ੍ਰਦੇਸ਼ ਯਾਤਰਾ ਦੌਰਾਨ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਕੀਤੇ ਗਏ ਪ੍ਰਬੰਧਾਂ ਦੀ ਤਾਰੀਫ਼ ਕਰਦੀ ਹੈ ਪਰ ਇਸ ਵਿਚ ਜਨਤਾ ਨੂੰ ਅਸੁਵਿਧਾ ਹੁੰਦੀ ਹੈ ਅਤੇ ਉਹਨਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ।

ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਉਹ ਜਨਤਾ ਦੀ ਸੇਵਕ ਹੈ, ਇਸ ਲਈ ਜਨਤਾ ਨੂੰ ਤਕਲੀਫ਼ ਨਹੀਂ ਹੋਣੀ ਚਾਹੀਦੀ। ਪ੍ਰਿਅੰਕਾ ਨੇ ਕਿਹਾ ਕਿ ਦਿੱਲੀ ਅਤੇ ਹੋਰ ਸੂਬਿਆਂ ਵਿਚ ਅਜਿਹੀ ਸਮੱਸਿਆ ਨਹੀਂ ਹੈ ਅਤੇ ਉਹਨਾਂ ਨਾਲ ਸਿਰਫ਼ ਇਕ ਸੁਰੱਖਿਆ ਵਾਹਨ ਹੀ ਚੱਲਦਾ ਹੈ। ਉਹਨਾਂ ਨੇ ਮੱਖ ਮੰਤਰੀ ਨੂੰ ਬੇਨਤੀ ਕੀਤੀ ਕਿ ਉਹਨਾਂ ਦੀ ਸੁਰੱਖਿਆ ਘੱਟ ਤੋਂ ਘੱਟ ਰੱਖੀ ਜਾਵੇ।

ਉਹਨਾਂ ਕਿਹਾ ਕਿ ਪਿਛਲੀ ਵਾਰ ਜਦੋਂ ਉਹ ਸੋਨੀਆ ਗਾਂਧੀ ਨਾਲ ਰਾਏ ਬਰੇਲੀ ਦੇ ਦੌਰੇ ‘ਤੇ ਆਈ ਸੀ ਤਾਂ ਉਹਨਾਂ ਨਾਲ 22 ਗੱਡੀਆਂ ਦਾ ਕਾਫ਼ਲਾ ਸੀ। ਇਸ ਕਾਰਨ ਲੋਕਾਂ ਨੂੰ ਬਹੁਤ ਪਰੇਸ਼ਾਨੀ ਹੋਈ ਸੀ। ਪ੍ਰਿਅੰਕਾ ਗਾਂਧੀ ਨੇ ਚਿੱਠੀ ਵਿਚ ਲਿਖਿਆ ਕਿ ਉੱਤਰ ਪ੍ਰਦੇਸ਼ ਵਿਚ ਉਹਨਾਂ ਦੇ ਦੌਰੇ ਸਮੇਂ ਹਮੇਸ਼ਾਂ ਟ੍ਰੈਫਿਕ ਨੂੰ ਰੋਕਿਆ ਜਾਂਦਾ ਹੈ, ਜਿਸ ਨਾਲ ਜਨਤਾ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। 

ਦੱਸ ਦਈਏ ਕਿ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਅੱਜ ਉੱਤਰ ਪ੍ਰਦੇਸ਼ ਦੇ ਸੋਨਭਦਰ ਵੀ ਜਾਣਗੇ। ਜਿੱਥੇ ਉਹ ਉਭਾ ਪਿੰਡ ਵਿਚ ਜ਼ਮੀਨੀ ਵਿਵਾਦ ਕਾਰਨ ਹੋਈ ਹਿੰਸਾ ਦੇ ਪੀੜਤਾਂ ਨਾਲ ਮੁਲਾਕਾਤ ਕਰਨਗੇ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਕਾਂਗਰਸ ਨੇ ਪ੍ਰਿਅੰਕਾ ਗਾਂਧੀ ਨੂੰ ਪੂਰੇ ਉੱਤਰ ਪ੍ਰਦੇਸ਼ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਹੈ। ਉਧਰ ਪ੍ਰਿਯੰਕਾ ਗਾਂਧੀ ਨੂੰ ਪੂਰੇ ਸੂਬੇ ਦੀ ਜਿੰਮੇਵਾਰੀ ਦਿੱਤੇ ਜਾਣ ਦੀ ਖ਼ਬਰ ਸੁਣ ਕੇ ਰਾਜ ਕਾਂਗਰਸ ਦਫ਼ਤਰ ਵਿਚ ਪਾਰਟੀ ਆਗੂ ਇਕ ਦੂਜੇ ਨੂੰ ਵਧਾਈਆਂ ਦੇ ਰਹੇ ਸਨ।