ਊਧਵ ਠਾਕਰੇ ’ਚ ਹਿੰਮਤ ਐ ਤਾਂ ਬਿਨਾਂ ਸੁਰੱਖਿਆ ਬੰਗਲੇ ’ਚੋਂ ਨਿਕਲ ਕੇ ਦਿਖਾਏ’’

ਏਜੰਸੀ

ਖ਼ਬਰਾਂ, ਰਾਜਨੀਤੀ

ਓਵੈਸੀ ਵੱਲੋਂ ਸ਼ਿਵ ਸੈਨਾ, ਭਾਜਪਾ ਅਤੇ ਆਰਐਸਐਸ ’ਤੇ ਨਿਸ਼ਾਨਾ

Asaduddin Owaisi and Uddhav Thackeray

ਮੁੰਬਈ: ਮਹਾਰਾਸ਼ਟਰ ਦੇ ਔਰੰਗਾਬਾਦ ਵਿਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਹੈਦਰਾਬਾਦ ਤੋਂ ਸਾਂਸਦ ਅਸਦੂਦੀਨ ਓਵੈਸੀ ਨੇ ਜਿੱਥੇ ਭਾਜਪਾ ਅਤੇ ਸ਼ਿਵ ਸੈਨਾ ਦੇ ’ਤੇ ਨਿਸ਼ਾਨਾ ਸਾਧਿਆ, ਉਥੇ ਹੀ ਉਨ੍ਹਾਂ ਨੇ ਆਰਐਸਐਸ ਨੂੰ ਵੀ ਜਮ ਕੇ ਰਗੜੇ ਲਗਾਏ। ਓਵੈਸੀ ਨੇ ਆਖਿਆ ਕਿ ਪਾਰਲੀਮੈਂਟ ਵਿਚ ਜੇਕਰ ਕੋਈ ਸਾਂਸਦ ਬਿਨਾਂ ਸੁਰੱਖਿਆ ਦੇ ਘੁੰਮਦਾ ਹੈ ਤਾਂ ਉਹ ਓਵੈਸੀ ਹੈ ਜੇਕਰ ਊਧਵ ਠਾਕਰੇ ਵਿਚ ਹਿੰਮਤ ਹੈ ਤਾਂ ਉਹ ਬਿਨਾਂ ਸੁਰੱਖਿਆ ਦੇ ਅਪਣੇ ਬੰਗਲੇ ਵਿਚੋਂ ਨਿਕਲ ਕੇ ਦਿਖਾਏ।

ਇਸ ਦੇ ਨਾਲ ਹੀ ਉੁਨ੍ਹਾਂ ਇਹ ਵੀ ਕਿਹਾ ਕਿ ਉਹ ਜਦੋਂ ਤਕ ਜਿੰਦਾ ਰਹਿਣਗੇ ਉਦੋਂ ਤਕ ਆਰਐਸਐਸ ਦੀ ਸੋਚ ਨੂੰ ਦਫ਼ਨਾਉਂਦੇ ਰਹਿਣਗੇ। ਦੱਸ ਦਈਏ ਕਿ ਇਸ ਤੋਂ ਪਹਿਲਾਂ ਉਨ੍ਹਾਂ ਦਾ ਆਯੁੱਧਿਆ ਕੇਸ ’ਤੇ ਦਿੱਤਾ ਗਿਆ ਬਿਆਨ ਵੀ ਕਾਫ਼ੀ ਚਰਚਾ ਵਿਚ ਹੈ, ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਬਾਬਰੀ ਮਸਜਿਦ ਦਾ ਗਿਰਾਇਆ ਜਾਣਾ ਕਾਨੂੰਨ ਦਾ ਮਜ਼ਾਕ ਸੀ, ਉਨ੍ਹਾਂ ਕਿਹਾ ਕਿ ਮੈਨੂੰ ਨਹੀਂ ਪਤਾ ਕੀ ਫ਼ੈਸਲਾ ਆਏਗਾ ਪਰ ਅਜਿਹਾ ਫ਼ੈਸਲਾ ਆਉਣਾ ਚਾਹੀਦਾ ਹੈ, ਜਿਸ ਨਾਲ ਕਾਨੂੰਨ ਦੇ ਹੱਥ ਮਜ਼ਬੂਤ ਹੋਣ।

ਇਸ ਦੇ ਨਾਲ ਹੀ ਬੀਤੇ ਦਿਨੀਂ ਓਵੈਸੀ ਨੇ ਭਾਜਪਾ ਦੀ ਉਸ ਮੰਗ ‘ਤੇ ਹਮਲਾ ਕੀਤਾ ਸੀ, ਜਿਸ ਵਿਚ ਪਾਰਟੀ ਨੇ ਅਪਣੇ ਮਹਾਰਾਸ਼ਟਰ ਚੁਣਾਵੀ ਘੋਸ਼ਣਾ ਪੱਤਰ ਵਿਚ ਹਿੰਦੂਤਵ ਵਿਚਾਰਕ ਸਾਵਰਕਰ ਨੂੰ ਭਾਰਤ ਰਤਨ ਦੇਣ ਦਾ ਵਾਅਦਾ ਕੀਤਾ ਸੀ। ਭਾਜਪਾ ‘ਤੇ ਨਿਸ਼ਾਨਾ ਲਗਾਉਂਦੇ ਹੋਏ ਉਹਨਾਂ ਨੇ ਕਿਹਾ ਸੀ ਕਿ ਸਿਰਫ਼ ਸਾਵਰਕਰ ਲਈ ਹੀ ਕਿਉਂ, ਮਹਾਤਮਾ ਗਾਂਧੀ ਦੇ ਕਾਤਲ ਨੱਥੂ ਰਾਮ ਗੋਡਸੇ ਲਈ ਵੀ ਭਾਰਤ ਦਾ ਸਭ ਤੋਂ ਉੱਚਾ ਪੁਰਸਕਾਰ ਕਿਉਂ ਨਹੀਂ ਮੰਗਦੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।